ਲੁਧਿਆਣਾ ਹਸਪਤਾਲ ਤੋਂ ਦਿਨ ਦਿਹਾੜੇ ਚੋਰੀ ਹੋਏ ਚਾਰ ਦਿਨ ਦੇ ਬੱਚਾ ਬਰਾਮਦ ਕਰ ਲਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਨਵਜਾਤ ਬੱਚੇ ਨੂੰ ਚੋਰੀ ਕਰ ਕੇ ਲੈ ਜਾਣ ਵਾਲੀ ਔਰਤ ਅਤੇ ਉਸਦੇ ਪਤੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਸਾਹਿਲ ਅਤੇ ਪ੍ਰੀਤੀ ਦੇ ਨਾਂਅ ਵਜੋਂ ਹੋਈ ਹੈ। ਪੁਲਿਸ ਨੇ ਜੋੜੇ ਨੂੰ ਭਾਮੀਆਂ ਕਲਾਂ ਸਥਿਤ ਉਨ੍ਹਾਂ ਦੇ ਘਰੋਂ ਗ੍ਰਿਫ਼ਤਾਰ ਕੀਤਾ ਹੈ।
ਜਾਣਕਾਰੀ ਅਨੁਸਾਰ ਲੁਧਿਆਣਾ ਦੇ ਸਿਵਲ ਹਲਪਤਾਲ ਦੇ ਜੱਚਾ ਬੱਚਾ ਕੇਂਦਰ ਵਿੱਚੋਂ ਚੋਰੀ ਹੋਏ ਬੱਚੇ ਨੂੰ ਸਿਰਫ 10 ਘੰਟਿਆਂ ਦੇ ਵਿੱਚ ਬਰਾਮਦ ਕਰ ਲਿਆ ਹੈ। ਬੱਚੇ ਨੂੰ ਅਗਵਾ ਕਰਨ ਵਾਲੀ ਮਹਿਲਾ ਖੁਦ ਵੀ ਇੱਕ ਨਿੱਜੀ ਹਸਪਤਾਲ ਵਿੱਚ ਕੰਮ ਕਰਦੀ ਹੈ। ਮੁਲਜ਼ਮਾਂ ਨੇ ਆਪਣੀ ਨਾਬਾਲਗ ਧੀ ਨੂੰ ਬੱਚੇ ਨੂੰ ਅਗਵਾ ਕਰਨ ਲਈ ਵਰਤਿਆ ਹੈ। ਸਿਹਤ ਖ਼ਰਾਬ ਹੋਣ ਦੇ ਬਹਾਨੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਸ ਤੋਂ ਬਾਅਦ ਬੱਚਾ ਚੋਰੀ ਹੋ ਗਿਆ। ਪੁਲਿਸ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਵਿੱਚ ਲੱਗੀ ਹੋਈ ਹੈ।
ਇੰਝ ਦਿੱਤਾ ਕਾਰੇ ਨੂੰ ਅੰਜ਼ਾਮ
ਉਸ ਨੇ ਬੇਟੀ ਦੇ ਬੀਮਾਰ ਹੋਣ ਦਾ ਬਹਾਨਾ ਬਣਾ ਕੇ ਨਾਬਾਲਗ ਬੇਟੀ ਨੂੰ ਦੇਰ ਰਾਤ ਹਸਪਤਾਲ ਦਾਖਲ ਕਰਵਾਇਆ। ਇਸ ਤੋਂ ਬਾਅਦ ਮੁਲਜ਼ਮ ਇਧਰ-ਉਧਰ ਘੁੰਮਦਾ ਰਿਹਾ ਅਤੇ ਸਟਾਫ ਨਰਸ ਨੂੰ ਗੁੰਮਰਾਹ ਕਰਕੇ ਵਾਰਡ ਵਿੱਚ ਚਲਾ ਗਿਆ। ਇਸੇ ਦੌਰਾਨ ਮੁਲਜ਼ਮ ਪ੍ਰੀਤੀ ਸ਼ਬਨਮ ਕੋਲ ਗਈ ਅਤੇ ਉੱਥੇ ਗੱਲ ਕਰਨ ਲੱਗੀ। ਉਹ ਬੱਚੇ ਨੂੰ ਦੁੱਧ ਪਿਲਾਉਣ ਦੇ ਬਹਾਨੇ ਉੱਥੋਂ ਚਲੀ ਗਈ। ਇੰਨਾ ਹੀ ਨਹੀਂ, ਉਹ ਕੁਝ ਦੇਰ ਹਸਪਤਾਲ ‘ਚ ਰਹੇ ਅਤੇ ਜਾਂਚ ਕੀਤੀ ਕਿ ਕਿਤੇ ਕੋਈ ਰੌਲਾ ਤਾਂ ਨਹੀਂ ਪਿਆ। ਜਦੋਂ ਸਭ ਕੁੱਝ ਸ਼ਾਂਤ ਲੱਗਿਆ ਤਾਂ ਮੁਲਜ਼ਮ ਆਪਣੇ ਬਾਈਕ ’ਤੇ ਸਿੱਧਾ ਘਰ ਪਹੁੰਚ ਗਿਆ।
ਸੀਸੀਟੀਵੀ ਕੈਮਰੇ ਵਿੱਚ ਖੁੱਲਿਆ ਰਾਜ਼
ਪੁਲਿਸ ਨੇ ਸਿਵਲ ਹਸਪਤਾਲ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਉਸ ਵਿੱਚ ਔਰਤ ਬੱਚੇ ਸਮੇਤ ਫੜੀ ਗਈ। ਉਹ ਬੱਚੇ ਨੂੰ ਬਾਈਕ ‘ਤੇ ਲੈ ਕੇ ਜਾਂਦੇ ਵੀ ਦੇਖਿਆ ਗਿਆ। ਪੁਲਿਸ ਨੇ ਬਾਈਕ ਦਾ ਨੰਬਰ ਪਤਾ ਕੀਤਾ ਅਤੇ ਦੋਸ਼ੀ ਤੱਕ ਪਹੁੰਚ ਕੀਤੀ। ਮੁਲਜ਼ਮ ਬੱਚੇ ਨਾਲ ਘਰ ਬੈਠੇ ਸਨ।
ਪੰਜ ਲੱਖ ਰੁਪਏ ਵਿੱਚ ਬੱਚੇ ਨੂੰ ਖਰੀਦਣ ਦੀ ਗੱਲ
ਮੁਲਜ਼ਮ ਪ੍ਰੀਤੀ ਨੂੰ ਹਸਪਤਾਲ ਵਿੱਚ ਹੀ ਕੋਈ ਵਿਅਕਤੀ ਮਿਲਿਆ ਸੀ, ਜਿਸ ਨੇ ਬੱਚੇ ਨੂੰ ਖਰੀਦਣ ਦੀ ਗੱਲ ਕੀਤੀ ਸੀ। ਪੰਜ ਲੱਖ ਰੁਪਏ ਦੇਣ ਦੀ ਗੱਲ ਵੀ ਕਹੀ ਸੀ। ਪ੍ਰੀਤੀ ਨੇ ਇਕ-ਦੋ ਦਿਨ ਬੱਚੇ ਦੀ ਦੇਖਭਾਲ ਕਰਨੀ ਸੀ ਅਤੇ ਉਸ ਤੋਂ ਬਾਅਦ ਖਰੀਦਦਾਰ ਬੱਚੇ ਨੂੰ ਲੈ ਜਾਵੇਗਾ। ਪੁਲਿਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਬੱਚੇ ਨੂੰ ਕਿਸ ਨੇ ਖਰੀਦਣਾ ਸੀ ਅਤੇ ਕੀ ਪਹਿਲਾਂ ਵੀ ਕੋਈ ਬੱਚਾ ਚੋਰੀ ਹੋਇਆ ਸੀ?
ਦੱਸ ਦਈਏ ਕਿ ਲੰਘੇ ਕੱਲ੍ਹ ਲੁਧਿਆਣਾ ਦੇ ਸਿਵਲ ਹਸਪਤਾਲ ‘ਚੋਂ ਇੱਕ ਔਰਤ ਤਿੰਨ ਦਿਨਾਂ ਨਵਜੰਮੇ ਬੱਚਾ ਚੋਰੀ ਕਰਕੇ ਫਰਾਰ ਹੋ ਗਈ ਸੀ। ਇਸ ਤੋਂ ਬਾਅਦ ਸਰਕਾਰੀ ਹਸਪਤਾਲ ਵਿੱਚ ਹਫੜਾ-ਦਫੜੀ ਮੱਚ ਗਈ ਸੀ। ਔਰਤ ਖੇਡਣ ਦੇ ਬਹਾਨੇ ਬੱਚੇ ਨੂੰ ਚੁੱਕ ਕੇ ਲੈ ਗਈ ਸੀ ਅਤੇ ਮੌਕਾ ਦੇਖ ਕੇ ਰਾਤ ਨੂੰ ਉਕਤ ਵਿਅਕਤੀ ਸਮੇਤ ਫਰਾਰ ਹੋ ਗਈ ਸੀ।