ਬਿਊਰੋ ਰਿਪੋਰਟ (ਲੁਧਿਆਣਾ, 10 ਨਵੰਬਰ 2025): ਲੁਧਿਆਣਾ ਵਿੱਚ ਡੀਜੀਪੀ ਟ੍ਰੈਫਿਕ ਏ.ਐੱਸ. ਰਾਏ ਦੀ ਪ੍ਰਧਾਨਗੀ ਹੇਠ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਵਿੱਚ ਪੰਜਾਬ ਦੇ ਸਾਰੇ ਡੀਐੱਸਪੀ ਅਤੇ ਐੱਸਪੀ ਟ੍ਰੈਫਿਕ ਅਧਿਕਾਰੀ ਸ਼ਾਮਲ ਹੋਏ। ਮੀਟਿੰਗ ਦਾ ਮੁੱਖ ਮਕਸਦ ਡੀਜੀਪੀ ਪੰਜਾਬ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਅਤੇ ਪੂਰੇ ਸੂਬੇ ਵਿੱਚ ਮੋਡੀਫਾਈਡ ਵਾਹਨਾਂ ਦੇ ਖ਼ਿਲਾਫ਼ ਇੱਕੋ ਜਿਹੀ ਕਾਰਵਾਈ ਨੂੰ ਯਕੀਨੀ ਬਣਾਉਣਾ ਸੀ।
ਡੀਜੀਪੀ ਰਾਏ ਨੇ ਦੱਸਿਆ ਕਿ ਕੁਝ ਜ਼ਿਲ੍ਹਿਆਂ ਵਿੱਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਸੰਤੋਖਜਨਕ ਹੈ, ਪਰ ਕੁਝ ਖੇਤਰਾਂ ਵਿੱਚ ਮੋਡੀਫਾਈਡ ਵਾਹਨਾਂ ਵਿਰੁੱਧ ਕਾਰਵਾਈ ਪ੍ਰਭਾਵਸ਼ਾਲੀ ਨਹੀਂ ਹੋ ਪਾ ਰਹੀ ਸੀ। ਇਸੇ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ, ਮੀਟਿੰਗ ਵਿੱਚ ਸਾਰੇ ਅਧਿਕਾਰੀਆਂ ਨੂੰ ਡੀਜੀਪੀ ਦਫ਼ਤਰ ਤੋਂ ਜਾਰੀ ਮੋਡੀਫਿਕੇਸ਼ਨ ਸੰਬੰਧੀ ਸਰਕੂਲਰ ਦਾ ਹਰ ਜ਼ਿਲ੍ਹੇ ਵਿੱਚ ਸਖ਼ਤੀ ਨਾਲ ਪਾਲਣ ਯਕੀਨੀ ਬਣਾਉਣ ਦੇ ਸਪੱਸ਼ਟ ਨਿਰਦੇਸ਼ ਦਿੱਤੇ ਗਏ।
ਗੱਡੀ ਵਿੱਚ ਬਦਲਾਅ ਨਹੀਂ ਕਰ ਸਕਦੇ ਮਾਲਕ
ਡੀਜੀਪੀ ਨੇ ਮੋਟਰ ਵਹੀਕਲ ਐਕਟ ਦੀ ਧਾਰਾ 52 ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕੋਈ ਵੀ ਵਾਹਨ ਮਾਲਕ ਆਪਣੀ ਗੱਡੀ ਵਿੱਚ ਅਜਿਹਾ ਬਦਲਾਅ ਨਹੀਂ ਕਰ ਸਕਦਾ, ਜਿਸ ਨਾਲ ਉਸਦੇ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰਸੀ) ਵਿੱਚ ਦਰਜ ਵੇਰਵੇ ਬਦਲ ਜਾਣ। ਇਸ ਵਿੱਚ ਵਾਧੂ ਲਾਈਟਾਂ, ਸਾਈਲੈਂਸਰ, ਹਾਈ ਵੋਲਟੇਜ ਲਾਈਟਾਂ, ਲੋ-ਲੈਵਲ ਟਾਇਰ ਅਤੇ ਹੋਰ ਐਕਸੈਸਰੀਜ਼ ਸ਼ਾਮਲ ਹਨ।
ਡੀਜੀਪੀ ਰਾਏ ਨੇ ਸਪੱਸ਼ਟ ਕੀਤਾ ਕਿ ਮੋਟਰ ਇੰਸਪੈਕਟਰ ਵੱਲੋਂ ਪਾਸ ਕੀਤੇ ਗਏ ਵਾਹਨ ਵਿੱਚ ਬਾਅਦ ਵਿੱਚ ਕੋਈ ਵੀ ਵਾਧੂ ਬਦਲਾਅ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਅਜਿਹੀਆਂ ਮੋਡੀਫਾਈਡ ਗੱਡੀਆਂ ਨਾ ਸਿਰਫ਼ ਟ੍ਰੈਫਿਕ ਪ੍ਰਣਾਲੀ ਵਿੱਚ ਰੁਕਾਵਟ ਪਾਉਂਦੀਆਂ ਹਨ, ਸਗੋਂ ਕਈ ਵਾਰ ਗੰਭੀਰ ਹਾਦਸਿਆਂ ਦਾ ਕਾਰਨ ਵੀ ਬਣਦੀਆਂ ਹਨ।
ਮੋਡੀਫਾਈਡ ਕਰਨ ਵਾਲਿਆਂ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ
ਡੀਜੀਪੀ ਟ੍ਰੈਫਿਕ ਏ.ਐੱਸ. ਰਾਏ ਨੇ ਇਹ ਵੀ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ‘ਪੀਟਰ’ ਅਤੇ ‘ਘੜੁੱਕਾ’ ਵਰਗੇ ਨਾਵਾਂ ਨਾਲ ਜਾਣੀਆਂ ਜਾਂਦੀਆਂ ਖ਼ਤਰਨਾਕ ਢੰਗ ਨਾਲ ਮੋਡੀਫਾਈਡ ਗੱਡੀਆਂ ਨੂੰ ਵੀ ਇਸ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਖਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਹ ਅੱਗੇ ਦੱਸਦੇ ਹਨ ਕਿ ਇਸ ਸਬੰਧ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਪਹਿਲਾਂ ਵੀ ਕਈ ਜਾਗਰੂਕਤਾ ਕੈਂਪ ਅਤੇ ਸਿੱਖਿਆ ਮੁਹਿੰਮਾਂ ਚਲਾਈਆਂ ਗਈਆਂ ਸਨ।
ਇਹ ਮੀਟਿੰਗ ਉਸ ਪ੍ਰਕਿਰਿਆ ਦਾ ਅਗਲਾ ਪੜਾਅ ਹੈ, ਜਿਸਦਾ ਮਕਸਦ ਨਵੇਂ ਸਰਕੂਲਰ ਦਾ ਪੂਰੇ ਸੂਬੇ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਪਾਲਣ ਯਕੀਨੀ ਬਣਾਉਣਾ ਹੈ। ਡੀਜੀਪੀ ਰਾਏ ਨੇ ਸਾਰੇ ਅਧਿਕਾਰੀਆਂ ਨੂੰ ਸੂਬੇ ਦੀ ਟ੍ਰੈਫਿਕ ਪ੍ਰਣਾਲੀ ਨੂੰ ਹੋਰ ਬਿਹਤਰ ਬਣਾਉਣ ਅਤੇ ਮੋਡੀਫਾਈਡ ਗੱਡੀਆਂ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦਾ ਪੂਰਨ ਹੱਲ ਯਕੀਨੀ ਬਣਾਉਣ ਦੀ ਅਪੀਲ ਕੀਤੀ।

