‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤੀ ਰੁਪਏ ਤੋਂ ਬਾਅਦ ਹੁਣ ਪਾਕਿਸਤਾਨੀ ਰੁਪਇਆ ਡਾਲਰ ਦੇ ਮੁਕਾਬਲੇ 226 ਉੱਤੇ ਪਹੁੰਚ ਗਿਆ ਹੈ। ਪਾਕਿਸਤਾਨੀ ਰੁਪਇਆ ਡਾਲਰ ਦੇ ਮੁਕਾਬਲੇ ਹੁਣ ਤੱਕ ਦੇ ਸਭ ਤੋਂ ਨੀਵੇਂ ਪੱਧਰ ਉੱਤੇ ਆ ਗਿਆ ਹੈ। ਸਟੇਟ ਬੈਂਕ ਆਫ਼ ਪਾਕਿਸਤਾਨ ਦਾ ਕਹਿਣਾ ਹੈ ਕਿ ਪਾਕਿਸਤਾਨੀ ਰੁਪਏ ਵਿੱਚ ਉਤਰਾਅ-ਚੜਾਅ ਬਾਜ਼ਾਰ ਤੈਅ ਕਰਦਾ ਹੈ।
ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ਦਾ ਟੁੱਟਣਾ ਇੱਕ ਅਜਿਹੀ ਘਟਨਾ ਹੈ ਜੋ ਦੁਨੀਆ ਭਰ ਦੀ ਕਰੰਸੀ ਦੇ ਨਾਲ ਹੋ ਰਹੀ ਹੈ। ਵਿਸ਼ਵ ਪੱਧਰ ਉੱਤੇ ਅਮਰੀਕੀ ਡਾਲਰ ਛੇ ਮਹੀਨਿਆਂ ਵਿੱਚ 12 ਫ਼ੀਸਦੀ ਵੱਧ ਕੇ ਆਪਣੇ 20 ਸਾਲ ਦੇ ਉੱਚ ਪੱਧਰ ਉੱਤੇ ਪਹੁੰਚ ਗਿਆ ਹੈ ਕਿਉਂਕਿ ਅਮਰੀਕਾ ਦਾ ਫੈਡਰਲ ਰਿਜ਼ਰਵ ਸਿਸਟਮ ਨੇ ਵੱਧਦੀ ਮਹਿੰਗਾਈ ਨੂੰ ਦੇਖਦਿਆਂ ਤੇਜ਼ੀ ਨਾਲ ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ।
ਬੈਂਕ ਦਾ ਕਹਿਣਾ ਹੈ ਕਿ 21 ਦਸੰਬਰ ਤੋਂ ਬਾਅਦ ਰੁਪਇਆ ਅਮਰੀਕੀ ਡਾਲਰ ਦੇ ਮੁਕਾਬਲੇ ਟੁੱਟ ਰਿਹਾ ਹੈ। ਇਸ ਮਿਆਦ ਵਿੱਚ ਰੁਪਏ ਵਿੱਚ 18 ਫ਼ੀਸਦੀ ਦੀ ਗਿਰਾਵਟ ਆਈ ਹੈ।
ਪਾਕਿਸਤਾਨੀ ਰੁਪਏ ਦੇ ਟੁੱਟਣ ਤੋਂ ਬਾਅਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸ਼ਾਹਬਾਜ਼ ਸ਼ਰੀਫ਼ ਉੱਤੇ ਨਿਸ਼ਾਨਾ ਕੱਸਿਆ ਹੈ। ਇਮਰਾਨ ਖ਼ਾਨ ਨੇ ਕਿਹਾ ਕਿ ਉਨ੍ਹਾਂ ਦੇ ਸਮੇਂ ਪਾਕਿਸਤਾਨੀ ਰੁਪਇਆ ਡਾਲਰ ਦੇ ਮੁਕਾਬਲੇ 178 ਉੱਤੇ ਸੀ ਜਦਕਿ ਅੱਜ ਇਹ 224 ਰੁਪਏ ਉੱਤੇ ਹੈ। ਬਾਵਜੂਦ ਇਸਦੇ ਸਰਕਾਰ ਨੇ ਆਈਐੱਮਐਫ ਨਾਲ ਸਮਝੌਤਾ ਕੀਤਾ ਹੈ। ਦੇਸ਼ ਵਿੱਚ ਆਰਥਿਕ ਮੰਦੀ ਤੋਂ ਪਤਾ ਚੱਲਦਾ ਹੈ ਕਿ ਸ਼ਰੀਫ ਪਰਿਵਾਰ ਨੂੰ ਕਦੇ ਵੀ ਅਰਥ ਵਿਵਸਥਾ ਜਾਂ ਪ੍ਰਸ਼ਾਸਨ ਚਲਾਉਣ ਦਾ ਤਜ਼ਰਬਾ ਨਹੀਂ ਹੈ। ਉਨ੍ਹਾਂ ਨੂੰ ਲੁੱਟ ਮਾਰ, ਮਨੀ ਲਾਂਡਰਿੰਗ ਕਰਨਾ ਆਉਂਦਾ ਹੈ।
ਜਾਣਕਾਰੀ ਮੁਤਾਬਕ ਸਾਲ 2013 ਵਿੱਚ ਪਾਕਿਸਤਾਨ ਉੱਤੇ 60 ਅਰਬ ਡਾਲਰ ਦਾ ਵਿਦੇਸ਼ੀ ਕਰਜ਼ ਸੀ, ਜੋ ਸਾਲ 2022 ਵਿੱਚ ਵੱਧ ਕੇ 135 ਅਰਬ ਡਾਲਰ ਹੋ ਗਿਆ ਹੈ। ਇਸ ਤੋਂ ਇਲਾਵਾ 12 ਮਹੀਨਿਆਂ ਵਿੱਚ 18 ਅਰਬ ਦਾ ਭੁਗਤਾਨ ਕਰਨਾ ਹੈ ਜਦਕਿ ਆਈਐੱਮਐੱਫ ਨੇ ਹਾਲੇ 1.17 ਅਰਬ ਡਾਲਰ ਜਾਰੀ ਨਹੀਂ ਕੀਤੇ ਹਨ।