ਬਿਊਰੋ ਰਿਪੋਰਟ (ਸ੍ਰੀ ਆਨੰਦਪੁਰ ਸਾਹਿਬ, 15 ਸਤੰਬਰ 2025): ਸ੍ਰੀ ਆਨੰਦਪੁਰ ਸਾਹਿਬ ਤੋਂ ਵਿਧਾਇਕ ਮਾਲਵਿੰਦਰ ਸਿੰਘ ਕੰਗ ਨੇ ਭਾਰਤ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਸ੍ਰੀ ਨਨਕਾਣਾ ਸਾਹਿਬ ਜਾਣ ਵਾਲੇ ਸਿੱਖ ਜਥੇ ਨੂੰ ਰੋਕਣ ਦੇ ਫ਼ੈਸਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।
ਉਨ੍ਹਾਂ ਕਿਹਾ ਕਿ ਇੱਕ ਪਾਸੇ ਭਾਰਤ ਦੀ ਟੀਮ ਪਾਕਿਸਤਾਨ ਨਾਲ ਮੈਚ ਖੇਡ ਰਹੀ ਹੈ ਕਿਉਂਕਿ ਉੱਥੇ ਵੱਡੇ ਲੋਕਾਂ ਦੇ ਆਪਣੇ ਆਰਥਿਕ ਤੇ ਕਾਰੋਬਾਰੀ ਹਿੱਤ ਸ਼ਾਮਲ ਹਨ, ਪਰ ਦੂਜੇ ਪਾਸੇ ਜਿੱਥੇ ਲੋਕ ਆਪਣੀ ਆਸਥਾ ਤੇ ਸ਼ਰਧਾ ਨਾਲ ਨਤਮਸਤਕ ਹੋਣ ਜਾਂਦੇ ਹਨ, ਉਸ ਧਾਰਮਿਕ ਯਾਤਰਾ ਨੂੰ ਰੋਕਣਾ ਸਭ ਤੋਂ ਮੰਦਭਾਗਾ ਫ਼ੈਸਲਾ ਹੈ।
ਉਨ੍ਹਾਂ ਯਾਦ ਦਿਵਾਇਆ ਕਿ 1965 ਤੇ 1971 ਦੀਆਂ ਜੰਗਾਂ ਦੌਰਾਨ ਵੀ ਹਾਲਾਤ ਬਹੁਤ ਮਾੜੇ ਸਨ ਪਰ ਧਾਰਮਿਕ ਆਸਥਾ ਤੇ ਸ਼ਰਧਾ ਰੱਖਣ ਵਾਲੇ ਲੋਕਾਂ ਨੂੰ ਕਦੇ ਨਹੀਂ ਰੋਕਿਆ ਗਿਆ।
ਮਾਲਵਿੰਦਰ ਸਿੰਘ ਕੰਗ ਨੇ ਇਲਜ਼ਾਮ ਲਗਾਇਆ ਕਿ ਜਦੋਂ ਵੀ ਸਿੱਖਾਂ, ਪੰਜਾਬੀਆਂ ਅਤੇ ਗੁਰੂਆਂ ਨਾਲ ਸਬੰਧਿਤ ਗੱਲ ਆਉਂਦੀ ਹੈ, ਕੇਂਦਰ ਦੀ ਬੀਜੇਪੀ ਸਰਕਾਰ ਹਮੇਸ਼ਾਂ ਵਿਤਕਰੇ ਵਾਲਾ ਰਵੱਈਆ ਅਪਣਾਉਂਦੀ ਹੈ।
ਉਨ੍ਹਾਂ ਮੰਗ ਕੀਤੀ ਕਿ ਭਾਰਤ ਸਰਕਾਰ ਤੁਰੰਤ ਇਸ ਫ਼ੈਸਲੇ ਨੂੰ ਵਾਪਸ ਲਏ ਅਤੇ ਸਿੱਖ ਸ਼ਰਧਾਲੂਆਂ ਨੂੰ ਸ੍ਰੀ ਨਨਕਾਣਾ ਸਾਹਿਬ ਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਉਹ ਨਤਮਸਤਕ ਹੋ ਸਕਣ ਅਤੇ ਭਾਈਚਾਰੇ ਦਾ ਸੁਨੇਹਾ ਦੇ ਸਕਣ।