‘ਦ ਖ਼ਾਲਸ ਬਿਊਰੋ : ਰੂਪ ਨਗਰ ਦੇ ਸ਼ਿਵਾਲਿਕ ਸਕੂਲ ਵਿੱਚ ਪੜਦੇ ਨੌਵੀਂ ਦੇ ਵਿਦਿਆਰਥੀ ਨੇ ਸਰਹੰਦ ਨਹਿਰ ਵਿੱਚ ਛਾਲ ਮਾ ਰ ਦਿੱਤੀ। ਮੌਕੇ ਤੇ ਇਕ ਰਾਹਗੀਰ ਵੱਲੋਂ ਨਹਿਰ ਵਿੱਚ ਛਾਲ ਮਾਰ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਪਾਣੀ ਦਾ ਬਹਾਵ ਤੇਜ ਹੋਣ ਕਾਰਨ ਵਿਦਿਆਰਥੀ ਅੱਗੇ ਰੁੜ੍ਹ ਗਿਆ। ਥਾਣਾ ਸਿਟੀ ਰੂਪਨਗਰ ਦੇ ਪੁਲਿਸ ਅਧਿਕਾਰੀ ਖੁਸ਼ਹਾਲ ਸਿੰਘ ਨੇ ਦੱਸਿਆ ਕਿ ਸੁਖਪ੍ਰੀਤ ਸਿੰਘ ਪੁੱਤਰ ਹਰਮਨਜੀਤ ਸਿੰਘ ਵਾਸੀ ਗੁਰੂ ਨਗਰ ਰੂਪਨਗਰ, ਜੋ ਸ਼ਿਵਾਲਿਕ ਪਬਲਿਕ ਸਕੂਲ ਦਾ ਵਿਦਿਆਰਥੀ ਸੀ, ਦਾ ਪਿਤਾ ਅੱਜ ਸਵੇਰੇ ਉਸ ਨੂੰ ਐਕਟਿਵਾ ‘ਤੇ ਸਕੂਲ ਛੱਡਣ ਲਈ ਜਾ ਰਿਹਾ ਸੀ, ਜਦੋਂ ਉਹ ਸਰਹਿੰਦ ਨਹਿਰ ‘ਤੇ ਨਵੇਂ ਪੁਲ ਨੇੜੇ ਪੁੱਜਿਆ ਤਾਂ ਐਕਟਿਵਾ ਦੀ ਸਪੀਡ ਘੱਟ ਹੋਣ ‘ਤੇ ਸੁਖਪ੍ਰੀਤ ਸਿੰਘ ਨੇ ਐਕਟਿਵਾ ਤੋਂ ਉਤਰ ਨਹਿਰ ਵਿੱਚ ਛਾਲ ਮਾਰ ਦਿੱਤੀ। ਪੁਲੀਸ ਵੱਲੋਂ ਪਰਿਵਾਰਕ ਮੈਂਬਰਾਂ ਅਤੇ ਗੋਤਾਖੋਰਾਂ ਦੀ ਮੱਦਦ ਨਾਲ ਨਹਿਰ ਵਿੱਚ ਡੁੱਬੇ ਵਿਦਿਆਰਥੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ। ਸੁਖਪ੍ਰੀਤ ਸਿੰਘ ਦੇ ਪਿਤਾ ਹਰਮਨਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਨੂੰ ਐਲਰਜੀ ਅਤੇ ਚਮੜੀ ਦੀ ਬਿਮਾਰੀ ਹੋਣ ਕਾਰਨ ਉਹ ਕਾਫੀ ਪ੍ਰੇਸ਼ਾਨ ਰਹਿੰਦਾ ਸੀ ।