The Khalas Tv Blog India ਤੇਰੀ ਸ਼ਹਾਦਤ ਨੇ ਵਧਾਇਆ ਪੰਜਾਬ ਦਾ ਮਾਣ ਕਰਤਾਰ ਸਿੰਘਾ, ਤੇਰੀ ਕੁਰਬਾਨੀ ਨੂੰ ਲੱਖ-ਲੱਖ ਵਾਰ ਪ੍ਰਣਾਮ ਸ਼ਹੀਦ ਕਰਤਾਰ ਸਿੰਘਾ
India Punjab

ਤੇਰੀ ਸ਼ਹਾਦਤ ਨੇ ਵਧਾਇਆ ਪੰਜਾਬ ਦਾ ਮਾਣ ਕਰਤਾਰ ਸਿੰਘਾ, ਤੇਰੀ ਕੁਰਬਾਨੀ ਨੂੰ ਲੱਖ-ਲੱਖ ਵਾਰ ਪ੍ਰਣਾਮ ਸ਼ਹੀਦ ਕਰਤਾਰ ਸਿੰਘਾ

‘ਦ ਖ਼ਾਲਸ ਬਿਊਰੋ : ਭਾਰਤ ਦਾ ਇਤਿਹਾਸ ਦੇਸ਼-ਭਗਤਾਂ ਦੀ ਮਿਹਨਤ ਤੇ ਸੰਘਰਸ਼ ਨਾਲ ਭਰਪੂਰ ਹੈ। ਭਾਰਤ ਦੀ ਸੁਤੰਤਰਤਾ ਦਾ ਇਤਿਹਾਸ ਸ਼ਹੀਦਾਂ ਦਾ ਇਤਿਹਾਸ ਹੈ। ਭਾਰਤ ਨੂੰ ਅੰਗਰੇਜ਼ੀ ਰਾਜ ਦੇ ਜੂਲੇ ਤੋਂ ਸੁਤੰਤਰ ਕਰਾਉਣ ਲਈ ਸੈਂਕੜੇ-ਹਜ਼ਾਰਾਂ ਭਾਰਤਵਾਸੀਆਂ ਨੂੰ ਕੁਰਬਾਨੀਆਂ ਦੇਣੀਆਂ ਪਈਆਂ। ਹਜ਼ਾਰਾਂ ਭਾਰਤੀਆਂ ਨੇ ਆਜ਼ਾਦੀ ਪ੍ਰਾਪਤੀ ਲਈ ਆਪਣਾ ਬਲੀਦਾਨ ਦਿੱਤਾ। ਕਈ ਤਾਂ ਚੜ੍ਹਦੀ ਜਵਾਨੀ ਵਿਚ ਹੀ ਆਪਣੀਆਂ ਜਾਨਾਂ ਕੁਰਬਾਨ ਕਰ ਗਏ। ਭਾਰਤ ਦੀ ਆਜ਼ਾਦੀ ਸੰਗਰਾਮ ਵਿਚ ਵਿਲੱਖਣ ਭੂਮਿਕਾ ਅਦਾ ਕਰਨ ਵਾਲੇ ਗ਼ਦਰ ਪਾਰਟੀ ਦੇ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ।  ਅੱਜ ਸ਼ਹੀਦੇ ਆਜ਼ਮ ਸਰਦਾਰ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਹਾੜਾ ਹੈ।

ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਸੰਨ 1896 ਵਿਚ ਲੁਧਿਆਣੇ ਜ਼ਿਲੇ ਦੇ ਇਕ ਪਿੰਡ ਸਰਾਭਾ ਵਿਚ ਸ. ਮੰਗਲ ਸਿੰਘ ਦੇ ਘਰ ਹੋਇਆ। ਇਸ ਪਿੰਡ ਦੇ ਨਾਂ ਕਾਰਣ ਹੀ ਕਰਤਾਰ ਸਿੰਘ ਦੇ ਨਾਂ ਨਾਲ ਸਰਾਭਾ ਸ਼ਬਦ ਜੁੜ ਗਿਆ। ਛੋਟੀ ਉਮਰ ਵਿਚ ਹੀ ਇਹਨਾਂ ਦੇ ਸਿਰੋਂ ਪਿਤਾ ਦਾ ਸਾਇਆ ਉਠ ਗਿਆ, ਇਸ ਲਈ ਉਨ੍ਹਾਂ ਦਾ ਪਾਲਣ ਪੋਸ਼ਣ ਉਨ੍ਹਾਂ ਦੇ ਦਾਦਾ ਜੀ ਨੇ ਕੀਤੀ।
ਵਿੱਦਿਆ ਪ੍ਰਾਪਤੀ : ਉਨ੍ਹਾਂ ਨੇ ਆਰੰਭਿਕ ਵਿੱਦਿਆ ਆਪਣੇ ਪਿੰਡ ਦੇ ਸਕੂਲ ਵਿਚ ਹੀ ਪ੍ਰਾਪਤ ਕੀਤੀ। ਅੱਠਵੀਂ ਕਲਾਸ ਖਾਲਸਾ ਹਾਈ ਸਕੂਲ ਤੋਂ ਪ੍ਰਾਪਤ ਕੀਤੀ ਤੇ ਦਸਵੀਂ ਮਿਸ਼ਨ ਹਾਈ ਸਕੂਲ ਤੋਂ ਪਾਸ ਕੀਤੀ। ਉੱਚ ਸਿੱਖਿਆ ਪ੍ਰਾਪਤ ਕਰਨ ਲਈ ਉਹ ਸੰਨ 1910 ਵਿਚ ਸਾਨਫਰਾਂਸਿਸਕੋ (ਅਮਰੀਕਾ) ਚਲੇ ਗਏ।

ਹਿੰਦੁਸਤਾਨ ਨੂੰ ਸੁਤੰਤਰ ਕਰਾਉਣ ਲਈ ਸਾਨਫਰਾਂਸਿਸਕੋ ਵਿਚ ਵੱਸਦੇ ਭਾਰਤੀਆਂ ਨੇ ਗ਼ਦਰ ਪਾਰਟੀ ਸਥਾਪਿਤ ਕੀਤੀ। ਇਸ ਪਾਰਟੀ ਦੇ ਪ੍ਰਧਾਨ ਬਾਬਾ ਸੋਹਨ ਸਿੰਘ ਭਕਨਾ ਅਤੇ ਸਕੱਤਰ ਲਾਲਾ ਹਰਦਿਆਲ ਜੀ ਸਨ। ਕਰਤਾਰ ਸਿੰਘ ਵੀ ਇਸ ਗਦਰ ਪਾਰਟੀ ਵਿਚ ਸ਼ਾਮਲ ਹੋ ਗਿਆ। ਇਸ ਪਾਰਟੀ ਨੇ “ਗਦਰ” ਨਾਂ ਦਾ ਇਕ ਅਖਬਾਰ ਵੀ ਪ੍ਰਕਾਸ਼ਿਤ ਕੀਤਾ। ਪਾਰਟੀ ਦਾ ਹੁਕਮ ਮੰਨ ਕੇ ਕਰਤਾਰ ਸਿੰਘ ਸਰਾਭਾ ਨੇ ਆਪਣੀਆਂ ਮੁਹਾਰਾਂ ਭਾਰਤ ਨੂੰ ਮੋੜ ਲਈਆਂ। ਉਹ ਬੰਗਾਲ ਦੇ ਨੇਤਾ ਰਾਸ ਬਿਹਾਰੀ ਬੋਸ ਨੂੰ ਵੀ ਮਿਲੇ ਅਤੇ ਆਪਣਾ ਉਦੇਸ਼ ਉਸ ਦੇ ਅੱਗੇ ਰੱਖਿਆ। ਉਸ ਨੇ ਸਰਾਭਾ ਨੂੰ ਪੂਰੀ-ਪੂਰੀ ਮਦਦ ਦੇਣ ਦਾ ਭਰੋਸਾ ਦਿੱਤਾ।

ਪੰਜਾਬ ਵਿਚ ਆ ਕੇ ਕਰਤਾਰ ਸਿੰਘ ਨੇ ਪਹਿਲਾਂ ਅੰਮ੍ਰਿਤਸਰ ਅਤੇ ਫਿਰ ਲਾਹੌਰ ਵਿਚ ਗਦਰ ਪਾਰਟੀ ਦੇ ਅੱਡੇ ਸਥਾਪਿਤ ਕੀਤੇ। ਇਸ ਕੰਮ ਵਿਚ ਭੈਣ ਸਤਿਆਵਤੀ ਅਤੇ ਮਾਈ ਗੁਲਾਬ ਕੌਰ ਨੇ ਇਹਨਾਂ ਦੀ ਬੜੀ ਮੱਦਦ ਕੀਤੀ।

ਸਰਾਭਾ ਨੇ ਬੰਗਾਲੀ ਕ੍ਰਾਂਤੀਕਾਰੀ ਰਾਸ ਬਿਹਾਰੀ ਬੋਸ ਨੂੰ ਆਪਣੀ ਸਹਾਇਤਾ ਲਈ ਬੁਲਾ ਲਿਆ। ਪੰਜਾਬ ਵਿਚ ਗਦਰ ਪਾਰਟੀ ਦਾ ਮੁੱਖ ਪ੍ਰੋਗਰਾਮ ਛਾਉਣੀਆਂ ਵਿਚ ਫੌਜੀਆਂ ਨੂੰ ਇਨਕਲਾਬ ਲਈ ਤਿਆਰ ਕਰਨਾ ਸੀ, ਪਰ ਕਾਂਤੀ ਦੀ ਸਕੀਮ ਪਾਰਟੀ ਵਿਚ ਆ ਵੜੇ ਇਕ ਪੁਲਿਸ ਮੁਖਬਰ ਕਿਰਪਾਲ ਸਿੰਘ ਕਾਰਨ ਫੇਲ ਹੋ ਗਈ। ਫੜੋ ਫੜੀ ਸ਼ੁਰੂ ਹੋਣ ਤੇ ਬੋਸ ਆਪਣਾ ਭੇਸ ਵਟਾ ਕੇ ਬੰਗਾਲ ਪਰਤ ਗਿਆ। ਕਰਤਾਰ ਸਿੰਘ ਸਰਾਭਾ ਆਪਣੇ ਸਾਥੀਆਂ ਹਰਨਾਮ ਸਿੰਘ ਟੁੰਡੀਲਾਟ ਅਤੇ ਜਗਤ ਸਿੰਘ ਨਾਲ ਲਾਇਲਪੁਰ ਪੁੱਜ ਗਿਆ। ਇੱਥੋਂ ਉਹ ਪੇਸ਼ਾਵਰ ਹੁੰਦੇ ਹੋਏ ਸਰਹੱਦੀ ਸਥਾਨ ਮਿਦਨੀ ਪਹੁੰਚ ਗਏ।

ਕਰਤਾਰ ਸਿੰਘ ਸਰਾਭਾ ਦੇ ਮਨ ਵਿਚ ਖਿਆਲ ਆਇਆ ਕਿ ਅਸੀਂ ਅਮਰੀਕਾ ਵਿਚੋਂ ਭਾਰਤ ਨੂੰ ਆਜ਼ਾਦ ਕਰਾਉਣ ਲਈ ਆਏ ਸਾਂ ਪਰ ਅਸੀਂ ਆਪ ਇੱਥੇ ਲੁਕਦੇ ਫਿਰਦੇ ਹਾਂ। ਉਹਨਾਂ ਦੇ ਮਨ ਵਿਚ ਆਪਣੇ ਇਕ ਦੋਸਤ ਰਾਜਿੰਦਰ ਸਿੰਘ ਕੋਲੋਂ ਸਰਗੋਧੇ ਜਾ ਕੇ ਹਥਿਆਰ ਲੈਣ ਦਾ ਫੁਰਨਾ ਫੁਰਿਆ। ਇਸ ਉਦੇਸ਼ ਦੀ ਪ੍ਰਾਪਤੀ ਲਈ ਉਹ ਚੱਕ 25 ਸਰਗੋਧਾ ਵਿਚ ਰਾਜਿੰਦਰ ਸਿੰਘ ਕੋਲ ਅਪੜੇ। ਉਸ ਨੇ ਧੋਖੇ ਨਾਲ ਰਸਾਲਦਾਰ ਗੰਡਾ ਸਿੰਘ ਦੀ ਸਹਾਇਤਾ ਨਾਲ ਇਹਨਾਂ ਤਿੰਨਾਂ ਸੂਰਮਿਆਂ ਨੂੰ ਪੁਲਿਸ ਨੂੰ ਸੌਂਪ ਦਿੱਤਾ। ਇਹਨਾਂ ਤਿੰਨਾਂ ਦੋਸ਼ ਭਗਤਾਂ ਉੱਤੇ ਮੁਕੱਦਮਾ ਚਲਾਇਆ ਗਿਆ। ਹੋਰ ਵੀ ਕਈ ਦੇਸ਼ ਭਗਤਾਂ ਸਮੇਤ ਕਰਤਾਰ ਸਿੰਘ ਸਰਾਭਾ ਨੂੰ 10 ਨਵੰਬਰ, ਸੰਨ 1915 ਨੂੰ ਫਾਂਸੀ ਦੇ ਦਿੱਤੀ ਗਈ।

ਕਰਤਾਰ ਸਿੰਘ ਸਰਾਭਾ ਭਾਰਤ ਮਾਤਾ ਦਾ ਇਕ ਸੱਚਾ-ਸੁੱਚਾ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਭਰਪੂਰ ਨੌਜਵਾਨ ਸੀ ਜਿਸ ਨੇ ਭਾਰਤ ਨੂੰ ਆਜ਼ਾਦ ਕਰਾਉਣ ਲਈ ਦੇਸ਼ ਤੋਂ ਆਪਣੀ ਜਾਨ ਵਾਰ ਦਿੱਤੀ ।

Exit mobile version