The Khalas Tv Blog Punjab ‘ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਦੀ ਜਾਂਚ ਪਹਿਲੇ ਦਿਨ ਤੋਂ ਸਹੀ ਨਹੀਂ ਚੱਲੀ’
Punjab

‘ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਦੀ ਜਾਂਚ ਪਹਿਲੇ ਦਿਨ ਤੋਂ ਸਹੀ ਨਹੀਂ ਚੱਲੀ’

‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਪੰਜਾਬ ਪੁਲਿਸ ਦੇ ਆਈਜੀ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਲਈ ਬਣਾਈ ਪਹਿਲੀ ਸਿੱਟ ਦੇ ਮੁਖੀ ਰਣਬੀਰ ਸਿੰਘ ਖੱਟੜਾ ਨੇ ਦਾਅਵਾ ਕੀਤਾ ਹੈ ਕਿ ਜਾਂਚ ਪਹਿਲੇ ਦਿਨ ਤੋਂ ਸਹੀ ਨਹੀਂ ਚੱਲ ਸਕੀ। ਪੰਜਾਬ ਪੁਲਿਸ ‘ਤੇ ਲੋਕਾਂ ਦਾ ਭਰੋਸਾ ਨਾ ਹੋਣ ਕਾਰਨ ਜਾਂਚ ਸੀਬੀਆਈ ਨੂੰ ਸੌਂਪਣੀ ਪਈ ਸੀ। ਇੱਥੋਂ ਤੱਕ ਕਿ ਲੋਕ ਸਿਆਸੀ ਅਤੇ ਧਾਰਮਿਕ ਨੇਤਾਵਾਂ ਉੱਤੇ ਵੀ ਵਿਸ਼ਵਾਸ ਕਰਨ ਨੂੰ ਤਿਆਰ ਨਹੀਂ ਸਨ। ਸਾਬਕਾ ਪੁਲਿਸ ਮੁਖੀ ਨੇ ਇਹ ਬਿਆਨ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸੱਦੀ ਗਈ ਮੀਟਿੰਗ ਵਿੱਚ ਰਿਕਾਰਡ ਕਰਵਾਏ ਸਨ। ਇਹ ਰਿਕਾਰਡਿੰਗ ਅੱਜ ਜਨਤਕ ਕੀਤੀ ਗਈ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੀਟਿੰਗ ਤੋਂ ਬਾਅਦ ਹੀ ਖੱਟੜਾ ਦੀ ਰਿਕਾਰਡਿੰਗ ਲੋਕਾਂ ਦੀ ਕਚਹਿਰੀ ਵਿੱਚ ਰੱਖਣ ਦਾ ਵਾਅਦਾ ਕੀਤਾ ਸੀ।

ਰਿਕਾਡਿੰਗ ਵਿੱਚ ਸੌਦਾ ਸਾਧ ਦੇ ਪ੍ਰੇਮੀਆਂ ਦੀ ਬੇਅਦਬੀਆਂ ਦੀਆਂ ਘਟਨਾਵਾਂ ਵਿੱਚ ਸ਼ਮੂਲੀਅਤ ਤੋਂ ਵੀ ਪਰਦਾ ਚੁੱਕਿਆ ਗਿਆ ਹੈ। ਪੁਲਿਸ ਅਫ਼ਸਰ ਨੇ ਦਾਅਵਾ ਕੀਤਾ ਕਿ ਰਿਕਾਰਡਿੰਗ ਵਿੱਚ ਉਹ ਕੁੱਝ ਹੀ ਦਰਜ ਕਰਵਾਇਆ ਜਾ ਰਿਹਾ ਹੈ ਜਿਹੜਾ ਉਨ੍ਹਾਂ ਨੇ ਅਦਾਲਤ ਵਿੱਚ ਪੇਸ਼ ਕੀਤੇ ਚਲਾਨ ਵਿੱਚ ਦੱਸਿਆ ਸੀ। ਜਥੇਦਾਰ ਅਕਾਲ ਤਖਤ ਨੇ ਬੇਅਦਬੀ ਦੀਆਂ ਘਟਨਾਵਾਂ ਨਾਲ ਜੁੜੇ ਦੋਸ਼ੀਆਂ ਨੂੰ ਤਿੰਨ ਵਰਗਾਂ ਵਿੱਚ ਵੰਡ ਦਿੱਤਾ ਹੈ।

ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਲੰਘੇ ਕੱਲ੍ਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਦਿਆਂ ‘ਤੇ ਸਿੱਖ ਜਥੇਬੰਦੀਆਂ ਦੀ ਇੱਕ ਵਿਸ਼ੇਸ਼ ਇਕੱਤਰਤਾ ਹੋਈ ਸੀ। ਇਸ ਮੌਕੇ ਸਿੱਖ ਪੰਥ ਦੀਆਂ ਦੀ ਮਹਾਨ ਸ਼ਖ਼ਸੀਅਤਾਂ ਸ਼ਾਮਿਲ ਹੋਈਆਂ, ਜਿਨ੍ਹਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ, ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਸਮੇਤ ਹੋਰ ਸ਼ਖ਼ਸੀਅਤਾਂ ਸ਼ਾਮਿਲ ਸਨ। ਇਹ ਇਕੱਤਰਤਾ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਗਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਹੋਈ। ਇਸ ਮੌਕੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਇਕੱਤਰਤਾ ਦੀ ਸਟੇਜ ਸੰਭਾਲੀ।

ਇਹ ਵੀ ਸ਼ਾਇਦ ਬਹੁਤ ਘੱਟ ਹੁੰਦਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬੰਦ ਕਮਰੇ ਵਿੱਚ ਕੀਤੀ ਗਈ ਬੈਠਕ ਦੀ ਸਾਰੀ ਕਾਰਵਾਈ ਜਨਤਕ ਕੀਤੀ ਹੋਵੇ। ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਉਸ ਬੈਠਕ ਦੀ ਸਾਰੀ ਫਿਲਮ ਰਿਲੀਜ਼ ਕੀਤੀ ਗਈ ਹੈ।

ਸਾਬਕਾ ਆਈਪੀਐੱਸ ਰਣਬੀਰ ਸਿੰਘ ਖੱਟੜਾ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮਾਮਲੇ ਬਾਰੇ ਖੁਲਾਸਾ ਕਰਦਿਆਂ ਦੱਸਿਆ ਕਿ ਜਦੋਂ ਬਰਗਾੜੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਉਸ ਸਮੇਂ ਦੀ ਸਰਕਾਰ, ਗ੍ਰਹਿ ਮੰਤਰੀ, ਡੀਜੀਪੀ ਨੇ ਮੈਨੂੰ 30 ਨਵੰਬਰ 2015 ਵਿੱਚ ਇਸ ਮਾਮਲੇ ਦੀ ਜਾਂਚ ਸੌਂਪੀ ਸੀ। ਮੈਂ ਅਤੇ ਮੇਰੀ ਟੀਮ ਨੇ ਗੁਰੂ ਸਾਹਿਬ ਨੂੰ ਹਾਜ਼ਰ-ਨਾਜ਼ਰ ਜਾਣ ਕੇ ਬਹੁਤ ਹੀ ਸੰਜੀਦਗੀ ਦੇ ਨਾਲ ਇਸ ਜਾਂਚ ਨੂੰ ਸਿਰੇ ਲਾਇਆ। ਬਰਗਾੜੀ ਵਿੱਚ ਪਹਿਲੇ ਦਿਨ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਬਰਗਾੜੀ ਦੀਆਂ ਗਲੀਆਂ ਵਿੱਚ ਖਿੰਡਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ SGPC ਦੇ ਮਰਹੂਮ ਲੋਕਲ ਮੈਂਬਰ ਨੇ ਇਨ੍ਹਾਂ ਅੰਗਾਂ ਨੂੰ ਬਹੁਤ ਸਤਿਕਾਰ ਦੇ ਨਾਲ ਬਰਗਾੜੀ ਦੀਆਂ ਗਲੀਆਂ ਵਿੱਚੋਂ ਚੁੱਕ ਕੇ ਗੁਰਦੁਆਰਾ ਸਾਹਿਬ ਵਿਖੇ ਸੁਸ਼ੋਭਿਤ ਕੀਤਾ। ਇਕੱਲਾ-ਇਕੱਲਾ ਅੰਗ ਗਿਣ ਕੇ ਉਨ੍ਹਾਂ ਨੂੰ ਉੱਥੇ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਕੀਤਾ।

ਉਨ੍ਹਾਂ ਕਿਹਾ ਕਿ ਕੁੱਝ ਕੁ ਘੰਟਿਆਂ ਬਾਅਦ ਕੁੱਝ ਵਿਅਕਤੀਆਂ ਜਿਨ੍ਹਾਂ ਨੇ ਹੱਥਾਂ ਵਿੱਚ ਤਲਵਾਰਾਂ ਫੜ੍ਹੀਆਂ ਹੋਈਆਂ ਸਨ, ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਖੇ ਆ ਕੇ ਪਹਿਲਾਂ ਗੁਰਦੁਆਰਾ ਸਾਹਿਬ ਦੇ ਮੈਨੇਜਰ, ਫਿਰ SGPC ਦੇ ਮੈਂਬਰ ਨੂੰ ਧੱਕੇ ਮਾਰੇ। ਜਿਹੜੇ ਅੰਗ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਕੀਤੇ ਗਏ ਸਨ, ਉਨ੍ਹਾਂ ਨੂੰ ਟਰਾਲੀ ਵਿੱਚ ਸੁਸ਼ੋਭਿਤ ਕਰਕੇ ਕੋਟਕਪੂਰਾ ਚੌਂਕ ਵਿੱਚ ਲਿਜਾ ਕੇ ਬੈਠ ਗਏ। ਉੱਥੇ ਉਨ੍ਹਾਂ ਕਿਹਾ ਕਿ ਸਾਡੇ ਦੋਸ਼ੀ ਇੱਥੇ ਲੱਭ ਕੇ ਦਿਉ। ਹਾਲਾਂਕਿ, ਦੋਸ਼ੀਆਂ ਨੂੰ ਸਵਾ-ਸਾਢੇ ਤਿੰਨ ਸਾਲ ਬਾਅਦ ਦੇਸ਼ ਦੇ ਵੱਖ-ਵੱਖ ਖੁੰਝਿਆਂ ਤੋਂ ਲੱਭੇ ਗਏ। ਮੈਂ ਸਾਰੀ ਰਾਤ ਉਸ ਸਮੇਂ ਕੋਟਕਪੂਰਾ ਚੌਂਕ ਵਿੱਚ ਜੋ ਸੰਗਤ ਬੈਠੀ ਸੀ, ਉਨ੍ਹਾਂ ਨੂੰ ਉੱਥੋਂ ਉੱਠਣ ਦੀਆਂ ਮਿੰਨਤਾਂ-ਤਰਲੇ ਕਰ ਰਿਹਾ ਸੀ। ਮੈਂ ਉਨ੍ਹਾਂ ਨੂੰ ਕਿਹਾ ਕਿ ਅਸੀਂ ਦੋਸ਼ੀਆਂ ਨੂੰ ਲੱਭਾਂਗੇ। ਪੁਲਿਸ ਨੇ 12 ਤਰੀਕ ਨੂੰ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ। ਜਦੋਂ ਪੁਲਿਸ ਉਨ੍ਹਾਂ ਨੂੰ ਫੜ੍ਹਨ ਗਈ ਤਾਂ ਰੁਪਿੰਦਰ ਖਾਲਸਾ ਨੇ ਚੌਂਕ ਵਿੱਚ ਪਾਲਕੀ ਛੱਡ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਲਪੇਟ ਕੇ ਆਪਣੀਆਂ ਜੇਬਾਂ ਵਿੱਚ ਪਾ ਕੇ ਉੱਥੋਂ ਭੱਜ ਗਏ। ਸਾਨੂੰ ਉਨ੍ਹਾਂ ਲੋਕਾਂ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਕਢਵਾਉਣ ਲਈ ਤਿੰਨ ਦਿਨ ਲੱਗ ਗਏ। ਉਸੇ ਕਰਕੇ ਸਾਡੀ ਜਾਂਚ ਕੁਰਾਹੇ ਪੈ ਗਈ। ਤਿੰਨ ਦਿਨਾਂ ਤੋਂ ਬਾਅਦ ਉਨ੍ਹਾਂ ਕੋਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਕਢਵਾਏ। ਇਹੀ ਕਾਰਨ ਸੀ ਕਿ ਜਾਂਚ ਪਹਿਲੇ ਦਿਨ ਤੋਂ ਸਹੀ ਲਾਈਨ ‘ਤੇ ਨਹੀਂ ਚੱਲ ਸਕੀ ਸੀ।

ਜਦੋਂ ਸਾਰੇ ਪੰਜਾਬ ਦਾ ਮਾਹੌਲ ਗਰਮ ਹੋਇਆ ਤਾਂ ਉਸ ਸਮੇਂ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਸਨ, ਚਾਹੇ ਉਹ ਸਿਆਸੀ ਜਾਂ ਧਾਰਮਿਕ ਹੋਣ, ਉਨ੍ਹਾਂ ਮੰਗ ਕੀਤੀ ਕਿ ਪੰਜਾਬ ਪੁਲਿਸ ਕੋਲੋਂ ਕੁੱਝ ਵੀ ਨਹੀਂ ਹੋਣਾ, ਜਾਂਚ ਸੀਬੀਆਈ ਨੂੰ ਦਿੱਤੀ ਜਾਵੇ। ਪੰਜ ਕੇਸ ਜਿਨ੍ਹਾਂ ਵਿੱਚ 1 ਜੂਨ, 2015 ਨੂੰ ਵਾਪਰੇ ਬੁਰਜ ਜਵਾਹਰਸਿੰਘ ਵਾਲਾ ਕੇਸ (ਐੱਫਆਈਆਰ ਨੰਬਰ 63), ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਚੋਰੀ ਕੀਤਾ ਗਿਆ। ਦੂਜੀ ਘਟਨਾ 24-25 ਸਤੰਬਰ, 2015 ਨੂੰ ਬਰਗਾੜੀ ਅਤੇ ਬੁਰਜ ਜਵਾਹਰਸਿੰਘਵਾਲਾ ਵਿੱਚ ਭੱਦੇ ਅਤੇ ਅਸੱਭਿਅਕ ਪੋਸਟਰ ਲਗਾਏ ਗਏ, ਜਿਸ ਵਿੱਚ ਲਿਖਿਆ ਸੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਅਸੀਂ ਚੁੱਕਿਆ ਹੈ, ਜੇ ਤੁਹਾਡੇ ‘ਚ ਦਮ ਹੈ ਤਾਂ ਕਢਾ ਲਉ, ਨਹੀਂ ਤਾਂ 15 ਦਿਨਾਂ ਵਿੱਚ ਅਸੀਂ ਬਰਗਾੜੀ ਦੀਆਂ ਗਲੀਆਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਖਿੰਡਾ ਦਿਆਂਗੇ।

ਤੀਜਾ ਕੇਸ 11-12 ਅਕਤੂਬਰ, 2015 ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਬਰਗਾੜੀ ਦੀਆਂ ਗਲੀਆਂ ਵਿੱਚ ਖਿੰਡਾ ਦਿੱਤੇ ਸਨ। ਇਹ ਕੇਸ ਐੱਫਆਈਆਰ ਨੰਬਰ 128 ਨੰਬਰ ਤਹਿਤ ਦਰਜ ਕੀਤਾ ਗਿਆ।

ਚੌਥਾ ਕੇਸ ਗੁਰੂ ਸਾਹਿਬ ਭਗਤਾ ਵਿੱਚ 19-20 ਅਕਤੂਬਰ, 2015 ਨੂੰ ਵਾਪਰਿਆ। ਉਸ ਤੋਂ 12-13 ਦਿਨਾਂ ਬਾਅਦ ਮੱਲ ਕੇ ਬਾਘਾਪੁਰਾਣਾ ਵਿੱਚ ਵਾਪਰੀ। ਇਨ੍ਹਾਂ ਪੰਜ ਘਟਨਾਵਾਂ ਦੀ ਸਿਫਾਰਸ਼ ਮੈਂ ਉਸ ਸਮੇਂ ਦੀ ਸਰਕਾਰ, ਗ੍ਰਹਿ ਮੰਤਰੀ ਨੂੰ ਕੀਤੀ ਸੀ। ਤਿੰਨ ਕੇਸ ਜਿਨ੍ਹਾਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਹੋਣ ਵਾਲਾ, ਪੋਸਟਰ ਲੱਗਣੇ ਅਤੇ ਬਰਗਾੜੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਖਿੱਲਰਣ ਵਾਲੇ ਕੇਸ ਸੀਬੀਆਈ ਨੂੰ ਦਿੱਤੇ ਗਏ। ਬਾਕੀ ਦੋ ਕੇਸ ਪੰਜਾਬ ਪੁਲਿਸ ਨੂੰ ਦਿੱਤੇ ਗਏ। ਇਹ ਸਾਰੀਆਂ ਘਟਨਾਵਾਂ 20-25 ਕਿਲੋਮੀਟਰ ਦੇ ਖੇਤਰ ਵਿੱਚ ਹੋਈਆਂ ਹਨ। ਇਨ੍ਹਾਂ ਪੰਜਾਂ ਕੇਸਾਂ ਵਿੱਚ ਜ਼ੁਲਮ ਕਰਨ ਦਾ ਟੀਚਾ ਇੱਕੋ ਸੀ।

ਪਿਛਲੇ ਸਾਲ 6 ਜੁਲਾਈ ਨੂੰ ਜਦੋਂ ਮੈਂ ਜਾਂਚ ਦਾ ਚਲਾਨ ਪੇਸ਼ ਕੀਤਾ ਸੀ, ਉਸ ਵਿੱਚ ਮੈਂ ਇਹ ਸਾਰੀਆਂ ਘਟਨਾਵਾਂ ਦਾ ਵਰਨਣ ਕੀਤਾ ਸੀ। ਉਸ ਸਮੇਂ ਡੇਰਾ ਪ੍ਰੇਮੀਆਂ ਦੇ ਖਿਲਾਫ ਬਾਈਕਾਟ ਦਾ ਸੱਦਾ ਗਿਆ। ਡੇਰੇ ਵਿੱਚ ਮੀਟਿੰਗਾਂ ਹੋਈਆਂ। ਇਨ੍ਹਾਂ ਦੀ ਪਹਿਲੀ ਮੀਟਿੰਗ ਕਮਰਾ ਨੰਬਰ ਚਾਰ, ਐਡਮ ਬਲਾਕ ਪੁਰਾਨਾ ਵਿੱਚ ਹੋਈ। ਉੱਥੇ ਇਨ੍ਹਾਂ ਨੇ ਆਪਣੇ ਬੰਦਿਆਂ ਦੀਆਂ ਡਿਊਟੀਆਂ ਲਗਾਈਆਂ। ਇਹ ਡਿਊਟੀਆਂ ਇਸ ਕਰਕੇ ਲਾਈਆਂ ਗਈਆਂ ਸਨ ਕਿਉਂਕਿ ਡੇਰਾ ਮੁਖੀ ਰਾਮ ਰਹੀਮ ਦੀ ਫਿਲਮ MSG ਜਨਵਰੀ ਮਹੀਨੇ ਵਿੱਚ ਸਾਰੇ ਹਿੰਦੁਸਤਾਨ ਵਿੱਚ ਰਿਲੀਜ਼ ਹੋਈ ਸੀ ਪਰ ਪੰਜਾਬ ਵਿੱਚ ਇਹ ਫ਼ਿਲਮ ਨਹੀਂ ਚੱਲੀ, ਜਿਸ ਤੋਂ ਉਹ ਖ਼ਫ਼ਾ ਸੀ। ਉਸ ਮੀਟਿੰਗ ਤੋਂ ਬਾਅਦ ਇਨ੍ਹਾਂ ਨੇ ਪਹਿਲਾਂ ਬਲਜੀਤ ਸਿੰਘ ਦਾਦੂਵਾਲ ਨੂੰ ਮਾਰਨ ਦਾ ਪਲੈਨ ਬਣਾਇਆ, ਜੋ ਸਿਰੇ ਨਾ ਚੜ੍ਹ ਸਕਿਆ।

ਉਸ ਤੋਂ ਬਾਅਦ ਹਰਜਿੰਦਰ ਸਿੰਘ ਮਾਝੀ ਨਾਂ ਦੇ ਇੱਕ ਸਿੱਖ ਪ੍ਰਚਾਰਕ ਨੇ 20, 21 ਅਤੇ 22 ਮਾਰਚ ਨੂੰ ਬੁਰਜ ਜਵਾਹਰਸਿੰਘਵਾਲਾ ਵਿੱਚ ਆਪਣਾ ਦੀਵਾਨ ਰੱਖਿਆ, ਜਿਸਦਾ ਡੇਰਾ ਪ੍ਰੇਮੀਆਂ ਨੇ ਵਿਰੋਧ ਕੀਤਾ। ਉਸ ਸਮੇਂ ਪੁਲਿਸ ਨੇ ਮਾਹੌਲ ਨੂੰ ਸ਼ਾਂਤ ਕੀਤਾ। ਦੋ ਦਿਨ ਸਹੀ ਰਹੇ, ਤੀਸਰੇ ਅਖੀਰਲੇ ਦਿਨ ਡੇਰਾ ਪ੍ਰੇਮੀਆਂ ਨੇ ਆਪਣੇ ਵੱਡਿਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਵਿਉਂਤ ਬਣਾਈ। ਡੇਰਾ ਪ੍ਰੇਮੀ ਡੇਰੇ ਦੇ ਨਾਲ ਸੰਪਰਕ ਵਿੱਚ ਰਹੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਵਿਉਂਤਬੰਦੀ ਕੀਤੀ ਗਈ।

ਡੇਰਾ ਪ੍ਰੇਮੀਆਂ ਨੇ 1 ਜੂਨ, 2015 ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਚੋਰੀ ਕੀਤਾ। ਸਰੂਪ ਨੂੰ ਚੋਰੀ ਕਰਕੇ ਉਨ੍ਹਾਂ ਨੇ ਸਰੂਪ ਨੂੰ ਤਿੰਨ ਮਹੀਨੇ ਦੱਬੀ ਰੱਖਿਆ। ਸਤੰਬਰ 2015 ਨੂੰ ਫਿਰ MSG 2 ਫਿਲਮ ਰਿਲੀਜ਼ ਹੁੰਦੀ ਹੈ, ਜੋ ਕਿ ਪੰਜਾਬ ਵਿੱਚ ਫਿਰ ਰਿਲੀਜ਼ ਨਹੀਂ ਹੋਈ। ਉਸ ਤੋਂ ਬਾਅਦ ਪੋਸਟਰ ਲਗਾਏ ਜਾਂਦੇ ਹਨ। ਉਸ ਤੋਂ ਬਾਅਦ ਡੇਰੇ ਤੋਂ ਰਾਮ ਰਹੀਮ ਦਾ ਮੁਆਫੀਨਾਮਾ ਆ ਜਾਂਦਾ ਹੈ। 4 ਅਕਤੂਬਰ, 2015 ਨੂੰ ਇਹ ਸਾਰੇ ਫੇਰ ਡੇਰੇ ਵਿੱਚ ਇਕੱਠੇ ਹੁੰਦੇ ਹਨ। ਇਹ ਸਾਰੀਆਂ ਗੱਲਾਂ ਇਨ੍ਹਾਂ ਨੇ ਕੋਰਟ ਵਿੱਚ ਮੰਨੀਆਂ ਹੋਈਆਂ ਹਨ। 28 ਡੇਰਾ ਪ੍ਰੇਮੀਆਂ ਨੂੰ ਪੰਜਾਂ ਕੇਸਾਂ ਵਿੱਚ ਗ੍ਰਿਫਤਾਰ ਕੀਤਾ ਗਿਆ।

ਖੱਟੜਾ ਨੇ ਕਿਹਾ ਕਿ ਇਹ ਗੱਲਾਂ ਮੈਂ ਐਵੇਂ ਨਹੀਂ ਕਹੀਆਂ। ਇਹ ਸਭ ਕੁੱਝ ਮੈਂ 63 ਨੰਬਰ ਚਲਾਨ ਵਿੱਚ ਲਿਖੀਆਂ ਹੋਈਆਂ ਹਨ, ਜੋ ਕਿ ਕੋਰਟ ਵੱਲੋਂ ਮਨਜ਼ੂਰ ਵੀ ਹੈ ਅਤੇ ਹਾਲੇ ਵੀ ਕੋਰਟ ਵਿੱਚ ਪਿਆ ਹੈ।

Exit mobile version