ਚੰਡੀਗੜ੍ਹ : ਵਿਦਿਆਰਥੀ ਜਥੇਬੰਦੀ ਸੱਥ (sath student organization ) ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਇੱਕ ਪੱਤਰ ਸੌਂਪਿਆ, ਜਿਸ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਉਪ-ਕੁਲਪਤੀ (ਵੀ.ਸੀ.) ਡਾ. ਕਰਮਜੀਤ ਸਿੰਘ ਵੱਲੋਂ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐਸ.ਐਸ.) ਦੇ ਸਮਾਗਮ ਵਿੱਚ ਸ਼ਮੂਲੀਅਤ ਅਤੇ ਸੰਘ ਦੀਆਂ ਨੀਤੀਆਂ ਨੂੰ ਅੱਗੇ ਵਧਾਉਣ ਦੇ ਮਸਲੇ ਨੂੰ ਉਠਾਇਆ ਗਿਆ।
ਸੱਥ ਨੇ ਮੰਗ ਕੀਤੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ 2001, 2002 ਅਤੇ 2004 ਵਿੱਚ ਜਾਰੀ ਸੰਦੇਸ਼ਾਂ ਦੀ ਰੋਸ਼ਨੀ ਵਿੱਚ ਸਿੱਖਾਂ ਨੂੰ ਸਪੱਸ਼ਟ ਕੀਤਾ ਜਾਵੇ ਕਿ ਆਰ.ਐਸ.ਐਸ. ਦੇ ਸਮਾਗਮਾਂ ਵਿੱਚ ਸ਼ਾਮਲ ਹੋਣ ਵਾਲੇ, ਸੰਘ ਨਾਲ ਸਾਂਝ ਰੱਖਣ ਵਾਲੇ ਜਾਂ ਉਸ ਦੀਆਂ ਨੀਤੀਆਂ ਨੂੰ ਅਮਲੀ ਜਾਮਾ ਪਹਿਨਾਉਣ ਵਾਲੇ ਸਿੱਖ ਵਿਅਕਤੀਆਂ ਨਾਲ ਕਿਹੋ ਜਿਹੇ ਸੰਬੰਧ ਰੱਖੇ ਜਾਣ।ਪੱਤਰ ਵਿੱਚ ਜ਼ਿਕਰ ਕੀਤਾ ਗਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ 1969 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਥਾਪਿਤ ਕੀਤੀ ਗਈ ਸੀ। ਇਸ ਦਾ ਮੁੱਖ ਮਕਸਦ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੀ ਰੋਸ਼ਨੀ ਵਿੱਚ ਵਿਲੱਖਣ ਅਕਾਦਮਿਕ ਹੋਂਦ ਸਥਾਪਤ ਕਰਨਾ ਸੀ। ਪਰ ਮੌਜੂਦਾ ਵੀ.ਸੀ. ਡਾ. ਕਰਮਜੀਤ ਸਿੰਘ ਨੇ ਸਿੱਖਾਂ ਦੀ ਨਿਆਰੀ ਪਛਾਣ ਨੂੰ ਨਜ਼ਰਅੰਦਾਜ਼ ਕਰਦਿਆਂ ਆਰ.ਐਸ.ਐਸ. ਦੇ ਮੁਖੀ ਮੋਹਨ ਭਾਗਵਤ ਅੱਗੇ ਪੇਸ਼ ਹੋ ਕੇ ਸੰਘ ਦੇ ਏਜੰਡੇ ਨੂੰ ਅਮਲੀ ਜਾਮਾ ਪਹਿਨਾਉਣ ਦੀ ਰਿਪੋਰਟ ਦਿੱਤੀ।
ਇੱਕ ਵੀਡੀਓ ਵਿੱਚ ਸਪੱਸ਼ਟ ਦਿਖਾਈ ਦਿੰਦਾ ਹੈ ਕਿ ਵੀ.ਸੀ. ਨੇ (1) ਗੁਰੂ ਨਾਨਕ ਦੇਵ ਜੀ ਦੇ ਨਿਆਰੇ ਫਲਸਫੇ ਨੂੰ ਵੈਦਿਕ ਪਰੰਪਰਾ ਨਾਲ ਜੋੜਨ ਦੀ ਵਚਨਬੱਧਤਾ ਜਤਾਈ ਅਤੇ ਸਿੱਖ ਸਟੱਡੀਜ਼ ਦੀ ਚੇਅਰ ਸਥਾਪਤ ਕਰਨ ਦੀ ਗੱਲ ਕੀਤੀ, ਅਤੇ (2) ਯੂਨੀਵਰਸਿਟੀ ਦੇ ਪ੍ਰੀ-ਪੀਐਚ.ਡੀ. ਕੋਰਸਾਂ ਵਿੱਚ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦੀ ਬਜਾਏ ਭਾਰਤੀ ਪਰੰਪਰਾ ਦਾ ਦੋ ਕ੍ਰੈਡਿਟ ਕੋਰਸ ਸ਼ੁਰੂ ਕਰਨ ਦੀ ਰਣਨੀਤੀ ਦੱਸੀ।ਸੱਥ ਨੇ ਪੱਤਰ ਵਿੱਚ ਆਰ.ਐਸ.ਐਸ. ਦੀ ਸਿੱਖ ਵਿਰੋਧੀ ਵਿਚਾਰਧਾਰਾ ਦਾ ਵਿਸਥਾਰ ਨਾਲ ਜ਼ਿਕਰ ਕੀਤਾ। ਆਰ.ਐਸ.ਐਸ., ਜੋ 1925 ਵਿੱਚ ਕੇਸ਼ਵ ਬਾਲੀਰਾਮ ਹੈਡਗੇਵਾਰ ਨੇ ਸਥਾਪਿਤ ਕੀਤੀ, ਦਾ ਮੁੱਖ ਮਕਸਦ ਹਿੰਦੂ ਰਾਸ਼ਟਰ ਦੀ ਸਥਾਪਨਾ ਹੈ।
ਇਹ ਸੰਘ ਘੱਟ-ਗਿਣਤੀ ਕੌਮਾਂ, ਖਾਸਕਰ ਸਿੱਖ ਪੰਥ, ਨੂੰ ਹਿੰਦੂ ਸੱਭਿਆਚਾਰ ਵਿੱਚ ਜਜ਼ਬ ਕਰਕੇ ਉਨ੍ਹਾਂ ਦੀ ਵਿਲੱਖਣ ਪਛਾਣ ਨੂੰ ਮਿਟਾਉਣ ਦੀ ਕੋਸ਼ਿਸ਼ ਕਰਦਾ ਹੈ। 19ਵੀਂ ਸਦੀ ਵਿੱਚ ਸ਼ਰਧਾ ਰਾਮ ਫਿਲੌਰੀ ਅਤੇ ਆਰੀਆ ਸਮਾਜ ਵਰਗੀਆਂ ਸੰਸਥਾਵਾਂ ਨੇ ਵੀ ਸਿੱਖੀ ਨੂੰ ਹਿੰਦੂ ਧਰਮ ਦੀ ਸ਼ਾਖਾ ਵਜੋਂ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ, ਜਿਸ ਦਾ ਖੰਡਨ ਭਾਈ ਕਾਨ੍ਹ ਸਿੰਘ ਨਾਭਾ ਨੇ “ਹਮ ਹਿੰਦੂ ਨਹੀਂ” ਪੁਸਤਕ ਵਿੱਚ ਕੀਤਾ। ਆਰ.ਐਸ.ਐਸ. ਸਿੱਖ ਮਰਿਯਾਦਾ, ਸਿੱਖ ਰਾਜਨੀਤੀ, ਸੱਭਿਆਚਾਰ, ਇਤਿਹਾਸ ਅਤੇ ਗਿਆਨ ਪ੍ਰਬੰਧ ਨੂੰ ਹਿੰਦੂਤਵੀਕਰਣ ਕਰਕੇ ਸਿੱਖ ਪੰਥ ਦੀ ਜੜ੍ਹਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਸ੍ਰੀ ਅਕਾਲ ਤਖਤ ਸਾਹਿਬ ਨੇ ਸਮੇਂ-ਸਮੇਂ ‘ਤੇ ਆਰ.ਐਸ.ਐਸ. ਦੀਆਂ ਸਿੱਖ ਵਿਰੋਧੀ ਗਤੀਵਿਧੀਆਂ ਵਿਰੁੱਧ ਹੁਕਮਨਾਮੇ ਜਾਰੀ ਕੀਤੇ ਹਨ। 1 ਜਨਵਰੀ 2001 ਨੂੰ ਪੰਜ ਸਿੰਘ ਸਾਹਿਬਾਨ ਨੇ ਸੰਘ ਦੀ ਸਿੱਖ ਵਿਰੋਧੀ ਵਿਚਾਰਧਾਰਾ ਦੇ ਵਿਰੁੱਧ ਸੰਘਰਸ਼ ਵਿੱਢਣ ਦਾ ਸੰਦੇਸ਼ ਦਿੱਤਾ। 25 ਦਸੰਬਰ 2002 ਨੂੰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਅਤੇ ਪੰਜ ਸਿੰਘ ਸਾਹਿਬਾਨ ਨੇ ਸਪੱਸ਼ਟ ਕੀਤਾ ਕਿ ਆਰ.ਐਸ.ਐਸ. ਸਿੱਖ ਰਹਿਤ ਮਰਿਯਾਦਾ ਅਤੇ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਦੀ ਹੈ, ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ਸਾਬਤ ਕਰਨ ਦੀ ਕੋਸ਼ਿਸ਼ ਕਰਦੀ ਹੈ। 23 ਜੁਲਾਈ 2004 ਨੂੰ ਵੀ ਸੰਘ ਨੂੰ “ਪੰਥ ਵਿਰੋਧੀ ਸੰਸਥਾ” ਘੋਸ਼ਿਤ ਕੀਤਾ ਗਿਆ।
ਸੱਥ ਨੇ ਜਥੇਦਾਰ ਨੂੰ ਅਪੀਲ ਕੀਤੀ ਕਿ ਡਾ. ਕਰਮਜੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕਰਕੇ ਉਨ੍ਹਾਂ ਦੀਆਂ ਗਤੀਵਿਧੀਆਂ ਦੀ ਪੜਤਾਲ ਕੀਤੀ ਜਾਵੇ। ਪੱਤਰ ਵਿੱਚ ਸਵਾਲ ਉਠਾਇਆ ਗਿਆ ਕਿ ਕੀ ਸਿੱਖ ਅਕਾਦਮਿਕ ਅਦਾਰਿਆਂ ਨੂੰ ਆਰ.ਐਸ.ਐਸ. ਜਾਂ ਮੋਹਨ ਭਾਗਵਤ ਤੋਂ ਪ੍ਰਵਾਨਗੀ ਲੈਣੀ ਪਵੇਗੀ? ਸੱਥ ਨੇ ਮੰਗ ਕੀਤੀ ਕਿ ਸਿੱਖ ਵਿਰੋਧੀ ਜਥੇਬੰਦੀਆਂ ਨਾਲ ਸੰਬੰਧ ਰੱਖਣ ਵਾਲੇ ਵਿਅਕਤੀਆਂ ਦੀ ਜਾਂਚ ਲਈ ਸਿੱਖ ਵਿਦਵਾਨਾਂ ਦੀ ਕਮੇਟੀ ਬਣਾਈ ਜਾਵੇ। ਇਸ ਦੇ ਨਾਲ ਹੀ, ਪੰਜਾਬ ਸਰਕਾਰ ਨੂੰ ਵੀ ਅਜਿਹੇ ਵਿਅਕਤੀਆਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਪੱਤਰ ਵਿੱਚ ਜ਼ਿਕਰ ਹੈ ਕਿ ਆਰ.ਐਸ.ਐਸ. ਸਿੱਖ ਚਿਹਰਿਆਂ ਨੂੰ ਵਰਤ ਕੇ ਸਿੱਖ ਸੰਸਥਾਵਾਂ ਵਿੱਚ ਆਪਣੀ ਵਿਚਾਰਧਾਰਾ ਲਾਗੂ ਕਰਨ ਦੀ ਕੋਸ਼ਿਸ਼ ਕਰਦੀ ਹੈ।
ਵੀ.ਸੀ. ਨੇ ਹਾਲ ਹੀ ਵਿੱਚ ਅਜਿਹੀਆਂ ਨਿਯੁਕਤੀਆਂ ਵੀ ਕੀਤੀਆਂ, ਜੋ ਸਿੱਖੀ ਦੀ ਨਿਆਰੀ ਪਛਾਣ ਨੂੰ ਕਮਜ਼ੋਰ ਕਰਦੀਆਂ ਹਨ। ਸੱਥ ਨੇ ਜਥੇਦਾਰ ਨੂੰ ਬੇਨਤੀ ਕੀਤੀ ਕਿ ਇਸ ਗੰਭੀਰ ਮਸਲੇ ’ਤੇ ਜਲਦ ਕਾਰਵਾਈ ਕੀਤੀ ਜਾਵੇ ਅਤੇ ਸਿੱਖ ਅਦਾਰਿਆਂ ਵਿੱਚ ਆਰ.ਐਸ.ਐਸ. ਦੇ ਪ੍ਰਭਾਵ ਨੂੰ ਰੋਕਣ ਲਈ ਪੁਖਤਾ ਕਦਮ ਚੁੱਕੇ ਜਾਣ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਸਿੱਖ ਸਫਾਂ ਵਿੱਚ ਵਿਚਰਨ ਵਾਲੇ ਕਈ ਵਿਅਕਤੀ ਆਰ.ਐਸ.ਐਸ. ਦੇ ਸਮਾਗਮਾਂ ਵਿੱਚ ਸ਼ਾਮਲ ਹੁੰਦੇ ਦੇਖੇ ਗਏ ਹਨ। ਸੱਥ ਨੇ ਅਪੀਲ ਕੀਤੀ ਕਿ ਦੇਸ਼-ਵਿਦੇਸ਼ ਵਿੱਚ ਸਥਾਪਿਤ ਸਿੱਖ ਚੇਅਰਾਂ ’ਤੇ ਹੋ ਰਹੀਆਂ ਖੋਜਾਂ ਦੀ ਵੀ ਪੜਚੋਲ ਕੀਤੀ ਜਾਵੇ, ਤਾਂ ਜੋ ਸਿੱਖੀ ਦੀ ਵਿਲੱਖਣਤਾ ਨੂੰ ਬਰਕਰਾਰ ਰੱਖਿਆ ਜਾ ਸਕੇ।