‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੀਜੇਪੀ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਕਿਹਾ ਕਿ ‘ਕਿਸਾਨ ਲੀਡਰ ਬੇਈਮਾਨ ਹਨ। ਹੁਣ ਇਨ੍ਹਾਂ ਨੂੰ ਮੀਡੀਆ ਕਵਰੇਜ ਮਿਲਣੀ ਬੰਦ ਹੋ ਗਈ ਹੈ, ਇਸ ਲਈ ਇਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਕਾਨੂੰਨ ਰੱਦ ਕਰਨ ਦੀ ਚਿੱਠੀ ਲਿਖ ਦਿੱਤੀ ਹੈ। ਕਿਸਾਨਾਂ ਦੀ ਸਰਕਾਰ ਦੇ ਨਾਲ ਇੰਨੀ ਵਾਰ ਮੀਟਿੰਗ ਹੋਈ ਹੈ ਪਰ ਇਹ ਕਦੇ ਇਹ ਮੂੰਹ ‘ਤੇ ਉਂਗਲੀ ਰੱਖ ਲੈਂਦੇ ਹਨ, ਕਦੇ ਹੱਥਾਂ ਵਿੱਚ Yes or No ਦਾ ਤਖਤਾ ਫੜ੍ਹ ਕੇ ਬੈਠ ਜਾਂਦੇ ਹਨ, ਕਦੇ ਕੁਰਸੀਆਂ ਘੁਮਾ ਕੇ ਬੈਠ ਜਾਂਦੇ ਹਨ, ਇਹ ਕੋਈ ਗੱਲਬਾਤ ਕਰਨ ਦਾ ਤਰੀਕਾ ਨਹੀਂ ਹੈ। ਇਹ ਤਾਂ ਸਾਡੇ ਮੰਤਰੀਆਂ ਦੀ ਸਹਿਣਸ਼ੀਲਤਾ ਹੈ ਕਿ ਉਨ੍ਹਾਂ ਨੇ ਇੱਕ ਵੀ ਸ਼ਬਦ ਨਹੀਂ ਕਿਹਾ ਅਤੇ ਕਿਸਾਨਾਂ ਦੀ ਗੱਲ ਦਾ ਜਵਾਬ ਦਿੱਤਾ। ਇਸ ਲਈ ਕਿਸਾਨਾਂ ਨੂੰ ਹੁਣ ਕੋਈ ਪੁੱਛ ਨਹੀਂ ਰਿਹਾ, ਮੀਡੀਆ ਵੀ ਇਨ੍ਹਾਂ ਦੀ ਕਵਰੇਜ ਨਹੀਂ ਕਰ ਰਿਹਾ, ਇਸ ਲਈ ਇਨ੍ਹਾਂ ਨੇ ਚਿੱਠੀ ਪ੍ਰਧਾਨ ਮੰਤਰੀ ਨੂੰ ਲਿਖ ਦਿੱਤੀ ਹੈ’।
ਗਰੇਵਾਲ ਨੇ ਕਿਹਾ ਕਿ ‘ਕਿਸਾਨ ਨਵਾਂ ਪ੍ਰਸਤਾਵ ਕੋਈ ਨਹੀਂ ਲਿਆਏ। ਕਿਸਾਨਾਂ ਦੀ ਮੀਟਿੰਗ ਤਾਂ ਉਦੋਂ ਹੋਵੇਗੀ ਜਦੋਂ ਇਹ ਗੱਲਬਾਤ ਦਾ ਮਾਹੌਲ ਬਣਾਉਣਗੇ। ਅਸੀਂ 10-10 ਵਾਰ ਖੇਤੀ ਕਾਨੂੰਨ ਪੜ੍ਹ ਲਏ, ਸਾਨੂੰ ਕੋਈ ਬੁਰੀ ਗੱਲ ਨਹੀਂ ਲੱਭੀ। ਮੋਦੀ ਦੇ ਕਾਨੂੰਨ ਤਾਂ ਕਿਸਾਨਾਂ ਨੂੰ ਕਿਤੇ ਵੀ ਆਪਣੀ ਫਸਲ ਵੇਚਣ ਦੀ ਖੁੱਲ੍ਹ ਦਿੰਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ 18-20 ਸੰਗਠਨ ਕੇਂਦਰ ਸਰਕਾਰ ਨਾਲ ਸਹਿਮਤ ਹੋ ਗਏ ਹਨ। ਗਰੇਵਾਲ ਨੇ ਕਿਹਾ ਕਿ ਜੇ ਕਾਮਰੇਡਾਂ ਨੂੰ ਵਿੱਚੋਂ ਕੱਢਿਆ ਜਾਵੇ ਅਤੇ ਕਿਸਾਨ ਸਿੱਧਾ ਆ ਕੇ ਸਰਕਾਰ ਨਾਲ ਗੱਲ ਕਰਨ ਤਾਂ ਮਸਲੇ ਦਾ ਹੱਲ ਨਿਕਲ ਆਵੇਗਾ।