‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੰਮ੍ਰਿਤਸਰ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਨੇੜੇ ਚੱਲ ਰਹੀ ਜੋੜਾ ਘਰ ਦੇ ਨਿਰਮਾਣ ਦੀ ਸੇਵਾ ਦੌਰਾਨ ਖੁਦਾਈ ਕਰਦਿਆਂ ਇੱਕ ਇਮਾਰਤ ਦਾ ਪੁਰਾਣਾ ਢਾਂਚਾ ਲੱਭਿਆ ਹੈ, ਜਿਸਨੂੰ ਸੁਰੰਗ ਵੀ ਕਿਹਾ ਜਾ ਰਿਹਾ ਹੈ। ਇਸ ਸੁਰੰਗ ਨੂੰ ਲੈ ਕੇ ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਆਹਮੋ-ਸਾਹਮਣੇ ਹੋ ਗਏ। ਦੋਵਾਂ ਧਿਰਾਂ ਵਿਚਾਲੇ ਚੱਲੀ ਲੰਮੀ ਬਹਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਖੁਦਾਈ ਦਾ ਕੰਮ ਅਗਲੇ ਹੁਕਮਾਂ ਤੱਕ ਰੁਕਵਾ ਦਿੱਤਾ ਹੈ।
ਭਾਈ ਵਡਾਲਾ ਨੇ ਮੰਗ ਕੀਤੀ ਕਿ ਇਹ ਸੁਰੰਗ ਇਤਿਹਾਸਕ ਅਤੇ ਗੁਰੂ ਸਾਹਿਬ ਨਾਲ ਸਬੰਧਤ ਜਾਪਦੀ ਹੈ, ਇਸ ਲਈ ਇਸ ਸੁਰੰਗ ਨੂੰ ਪੁਰਾਤੱਤਵ ਸਰਵੇਖਣ ਵਿਭਾਗ ਦੀ ਟੀਮ ਦੀ ਮਦਦ ਨਾਲ ਪੁੱਟਿਆ ਜਾਣਾ ਚਾਹੀਦਾ ਹੈ ਅਤੇ ਇਸ ਦੀ ਸੱਚਾਈ ਸੰਗਤ ਨੂੰ ਦੱਸੀ ਜਾਣੀ ਚਾਹੀਦੀ ਹੈ। ਭਾਈ ਵਡਾਲਾ ਨੇ ਕਿਹਾ ਕਿ ਨਾਨਕਸ਼ਾਹੀ ਇੱਟਾਂ ਨਾਲ ਬਣੀ ਇਸ ਸੁਰੰਗ ਦੇ ਕਮਰੇ ਬਣੇ ਹੋਏ ਜਾਪਦੇ ਹਨ। ਇਸ ਕਾਰਨ ਇਸ ਦੀ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਗੁਰੂ ਸਾਹਿਬ ਨਾਲ ਸਬੰਧਤ ਯਾਦਗਾਰਾਂ ਨੂੰ ਖਤਮ ਕਰਨਾ ਚਾਹੁੰਦੀ ਹੈ। ਸਿੱਖ ਕੌਮ ਅਤੇ ਸੰਪਰਦਾ ਇਸ ਨੂੰ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਸ ਸੁਰੰਗ ਦੀ ਸੱਚਾਈ ਬਾਰੇ ਪਤਾ ਨਹੀਂ ਲੱਗਦਾ, ਉਦੋਂ ਤੱਕ ਉਹ ਹੋਰ ਉਸਾਰੀ ਕਾਰਜਾਂ ਦੀ ਆਗਿਆ ਨਹੀਂ ਦੇਣਗੇ।
ਸ਼੍ਰੋਮਣੀ ਕਮੇਟੀ ਅਤੇ ਕਾਰ ਸੇਵਾ ਵਾਲੇ ਬਾਬਾ ਦੇ ਸਮਰਥਕਾਂ ਨੇ ਇਸ ਸੁਰੰਗ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਝਗੜਾ ਹੋ ਗਿਆ। ਇਸ ਤੋਂ ਬਾਅਦ ਐੱਸਡੀਐੱਮ ਵਿਕਾਸ ਹੀਰਾ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਮੌਕੇ ‘ਤੇ ਪਹੁੰਚੇ ਅਤੇ ਅਗਲੇ ਹੁਕਮਾਂ ਤੱਕ ਚੱਲ ਰਹੇ ਕੰਮ ਨੂੰ ਰੋਕ ਦਿੱਤਾ।
ਮੌਕੇ ‘ਤੇ ਭਾਰੀ ਪੁਲਿਸ ਫੋਰਸ ਲੈ ਕੇ ਪਹੁੰਚੇ ਐੱਸਡੀਐੱਮ ਵਿਕਾਸ ਹੀਰਾ ਨੇ ਦੱਸਿਆ ਕਿ ਪ੍ਰਸ਼ਾਸਨ ਦੇ ਅਗਲੇ ਹੁਕਮਾਂ ਤੱਕ ਇੱਥੇ ਹਰ ਤਰ੍ਹਾਂ ਦੇ ਨਿਰਮਾਣ ਕਾਰਜਾਂ ‘ਤੇ ਪਾਬੰਦੀ ਲਗਾਈ ਗਈ ਹੈ। ਸੁਰੱਖਿਆ ਕਰਮਚਾਰੀ ਵੀ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਸੰਗਤ ਦੀ ਮੰਗ ਨੂੰ ਮੁੱਖ ਰੱਖਦਿਆਂ ਧਰਤੀ ਹੇਠੋਂ ਮਿਲੀ ਸੁਰੰਗ ਦੀ ਸੱਚਾਈ ਦਾ ਪਤਾ ਲਗਾਏਗਾ।