The Khalas Tv Blog Punjab ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ, 20 ਟਨ ਫੁੱਲਾਂ ਨਾਲ ਸਜਿਆ ਸ੍ਰੀ ਦਰਬਾਰ ਸਾਹਿਬ, ਦੇਖੋ ਦਿਲ ਛੂਹ ਲੈਣ ਵਾਲੀਆਂ ਤਸਵੀਰਾਂ…
Punjab Religion

ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ, 20 ਟਨ ਫੁੱਲਾਂ ਨਾਲ ਸਜਿਆ ਸ੍ਰੀ ਦਰਬਾਰ ਸਾਹਿਬ, ਦੇਖੋ ਦਿਲ ਛੂਹ ਲੈਣ ਵਾਲੀਆਂ ਤਸਵੀਰਾਂ…

ਅੰਮ੍ਰਿਤਸਰ : ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸਮਾਗਮਾਂ ਦੌਰਾਨ ਬੀਤੇ ਕੱਲ੍ਹ ਤੋਂ ਲੱਖਾਂ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜ ਰਹੀਆਂ ਹਨ। ਪ੍ਰਕਾਸ਼ ਗੁਰਪੁਰਬ ਅੱਜ 30 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਮੌਕੇ ‘ਤੇ ਇੱਥੇ ਸ੍ਰੀ ਦਰਬਾਰ ਸਾਹਿਬ ਨਾਲ ਸੰਬੰਧਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ, ਜਿਸ ਮਗਰੋਂ ਪੰਥ ਪ੍ਰਸਿੱਧ ਰਾਗੀ ਢਾਡੀ ਜਥੇ ਗੁਰੂ ਜਸ ਗਾਇਨ ਕਰਨਗੇ।

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਨੂੰ ਫੁੱਲਾਂ ਅਤੇ ਸੁੰਦਰ ਲਾਈਟਾਂ ਨਾਲ ਸਜਾਇਆ ਗਿਆ ਹੈ। ਹਰਿਮੰਦਰ ਸਾਹਿਬ ਦੇ ਨਾਲ-ਨਾਲ ਅੰਮ੍ਰਿਤਸਰ ਨੂੰ ਵੀ ਰੌਸ਼ਨੀਆਂ ਨਾਲ ਸਜਾਇਆ ਗਿਆ। ਰਾਤ 12 ਵਜੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾਲੂਆਂ ਨੇ ਆਤਿਸ਼ਬਾਜ਼ੀ ਚਲਾ ਕੇ ਗੁਰੂ ਉਤਸਵ ਦੀ ਸ਼ੁਰੂਆਤ ਕੀਤੀ।

ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਦੁਨੀਆ ਭਰ ਤੋਂ 2 ਲੱਖ ਸ਼ਰਧਾਲੂ ਅੰਮ੍ਰਿਤਸਰ ਪਹੁੰਚ ਚੁੱਕੇ ਹਨ। ਹਰਿਮੰਦਰ ਸਾਹਿਬ ਵਿੱਚ ਪੈਰ ਰੱਖਣ ਲਈ ਵੀ ਥਾਂ ਨਹੀਂ ਹੈ। ਦੋ ਦਿਨ ਪਹਿਲਾਂ ਭਾਈ ਇਕਬਾਲ ਸਿੰਘ ਅਤੇ ਉਨ੍ਹਾਂ ਦੀ ਕੰਪਨੀ ਮੁੰਬਈ ਤੋਂ ਅੰਮ੍ਰਿਤਸਰ ਪਹੁੰਚੀ ਸੀ। ਜਿਸ ਨੇ 20 ਟਨ ਦੇਸੀ-ਵਿਦੇਸ਼ੀ ਫੁੱਲਾਂ ਨਾਲ ਹਰਿਮੰਦਰ ਸਾਹਿਬ ਨੂੰ ਸਜਾਇਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ ਹੈ। ਫੁੱਲਾਂ ਨਾਲ ਮੋਰ ਬਣੇ ਹੋਏ ਹਨ ਅਤੇ ਖੰਡਾ ਸਾਹਿਬ ਅਤੇ ਏਕ ਓਂਕਾਰ ਤਿਆਰ ਕੀਤਾ ਗਿਆ ਹੈ।

ਹਰਿਮੰਦਰ ਸਾਹਿਬ ਦੇ ਮੁੱਖ ਅਸਥਾਨ ਨੂੰ ਜਾਣ ਵਾਲੇ ਰਸਤੇ ਨੂੰ ਸੁੰਦਰ ਫੁੱਲਾਂ ਨਾਲ ਸਜਾਇਆ ਗਿਆ ਹੈ। ਸਾਰੀ ਰਾਤ ਸੰਗਤਾਂ ਗੁਰੂਘਰ ਵਿੱਚ ਬੈਠ ਕੇ ਪਾਠ ਕਰਦੀਆਂ ਰਹੀਆਂ। ਅੱਜ ਗੁਰੂਘਰ ਵਿੱਚ ਸੁੰਦਰ ਜਲੋਅ ਸਜਾਈਆਂ ਜਾਣਗੀਆਂ। ਇਹ ਸੁੰਦਰ ਜਲੋਅ ਉਹ ਸੁੰਦਰ ਤੋਹਫ਼ੇ ਅਤੇ ਪੁਰਾਤਨ ਹੀਰੇ-ਜਵਾਹਰਾਤ ਹਨ, ਜੋ ਕਈ ਸਾਲ ਪਹਿਲਾਂ ਗੁਰੂਘਰ ਨੂੰ ਸੌਂਪੇ ਗਏ ਸਨ। ਜੋ ਕਿ ਵਿਸ਼ੇਸ਼ ਮੌਕਿਆਂ ਅਤੇ ਗੁਰਪੁਰਬ ਮੌਕੇ ਸੰਗਤਾਂ ਲਈ ਹੀ ਸਜਾਏ ਜਾਂਦੇ ਹਨ। ਇਸ ਤੋਂ ਇਲਾਵਾ ਅੱਜ ਦਿਨ ਭਰ ਕੀਰਤਨ ਦਰਬਾਰ ਸਜਾਏ ਜਾਣਗੇ। ਇਸ ਦੇ ਨਾਲ ਹੀ ਬੀਤੀ ਸ਼ਾਮ ਤੋਂ ਮੰਜੀ ਸਾਹਿਬ ਹਾਲ ਵਿੱਚ ਕੀਰਤਨ ਦਰਬਾਰ ਸਜਾਇਆ ਜਾ ਰਿਹਾ ਹੈ।

ਅੱਜ ਗੁਰੂ ਘਰ ਪੁੱਜੀ ਸੰਗਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਲੰਗਰ ਹਾਲ ਵਿੱਚ ਕਈ ਸੁਆਦੀ ਪਕਵਾਨ ਪਕਾਏ ਗਏ ਹਨ। ਸੰਗਤ ਲਈ ਖੀਰ, ਜਲੇਬੀ ਆਦਿ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਗਏ ਹਨ। ਸੰਗਤਾਂ ਲੱਡੂ, ਵੇਸਣ ਬਰਫ਼ੀ ਅਤੇ ਖੋਆ ਬਰਫ਼ੀ ਵੀ ਵਰਤ ਰਹੀਆਂ ਹਨ।

ਰਾਤ ਪੈਣ ਸਾਰ ਹੀ ਹਰਿਮੰਦਰ ਸਾਹਿਬ ਵਿਖੇ ਆਤਿਸ਼ਬਾਜ਼ੀ ਚਲਾਈ ਜਾਵੇਗੀ। ਇਹ ਸੁੰਦਰ ਆਤਿਸ਼ਬਾਜ਼ੀ ਐਸਜੀਪੀਸੀ ਵੱਲੋਂ ਗ੍ਰੀਨ ਪਟਾਕਿਆਂ ਨਾਲ ਕੀਤੀ ਜਾਵੇਗੀ। ਗੁਰੂਘਰ ਵਿਖੇ ਦਰਸ਼ਨਾਂ ਤੋਂ ਇਲਾਵਾ ਦੂਰ-ਦੂਰ ਤੋਂ ਲੋਕ ਇਨ੍ਹਾਂ ਆਤਿਸ਼ਬਾਜ਼ੀਆਂ ਨੂੰ ਦੇਖਣ ਲਈ ਅੰਮ੍ਰਿਤਸਰ ਪਹੁੰਚਦੇ ਹਨ।

Exit mobile version