The Khalas Tv Blog Punjab ‘ਸਾਨੂੰ ਮਾ ਰਨ ਵਾਲਿਆਂ ਨੂੰ ਸਾਡੇ ਤੋਂ ਪਰ੍ਹਾਂ ਕਰ ਦਿਉ, ਤਰੱਕੀਆਂ ਅਸੀਂ ਆਪੇ ਕਰ ਲੈਣੀਆਂ ਹਨ’
Punjab

‘ਸਾਨੂੰ ਮਾ ਰਨ ਵਾਲਿਆਂ ਨੂੰ ਸਾਡੇ ਤੋਂ ਪਰ੍ਹਾਂ ਕਰ ਦਿਉ, ਤਰੱਕੀਆਂ ਅਸੀਂ ਆਪੇ ਕਰ ਲੈਣੀਆਂ ਹਨ’

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਮਰਹੂਮ ਪੰਜਾਬੀ ਨੌਜਵਾਨ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਮੂਸੇਵਾਲਾ ਕਤਲ ਕਾਂਡ ਵਿੱਚ ਪੁਲਿਸ ਦੀ ਕਾਰਗੁਜ਼ਾਰੀ ਤੋਂ ਖ਼ੁਸ਼ ਨਜ਼ਰ ਨਹੀਂ ਆ ਰਹੇ। ਮੂਸੇਵਾਲਾ ਦੇ ਪਿਤਾ ਨੇ ਦੀਪਕ ਮੁੰਡੀ ਨੂੰ ਫੜੇ ਜਾਣ ਬਾਰੇ ਨਾਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਤਾਂ ਦਿਹਾੜੀਦਾਰ ਕਾਮੇ ਹਨ, ਇਨ੍ਹਾਂ ਨੂੰ ਫੜ ਕੇ ਕੀ ਕਰ ਲੈਣਾ ਹੈ। ਇਹ ਵੱਡੇ ਨਾਮ ਨੂੰ ਮਾਰ ਕੇ ਵੱਡਾ ਖ਼ੌਫ਼ ਪੈਦਾ ਕਰਨਾ ਚਾਹੁੰਦੇ ਹਨ। ਇਹ ਸੋਚਦੇ ਹਨ ਕਿ ਬਾਕੀ ਛੋਟੇ ਮੋਟੇ ਤਾਂ ਆਪੇ ਡਰ ਜਾਣਗੇ ਜਦੋਂ ਸਿੱਧੂ ਮੂਸੇਵਾਲਾ ਮਾਰ ਦਿੱਤਾ। ਮੂਸੇਵਾਲਾ ਦੇ ਪਿਤਾ ਨੇ ਇੱਕ ਲਹਿਰ ਖੜੀ ਕਰਨ ਦਾ ਦਾਅਵਾ ਕੀਤਾ ਤਾਂ ਜੋ ਕਿਸੇ ਹੋਰ ਮਾਂ ਦਾ ਪੁੱਤ ਨਾ ਮਾਰਿਆ ਜਾਵੇ। ਮੂਸੇਵਾਲਾ ਦੇ ਪਿਤਾ ਨੇ ਪ੍ਰਸ਼ਾਸਨ ਨੂੰ ਹਾਲੇ ਹੋਰ ਥੋੜਾ ਸਮਾਂ ਦੇਣ ਦੀ ਗੱਲ ਕੀਤੀ। ਉਨ੍ਹਾਂ ਨੇ ਭਾਵੁਕ ਹੁੰਦਿਆਂ ਕਿਹਾ ਕਿ ਮੈਨੂੰ ਅਜੇ ਤੱਕ ਆਪਣੇ ਬੱਚੇ ਦਾ ਘਟਨਾ ਵਾਲੀ ਥਾਂ ਤੋਂ ਪਰਨਾ ਨਹੀਂ ਮਿਲਿਆ। ਜਿੱਥੇ ਉਹਦੇ ਕੇਸਾਂ ਦੀ ਬੇਅਦਬੀ ਕੀਤੀ ਗਈ, ਫਿਲਮੀ ਸਟਾਈਲ ਵਿੱਚ ਜਿਵੇਂ ਫਾਇਰ ਕੀਤੇ ਗਈ, ਉਸ ਨਾਲ ਸਾਡੇ ਕਾਨੂੰਨ ਦਾ ਜਨਾਜ਼ਾ ਨਿਕਲਿਆ ਹੈ।

ਉਨ੍ਹਾਂ ਨੇ ਕਿਹਾ ਕਿ 10-20 ਮਿੰਟ ਲਈ ਬੱਚਾ ਘਰੋਂ ਨਿਕਲਿਆ ਤਾਂ ਉਸਨੂੰ ਵੱਡੇ ਵੱਡੇ ਹਥਿਆਰਾਂ ਦੇ ਨਾਲ ਮਾਰਿਆ ਗਿਆ। ਕਰੋੜਾਂ ਰੁਪਏ ਦੇ ਨਾਲ ਮੇਰੇ ਬੱਚੇ ਨੂੰ ਮਾਰਿਆ ਗਿਆ, ਕੀ ਇਹ ਜੇਲ੍ਹ ਵਿੱਚ ਬੈਠੇ ਇਕੱਲਿਆਂ ਨੇ ਹੀ ਏਨੇ ਪੈਸੇ ਇਕੱਠੇ ਕਰ ਲਏ ? ਉਨ੍ਹਾਂ ਨੇ ਗ੍ਰਿਫਤਾਰੀਆਂ ਬਾਰੇ ਬੋਲਦਿਆਂ ਕਿਹਾ ਕਿ ਹੁਣ ਤੱਕ 30 ਤੋਂ ਵੱਧ ਗ੍ਰਿਫਤਾਰੀਆਂ ਹੋ ਚੁੱਕੀਆਂ ਹਨ, ਇਸਦਾ ਮਤਲਬ ਇੱਕ ਕਲਾਕਾਰ ਨੂੰ ਮਾਰਨ ਲਈ ਏਨੇ ਬੰਦੇ ਇਕੱਠੇ ਹੋ ਗਏ। ਉਨ੍ਹਾਂ ਨੇ ਕਿਹਾ ਕਿ ਮੈਂ ਤਾਂ ਸਬਰ ਕਰਨ ਵਾਲੇ ਪਾਸੇ ਵੱਧਦਾ ਹੈ ਪਰ ਮੇਰੇ ਮਨ ਦੀ ਇੱਛਾ ਹੈ ਕਿ ਜੇ ਮੈਂ ਮਰਾਂ ਤਾਂ ਇਨ੍ਹਾਂ ਦੀ ਗੋਲੀ ਨਾਲ ਮਰਾਂ। ਜੇ ਮੈਂ ਟਿਕ ਕੇ ਬੈਠ ਗਿਆ ਤਾਂ ਮੇਰੇ ਪੁੱਤ ਦੀ ਆਤਮਾ ਮੇਰੇ ਉੱਤੇ ਲਾਹਨਤਾਂ ਪਾਵੇਗੀ। ਜਦੋਂ ਤੱਕ ਮੇਰੇ ਵਿੱਚ ਸਾਹ ਹੈ, ਮੈਂ ਇਨ੍ਹਾਂ ਦੇ ਖ਼ਿਲਾਫ਼ ਲੜਾਈ ਜਾਰੀ ਰੱਖਾਂਗੇ। ਉਨ੍ਹਾਂ ਨੇ ਕਿਹਾ ਕਿ ਗੈਂਗਸਟਰਾਂ ਦਾ ਐਨਕਾਊਂਟਰ ਕਰਨ ਦੀ ਜਗ੍ਹਾ ਉਨ੍ਹਾਂ ਨੂੰ ਕੰਮ ਖੋਲ ਕੇ ਦਿੱਤਾ ਜਾਵੇ ਤਾਂ ਜੋ ਉਹ ਲੋਕਾਂ ਦੇ ਜਵਾਕ ਤਾਂ ਨਾ ਮਾਰਨ।

ਜੇਲ੍ਹ ਪ੍ਰਬੰਧਾਂ ਬਾਰੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਜੇਲ੍ਹ ਵਿੱਚ ਬੰਦਾ ਛੇ ਮਹੀਨਿਆਂ ਵਿੱਚ ਵਕੀਲ ਬਣ ਜਾਂਦਾ। ਜੇਲ੍ਹ ਵਿੱਚ ਰਹਿੰਦਿਆਂ ਗੈਂਗਸਟਰ ਸਾਰੇ ਸਿਸਟਮ ਨੂੰ ਚੰਗੀ ਤਰ੍ਹਾਂ ਭਾਂਪ ਲੈਂਦੇ ਹਨ। ਉਹ ਏਨੇ ਟ੍ਰੇਨਡ ਹੋ ਜਾਂਦੇ ਹਨ ਕਿ ਉਨ੍ਹਾਂ ਲਈ ਇਸ ਤਰ੍ਹਾਂ ਦੀਆਂ ਘਟਨਾਵਾਂ ਕੋਈ ਮਾਇਨੇ ਨਹੀਂ ਰੱਖਦੀਆਂ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਧਮਕੀਆਂ ਮਿਲ ਰਹੀਆਂ ਹਨ ਪਰ ਉਨ੍ਹਾਂ ਨੂੰ ਕੋਈ ਡਰ ਨਹੀਂ ਹੈ ਕਿਉਂਕਿ ਜੇ ਗੈਂਗਸਟਰ ਉਨ੍ਹਾਂ ਨੂੰ ਮਾਰ ਦੇਣਗੇ ਤਾਂ ਲੋਕਾਂ ਦਾ ਖੂਨ ਖੋਲੇਗਾ ਕਿ ਪੁੱਤ ਤੋਂ ਬਾਅਦ ਪਿਤਾ ਨੂੰ ਵੀ ਮਾਰ ਦਿੱਤਾ।

ਪਿਤਾ ਬਲਕੌਰ ਸਿੰਘ ਨੇ ਸਰਕਾਰ ਨੂੰ ਹਲੂਣਾ ਦਿੰਦਿਆਂ ਕਿਹਾ ਕਿ ਅਸੀਂ ਸਰਕਾਰ ਤੋਂ ਸਿਰਫ਼ ਜਿੰਦਾ ਰਹਿਣ ਅਤੇ ਸਾਹ ਲੈਣ ਦੀ ਆਗਿਆ ਮੰਗਦੇ ਹਾਂ, ਰੋਟੀ ਆਪੇ ਬਣਾ ਕੇ ਖਾ ਲਵਾਂਗੇ। ਸਾਨੂੰ ਮਾਰਨ ਵਾਲਿਆਂ ਨੂੰ ਸਾਡੇ ਤੋਂ ਪਰ੍ਹਾਂ ਕਰ ਦਿਉ, ਤਰੱਕੀਆਂ ਅਸੀਂ ਆਪੇ ਕਰ ਲੈਣੀਆਂ ਹਨ। ਉਨ੍ਹਾਂ ਨੇ ਕਿਹਾ ਕਿ ਮੰਤਰੀਆਂ ਦੇ ਘਰ ਅਜੇ ਉੱਜੜੇ ਨਹੀਂ ਹਨ, ਇਸ ਕਰਕੇ ਉਨ੍ਹਾਂ ਨੂੰ ਸਾਡਾ ਦਰਦ ਮਹਿਸੂਸ ਨਹੀਂ ਹੁੰਦਾ, ਪਰ ਜਦੋਂ ਉਨ੍ਹਾਂ ਦੇ ਘਰ ਉੱਜੜੇ ਤਾਂ ਉਹ ਦੋਵੇਂ ਹੱਥ ਖੜੇ ਕਰਕੇ ਰੋਣਗੇ।

ਮੂਸੇਵਾਲਾ ਦੇ ਪਿਤਾ ਨੇ ਗੋਲਡੀ ਬਰਾੜ ਵੱਲੋਂ ਪੁਲਿਸ ਵੱਲੋਂ ਬੀਤੇ ਦਿਨੀਂ ਫੜੇ ਗਏ ਤਿੰਨ ਸ਼ੂਟਰਾਂ ਲਈ ਪਾਈ ਗਈ ਪੋਸਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਗੋਲਡੀ ਬਰਾੜ ਪੰਜਾਬ ਦੇ ਡੀਜੀਪੀ ਨੂੰ ਇਨ੍ਹਾਂ ਦਾ ਖਿਆਲ ਰੱਖਣ ਦੀਆਂ ਹਦਾਇਤਾਂ ਦੇ ਰਿਹਾ ਹੈ। ਕਮਾਲ ਹੋ ਗਿਆ ਕਿ ਸਰਕਾਰਾਂ ਨੂੰ ਚੈਲੰਜ ਦਿੱਤਾ ਜਾ ਰਿਹਾ ਹੈ।

ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਸਰਕਾਰ ਨੂੰ ਸਲਾਹ ਦਿੰਦਿਆਂ ਕਿਹਾ ਕਿ ਜਾਂ ਤਾਂ ਗੈਂਗਸਟਰਾਂ ਨੂੰ ਸਮਝਾ ਕੇ ਸਿੱਧੇ ਰਸਤੇ ਪਾਇਆ ਜਾਵੇ ਜਾਂ ਫਿਰ ਇਨ੍ਹਾਂ ਦਾ ਖ਼ਾਤਮਾ ਕੀਤਾ ਜਾਵੇ। ਉਨ੍ਹਾਂ ਨੇ ਬਾਹਰਲੇ ਮੁਲਕਾਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਨਿੱਕੇ ਨਿੱਕੇ ਮੁਲਕਾਂ ਵਿੱਚ ਲੋਕ ਖੁਸ਼ਹਾਲ ਵੱਸ ਰਹੇ ਹਨ ਪਰ ਇੱਥੇ ਤਾਂ ਸਾਹ ਵੀ ਗੰਦੇ ਆਉਂਦੇ ਹਨ।

ਉਨ੍ਹਾਂ ਨੇ ਕਿਹਾ ਕਿ ਸਿੱਧੂ ਤਾਂ ਇੱਕੋ ਕਸੂਰ ਸਮਝਿਆ ਜਾਂਦਾ ਸੀ ਕਿ ਉਹ ਇੰਡਸਟਰੀ ਤੋਂ ਵੱਖ ਚੱਲਦਾ ਸੀ। ਉਹ ਕਿਸੇ ਨੂੰ ਕੁਝ ਨਹੀਂ ਕਹਿੰਦਾ ਸੀ ਪਰ ਜੇ ਉਹਨੂੰ ਕੋਈ ਕੁਝ ਕਹਿੰਦਾ ਸੀ ਤਾਂ ਉਹ ਕਿਸੇ ਨੂੰ ਛੱਡਦਾ ਵੀ ਨਹੀਂ ਸੀ। ਮੇਰਾ ਬੇਟਾ ਦੋ ਚੀਜ਼ਾਂ ਦੀ ਭੇਂਟ ਚੜਿਆ ਹੈ ਇੱਕ ਗਾਇਕੀ ਅਤੇ ਦੂਜਾ ਰਾਜਨੀਤੀ। ਸਿੱਧੂ ਹਮੇਸ਼ਾ ਸੱਚ ਬੋਲਦਾ ਸੀ, ਇਸ ਕਰਕੇ ਸੱਚ ਨੂੰ ਦਬਾਇਆ ਗਿਆ ਹੈ।

Exit mobile version