The Khalas Tv Blog Others ਸ਼ਹੀਦੀ ਹਫ਼ਤੇ ਲਈ ਜਥੇਦਾਰ ਸ਼੍ਰੀ ਅਕਾਲ ਤਖ਼ਤ ਵੱਲੋਂ 5 ਅਹਿਮ ਆਦੇਸ਼ ! ਹਰ ਸਿੱਖ ਦੀ ਲਈ ਜ਼ਰੂਰੀ !
Others

ਸ਼ਹੀਦੀ ਹਫ਼ਤੇ ਲਈ ਜਥੇਦਾਰ ਸ਼੍ਰੀ ਅਕਾਲ ਤਖ਼ਤ ਵੱਲੋਂ 5 ਅਹਿਮ ਆਦੇਸ਼ ! ਹਰ ਸਿੱਖ ਦੀ ਲਈ ਜ਼ਰੂਰੀ !

ਬਿਉਰੋ ਰਿਪੋਰਟ : 21 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਸ਼ਹੀਦੀ ਹਫਤੇ ਦੇ ਲਈ ਜਥੇਦਾਰ ਸ਼੍ਰੀ ਅਕਾਲ ਤਖਤ ਗਿਆਨੀ ਰਘਬੀਰ ਸਿੰਘ ਨੇ ਸੰਗਤਾਂ ਨੂੰ ਕੁਝ ਖਾਸ ਅਪੀਲ ਕੀਤੀ ਹੈ । 28 ਦਸੰਬਰ ਤੱਕ ਸਮੁੱਚੀ ਸਿੱਖ ਕੌਮ ਨੂੰ ਵੱਧ ਤੋਂ ਵੱਧ ਗੁਰਬਾਣੀ ਜਾਪ ਕਰਨ, ਸਾਦਾ ਖਾਣ, ਸਾਦਾ ਪਹਿਰਾਵਾ ਰੱਖਣ ਅਤੇ ਘਰਾਂ ਵਿਚ ਰਹਿੰਦਿਆਂ ਸਾਦਗੀ ਧਾਰਨ ਕਰਨ ਦੀ ਅਪੀਲ ਕਰਦਿਆਂ ਮਨੁੱਖਤਾ ਦੀ ਸੰਸਾਰੀ ਤੇ ਆਤਮਿਕ ਬੰਦ-ਖਲਾਸੀ ਲਈ ਹੋਈਆਂ ਮਹਾਨ ਸ਼ਹਾਦਤਾਂ ਨੂੰ ਆਪਣੇ ਅਹਿਸਾਸ ਦਾ ਹਿੱਸਾ ਬਣਾਉਣ ਲਈ ਕਿਹਾ ਹੈ। ਇਸ ਤੋਂ ਇਲਾਵਾ ਜਥੇਦਾਰ ਸਾਹਿਬ ਨੇ ਸੰਗਤਾਂ ਨੂੰ ਹਿਦਾਇਤਾਂ ਜਾਰੀ ਕਰਦੇ ਹੋਏ ਕਿਹਾ ਹੈ ਕਿ ਕਿਸੇ ਵੀ ਪ੍ਰਕਾਰ ਦੇ ਖੁਸ਼ੀ ਦੇ ਸਮਾਗਮ ਨਾ ਕੀਤੇ ਜਾਣ,ਗੁਰਦੁਆਰਿਆਂ ਦੇ ਲੰਗਰਾਂ ਅਤੇ ਘਰਾਂ ਵਿਚ ਮਿੱਠੇ ਪਕਵਾਨਾਂ ਤੋਂ ਗੁਰੇਜ਼ ਕਰਕੇ ਸਾਦਾ ਖਾਣਾ ਅਤੇ ਸਾਦਾ ਪਹਿਰਾਵਾ ਧਾਰਨ ਕੀਤਾ ਜਾਵੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਚਮਕੌਰ ਸਾਹਿਬ ਦੇ ਸ਼ਹੀਦੀ ਜੋੜ-ਮੇਲ ਅਤੇ ਫਤਹਿਗੜ੍ਹ ਸਾਹਿਬ ਦੀ ਸ਼ਹੀਦੀ ਸਭਾ ਵਿਚ ਜਾਣ ਵਾਲੇ ਨੌਜਵਾਨਾਂ ਨੂੰ ਹੁੱਲੜਬਾਜ਼ੀ ਅਤੇ ਟਰੈਕਟਰਾਂ-ਟਰਾਲੀਆਂ ਉੱਪਰ ਉੱਚੀ ਆਵਾਜ਼ ਵਿਚ ਸਪੀਕਰ ਲਾਉਣ ਤੋਂ ਗੁਰੇਜ਼ ਕਰਦਿਆਂ ਪੂਰਨ ਸ਼ਰਧਾ ਭਾਵਨਾ ਨਾਲ ਸ਼ਹੀਦਾਂ ਦੇ ਅਸਥਾਨਾਂ ‘ਤੇ ਨਤਮਸਤਕ ਹੋਣ ਦੀ ਤਾਕੀਦ ਵੀ ਕੀਤੀ ਹੈ।

ਹਰ ਸਾਲ ਸਾਹਿਬ-ਏ-ਕਮਾਲ, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜ਼ਰ ਕੌਰ ਜੀ ਅਤੇ ਬੇਅੰਤ ਸ਼ਹੀਦਾਂ ਦੀ ਯਾਦ ਵਿੱਚ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਸ਼ਹੀਦੀ ਜੋੜ ਮੇਲ ਦਾ ਪ੍ਰਬੰਧ ਕੀਤਾ ਜਾਂਦਾ ਹੈ । ਗਿਆਨੀ ਰਘਬੀਰ ਸਿੰਘ ਨੇ ਆਖਿਆ ਹੈ ਕਿ ਜਿਵੇਂ ਕਿ ਦੁਨੀਆ ਦੇ ਹਰੇਕ ਧਰਮ, ਕੌਮ ਲਈ ਕੁਝ ਦਿਨ ਮਹੱਤਵਪੂਰਨ ਹੁੰਦੇ ਹਨ, ਉਸੇ ਤਰ੍ਹਾਂ ਸਿੱਖ ਧਰਮ ਲਈ ਦੇਸੀ ਪੋਹ ਮਹੀਨੇ ਦੌਰਾਨ 21 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਦਾ ਹਫਤਾ ‘ਸ਼ਹੀਦੀ ਹਫਤੇ’ ਵਜੋਂ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਇਸ ਹਫਤੇ ਦੌਰਾਨ ਸਾਹਿਬ-ਏ-ਕਮਾਲ, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਜਬਰ-ਜ਼ੁਲਮ ਦੇ ਖ਼ਿਲਾਫ ਧਰਮ ਯੁੱਧ ਤਹਿਤ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਵਸਾਇਆ ਹੋਇਆ ਨਗਰ ਸ੍ਰੀ ਅਨੰਦਪੁਰ ਸਾਹਿਬ ਛੱਡਣ, ਸਰਸਾ ਨਦੀ ‘ਤੇ ਪਰਿਵਾਰ ਵਿਛੋੜਾ, ਚਮਕੌਰ ਸਾਹਿਬ ਦੀ ਜੰਗ ਵਿਚ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਹੋਰ ਬੇਅੰਤ ਸ਼ਹੀਦਾਂ ਅਤੇ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਹਿ ਸਿੰਘ ਜੀ ਦੀਆਂ ਲਾਸਾਨੀ ਸ਼ਹੀਦੀਆਂ ਹੋਈਆਂ, ਜਿਸ ਦੀ ਮਿਸਾਲ ਦੁਨੀਆ ਦੇ ਇਤਿਹਾਸ ਵਿਚ ਹੋਰ ਕਿਧਰੇ ਵੀ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਇਹ ਸ਼ਹਾਦਤਾਂ ਜ਼ਮੀਰ ਦੀ ਆਜ਼ਾਦੀ, ਮਨੁੱਖੀ ਅਧਿਕਾਰਾਂ, ਸਿੱਖੀ ਦੀ ਰੂਹਾਨੀ ਸੱਤਾ ਤੇ ਗੁਰਮਤਿ ਸਿਧਾਂਤਾਂ ਦੀ ਧੁਜਾ ਨੂੰ ਉੱਚਾ ਰੱਖਣ ਲਈ ਹੋਈਆਂ ਸਨ, ਜਿਸ ਕਰਕੇ ‘ਸ਼ਹੀਦੀ ਹਫਤੇ’ ਦੌਰਾਨ ਹਰੇਕ ਸਿੱਖ ਨੂੰ ਮਹਾਨ ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਅਰਪਣ ਕਰਨ ਲਈ ਵੱਧ ਤੋਂ ਵੱਧ ਗੁਰਬਾਣੀ ਤੇ ਨਾਮ-ਸਿਮਰਨ ਦਾ ਅਭਿਆਸ ਕਰਨਾ ਚਾਹੀਦਾ ਹੈ।

ਇਸ ਤੋਂ ਪਹਿਲਾਂ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕੀਤੀ ਸੀ ਕਿ ਉਹ ਸਾਦਾ ਲੰਗਰ ਵਰਤਾਉਣ ਅਤੇ 1 ਜਨਵਰੀ ਤੱਕ ਪੰਚ ਪਿਆਰਿਆਂ ਤੋਂ ਇਲਾਵਾ ਕਿਸੇ ਨੂੰ ਵੀ ਸਰੋਪਾ ਨਾ ਭੇਟ ਕੀਤਾ ਜਾਵੇ। ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਹਿਲਾਂ ਹੀ ਸ਼ਹੀਦੀ ਹਫਤੇ ਕਿਸੇ ਵੀ ਤਰ੍ਹਾਂ ਦੇ ਸਰਕਾਰੀ ਸਮਾਗਮ ਨਾ ਕਰਨ ਦਾ ਐਲਾਨ ਕਰ ਦਿੱਤਾ ਸੀ ।

Exit mobile version