‘ਦ ਖ਼ਾਲਸ ਬਿਊਰੋ :- ਸੰਯੁਕਤ ਕਿਸਾਨ ਮੋਰਚਾ ਨੇ ਕਿਸਾਨੀ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਕਈ ਅਹਿਮ ਫੈਸਲੇ ਲਏ ਹਨ। 22 ਮਾਰਚ ਨੂੰ ਦੇਸ਼ ਭਰ ਵਿੱਚ ਜ਼ਿਲ੍ਹਾ ਪੱਧਰ ‘ਤੇ ਸਮਾਜਿਕ ਜਥੇਬੰਦੀਆਂ ਦੀ ਇੱਕ ਮੀਟਿੰਗ ਕੀਤੀ ਜਾਵੇਗੀ, ਜਿਸ ਵਿੱਚ 26 ਮਾਰਚ ਦੇ ਸੰਪੂਰਨ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਤਿਆਰੀਆਂ ਕੀਤੀਆਂ ਜਾਣਗੀਆਂ।
23 ਮਾਰਚ ਨੂੰ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਸ਼ਹੀਦੀ-ਦਿਹਾੜੇ ਮੌਕੇ ਪੂਰੇ ਦੇਸ਼ ਤੋਂ ਆਉਣ ਵਾਲੇ ਨੌਜਵਾਨਾਂ ਦਾ ਦਿੱਲੀ ਦੇ ਕਿਸਾਨ ਮੋਰਚਿਆਂ ‘ਤੇ ਸਵਾਗਤ ਕੀਤਾ ਜਾਵੇਗਾ। ਭਾਰਤ 26 ਮਾਰਚ ਨੂੰ ਪੂਰੀ ਤਰ੍ਹਾਂ ਬੰਦ ਰਹੇਗਾ। ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਸਾਰੀਆਂ ਸੇਵਾਵਾਂ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਬੰਦ ਰਹਿਣਗੀਆਂ। ਸੜਕ ਅਤੇ ਰੇਲ ਆਵਾਜਾਈ ਬੰਦ ਰਹੇਗੀ। 28 ਮਾਰਚ ਨੂੰ ਹੋਲੀ ਵਾਲੇ ਦਿਨ ਤਿੰਨ ਖੇਤੀਬਾੜੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। 5 ਅਪ੍ਰੈਲ ਨੂੰ ਦੇਸ਼ ਭਰ ਦੇ ਐੱਫਸੀਆਈ ਦਫਤਰਾਂ ਨੂੰ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਘੇਰਿਆ ਜਾਵੇਗਾ।