The Khalas Tv Blog Punjab ਦੋ ਪ੍ਰਸਿਧ ਕੀਰਤਨੀਆਂ ਦੇ ਕੀਰਤਨ ‘ਤੇ ਸ੍ਰੀ ਅਕਾਲ ਤਖਤ ਸਾਹਿਬ ਨੇ ਲਾਈ ਰੋਕ
Punjab Religion

ਦੋ ਪ੍ਰਸਿਧ ਕੀਰਤਨੀਆਂ ਦੇ ਕੀਰਤਨ ‘ਤੇ ਸ੍ਰੀ ਅਕਾਲ ਤਖਤ ਸਾਹਿਬ ਨੇ ਲਾਈ ਰੋਕ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵੱਲੋਂ ਗੁਰਮਤਿ ਸੰਗੀਤ ਅਤੇ ਕੀਰਤਨ ਦੀ ਮਰਿਆਦਾ ਨਾਲ ਸਬੰਧਤ ਮਾਮਲੇ ਵਿੱਚ ਦੋ ਕੀਰਤਨੀਆਂ ਭਾਈ ਜਗਜੀਤ ਸਿੰਘ ਬੰਬੀਹਾ ਅਤੇ ਭਾਈ ਕੁਲਵਿੰਦਰ ਸਿੰਘ ਖਰੜ ਖ਼ਿਲਾਫ਼ ਅਹਿਮ ਹੁਕਮ ਜਾਰੀ ਕੀਤੇ ਗਏ ਹਨ।

ਪੱਤਰ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਗੁਰਬਾਣੀ ਕੀਰਤਨ ਦੀ ਮਰਿਆਦਾ ਅਤੇ ਗੁਰਮਤਿ ਸੰਗੀਤ ਸਬੰਧੀ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਕਾਰਨ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਸ ਲਈ ਦੋਵਾਂ ਨੂੰ ਇੱਕ ਮਹੀਨੇ ਤੱਕ ਗੁਰਮਤਿ ਦੀ ਜਾਣਕਾਰੀ ਪ੍ਰਾਪਤ ਕਰਨ ਅਤੇ ਨਿਮਰਤਾ ਧਾਰਨ ਕਰਨ ਲਈ ਲੰਗਰ ਹਾਲ ਵਿੱਚ ਸਵੇਰੇ-ਸ਼ਾਮ ਸੇਵਾ ਕਰਨ ਦੇ ਹੁਕਮ ਦਿੱਤੇ ਗਏ ਹਨ। ਨਾਲ ਹੀ ਉਨ੍ਹਾਂ ਨੂੰ 13 ਨਵੰਬਰ ਤੋਂ 12 ਦਸੰਬਰ 2026 ਤੱਕ ਸੰਗਤ ਵਿੱਚ ਕੀਰਤਨ ਕਰਨ ਤੋਂ ਰੋਕਿਆ ਗਿਆ ਹੈ। ਇੱਕ ਮਹੀਨੇ ਬਾਅਦ ਦੋਵਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਨਿੱਜੀ ਤੌਰ ’ਤੇ ਪੇਸ਼ ਹੋ ਕੇ ਸੇਵਾ ਸਬੰਧੀ ਪ੍ਰਮਾਣ ਪੱਤਰ ਪੇਸ਼ ਕਰਨਾ ਹੋਵੇਗਾ।

ਜਾਣੋ ਕਿਵੇਂ ਸ਼ੁਰੂ ਹੋਇਆ ਮਾਮਲਾ

ਇਹ ਮਾਮਲਾ ਇੱਕ ਸਮਾਗਮ ਤੋਂ ਸ਼ੁਰੂ ਹੋਇਆ। ਉਸ ਸਮਾਗਮ ਵਿੱਚ ਜਗਜੀਤ ਸਿੰਘ ਬੰਬੀਹਾ ਅਤੇ ਕੁਲਵਿੰਦਰ ਸਿੰਘ ਖਰੜ ਦੋਵਾਂ ਰਾਗੀ ਸਿੰਘਾਂ ਨੂੰ ਕੀਰਤਨ ਦੀ ਹਾਜ਼ਰੀ ਲਈ ਬੁਲਾਇਆ ਗਿਆ ਸੀ। ਕੁਲਵਿੰਦਰ ਸਿੰਘ ਖਰੜ ਪਹਿਲਾਂ ਕੀਰਤਨ ਕਰ ਰਹੇ ਸਨ। ਇਸ ਦੌਰਾਨ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਸੁਨੇਹਾ ਭੇਜਿਆ ਗਿਆ ਕਿ ਕੀਰਤਨ ਸਮਾਪਤ ਕਰ ਦਿਓ ਕਿਉਂਕਿ ਅਗਲੇ ਰਾਗੀ ਜਗਜੀਤ ਸਿੰਘ ਬੰਬੀਹਾ ਤਾਂ ਹੀ ਆਉਣਗੇ। ਕੁਲਵਿੰਦਰ ਸਿੰਘ ਖਰੜ ਨੇ ਇਸ ’ਤੇ ਇਤਰਾਜ਼ ਜ਼ਾਹਿਰ ਕੀਤਾ ਅਤੇ ਗੁਰੂ ਘਰ ਦੇ ਕੀਰਤਨੀ ਦੀ ਮਰਿਆਦਾ ਬਾਰੇ ਸੰਗਤਾਂ ਵਿੱਚ ਆਪਣੀ ਗੱਲ ਰੱਖੀ। ਇਹ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਗਿਆ।

ਇਸ ਤੋਂ ਬਾਅਦ ਜਦੋਂ ਰਾਗੀ ਜਗਜੀਤ ਸਿੰਘ ਬੰਬੀਹਾ ਸਟੇਜ ’ਤੇ ਪਹੁੰਚੇ ਤਾਂ ਉਨ੍ਹਾਂ ਨੇ ਸਾਜ਼ਾਂ ਨਾਲ ਕੀਰਤਨ ਸ਼ੁਰੂ ਕਰਨ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਕਬੀਰ ਜੀ ਦਾ ਸ਼ਬਦ “ਨਿੰਦਉ ਨਿੰਦਉ ਮੋ ਕਉ ਲੋਗੁ ਨਿੰਦਉ” ਬੋਲ ਕੇ ਆਪਣੀ ਗੱਲ ਰੱਖੀ। ਦੋਵਾਂ ਰਾਗੀਆਂ ਦੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਕੁਲਵਿੰਦਰ ਸਿੰਘ ਖਰੜ ਮੁੜ ਸਾਹਮਣੇ ਆਏ ਅਤੇ ਉਨ੍ਹਾਂ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਦੀ ਜਗਜੀਤ ਸਿੰਘ ਬੰਬੀਹਾ ਨਾਲ ਕੋਈ ਨਿੱਜੀ ਰੰਜਿਸ਼ ਨਹੀਂ ਸੀ। ਪਰ ਇਸ ਤੋਂ ਪਹਿਲਾਂ ਵੀ ਕਈ ਸਮਾਗਮਾਂ ਵਿੱਚ ਉਨ੍ਹਾਂ ਦੇ ਵਰਤੋਂ ਤੋਂ ਨਾ ਸਿਰਫ਼ ਉਹ ਬਲਕਿ ਪ੍ਰਬੰਧਕਾਂ ਨੂੰ ਵੀ ਪਰੇਸ਼ਾਨੀ ਹੋਈ ਸੀ, ਇਸੇ ਕਰਕੇ ਉਨ੍ਹਾਂ ਨੇ ਸੰਗਤ ਦੀ ਹਜ਼ੂਰੀ ਵਿੱਚ ਆਪਣੀ ਗੱਲ ਰੱਖੀ।

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਹੁਕਮਾਂ ਵਿੱਚ ਇਨ੍ਹਾਂ ਗਤੀਵਿਧੀਆਂ ਨੂੰ ਗੁਰਬਾਣੀ ਕੀਰਤਨ ਦੀ ਮਰਿਆਦਾ ਅਤੇ ਗੁਰਮਤਿ ਸੰਗੀਤ ਦੇ ਖ਼ਿਲਾਫ਼ ਮੰਨਿਆ ਗਿਆ ਹੈ। ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਣ ਕਾਰਨ ਦੋਵਾਂ ਰਾਗੀਆਂ ਨੂੰ ਸੇਵਾ ਅਤੇ ਨਿਮਰਤਾ ਸਿੱਖਣ ਦਾ ਹੁਕਮ ਦਿੱਤਾ ਗਿਆ ਹੈ। ਇੱਕ ਮਹੀਨੇ ਤੱਕ ਲੰਗਰ ਹਾਲ ਵਿੱਚ ਸਵੇਰੇ ਅਤੇ ਸ਼ਾਮ ਸੇਵਾ ਕਰਨੀ ਹੋਵੇਗੀ ਅਤੇ ਇਸ ਮਿਆਦ ਵਿੱਚ ਸੰਗਤ ਵਿੱਚ ਕੀਰਤਨ ਬਿਲਕੁਲ ਨਹੀਂ ਕਰ ਸਕਣਗੇ। ਮਿਆਦ ਪੂਰੀ ਹੋਣ ਉਪਰੰਤ ਉਨ੍ਹਾਂ ਨੂੰ ਅਕਾਲ ਤਖ਼ਤ ਸਕੱਤਰੇਤ ਵਿਖੇ ਹਾਜ਼ਰ ਹੋ ਕੇ ਸੇਵਾ ਦਾ ਪ੍ਰਮਾਣ ਪੱਤਰ ਲੈ ਕੇ ਆਉਣਾ ਲਾਜ਼ਮੀ ਹੋਵੇਗਾ। ਇਹ ਹੁਕਮ ਗੁਰਮਤਿ ਮਰਿਆਦਾ ਨੂੰ ਕਾਇਮ ਰੱਖਣ ਅਤੇ ਸੰਗਤ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ ਲਈ ਜਾਰੀ ਕੀਤੇ ਗਏ ਹਨ।

 

Exit mobile version