‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦੁਬਈ ਚਾਰਟਰਡ ਅਕਾਊਟੈਂਟਸ ਦੇ ਪ੍ਰੋਗਰਾਮ ‘ਤੇ ਬੁਲਾਰੇ ਵਜੋਂ ਜਾ ਰਹੇ ਸੁਧੀਰ ਚੌਧਰੀ ਨੂੰ ਉਸ ਵਕਤ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਦੁਬਈ ਦੀ ਰਾਜਕੁਮਾਰੀ ਨੇ ਸੁਧੀਰ ਚੌਧਰੀ ਨੂੰ ਅੱਤਵਾਦੀ ਐਲਾਨਦਿਆਂ ਮੁਸਲਮਾਨਾਂ, ਸਿੱਖਾਂ ਅਤੇ ਦਲਿਤਾਂ ਦੇ ਕਤ ਲੇਆਮ ਦਾ ਭਾਗੀਦਾਰ ਦੱਸਿਆ, ਜਿਸ ਕਰਕੇ ਸੁਧੀਰ ਦਾ ਦੁਬਈ ਦੌਰਾ ਰੱਦ ਹੋ ਗਿਆ। ਰਾਜਕੁਮਾਰੀ ਦੇ ਇਸ ਪ੍ਰਤੀਕਰਮ ਤੋਂ ਬਾਅਦ ਸੁਧੀਰ ਚੌਧਰੀ ਦਾ ਨਾਮ ਦੌਰੇ ਵਿੱਚੋਂ ਕੱਟ ਦਿੱਤਾ ਗਿਆ।
ਰਾਜਕੁਮਾਰੀ ਨੇ ਟਵੀਟ ਕਰਕੇ ਸੁਧੀਰ ਚੌਧਰੀ ਬਾਰੇ ਕਿਹਾ ਕਿ ਜਦੋਂ ਕੋਈ ਅਪਰਾਧੀ ਸਮਾਜ ਵਿੱਚ ਜ਼ਹਿਰ ਉਗਲਦਾ ਹੈ, ਤਾਂ ਇਹ ਹਿੰਸਾ ਨੂੰ ਸੱਦਾ ਦਿੰਦਾ ਹੈ ਜਿਸ ਨਾਲ ਘਰਾਂ, ਕਾਰੋਬਾਰਾਂ ਅਤੇ ਮਸਜਿਦਾਂ ਨੂੰ ਸਾੜ ਦਿੱਤਾ ਜਾਂਦਾ ਹੈ। ਮੈਂ ਯੂਏਈ ਵਿੱਚ ਅਜਿਹੀ ਨਫ਼ਰਤ ਦਾ ਸਵਾਗਤ ਨਹੀਂ ਕਰਾਂਗੀ। ਉਨ੍ਹਾਂ ਸਵਾਲ ਕੀਤਾ ਕਿ ਯੂਏਈ ਇਸ ਤਰ੍ਹਾਂ ਦੇ ਅੱਤਵਾਦੀ ਨੂੰ ਇੱਥੇ ਕਿਉਂ ਲਿਆ ਰਹੀ ਹੈ।
ਉਨ੍ਹਾਂ ਲਿਖਿਆ ਕਿ ਸਾਲ 2019 ਅਤੇ 2020 ਵਿੱਚ ਸੁਧੀਰ ਚੌਧਰੀ ਨੇ ਜ਼ੀ ਨਿਊਜ਼ ‘ਤੇ ਸਿਟੀਜਨਸ਼ਿਪ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਮੁਸਲਮਾਨਾਂ ਦੇ ਖਿਲਾਫ ਜ਼ਹਿਰ ਉਗਲਣ ਵਾਲੇ ਪ੍ਰੋਗਰਾਮ ਕੀਤੇ ਸਨ। ਚੌਧਰੀ ਵੱਲੋਂ ਸ਼ਾਹੀਨ ਬਾਗ, ਨਵੀਂ ਦਿੱਲੀ ਅਤੇ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਪ੍ਰਦਰਸ਼ਨ ਕਰ ਰਹੇ ਮਸਲਿਮ ਵਿਦਿਆਰਥੀਆਂ ਅਤੇ ਔਰਤਾਂ ਖਿਲਾਫ ਝੂਠੀਆਂ ਕਹਾਣੀਆਂ ਫੈਲਾਈ ਗਈਆਂ ਸਨ। ਸੁਧੀਰ ਚੌਧਰੀ ਆਪਣੇ ਪ੍ਰੋਗਰਾਮਾਂ ਰਾਹੀਂ ਭਾਰਤ ਵਿੱਚ 200 ਮਿਲੀਅਨ ਮੁਸਲਿਮਾਂ ਨੂੰ ਟਾਰਗੇਟ ਕਰਦੇ ਹਨ।