The Khalas Tv Blog India ਕਿਸਾਨ ਮੋਰਚਾ ਦੇ ਕੌਮੀ ਹੀਰੋ : ਪੰਜਾਬ ਦੀ ਸਿਆਸਤ ਤੱਕ ਧਮਕ
India Khaas Lekh Khalas Tv Special Punjab

ਕਿਸਾਨ ਮੋਰਚਾ ਦੇ ਕੌਮੀ ਹੀਰੋ : ਪੰਜਾਬ ਦੀ ਸਿਆਸਤ ਤੱਕ ਧਮਕ

ਕਮਲਜੀਤ ਸਿੰਘ ਬਨਵੈਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਦੀਆਂ ਬਰੂਹਾਂ ‘ਤੇ ਕਿਸਾਨ ਇੱਕ ਸਾਲ ਤੱਕ ਡਟੇ ਰਹੇ। ਗਣਿਤ ਦੇ ਹਿਸਾਬ ਨਾਲ ਅੰਦੋਲਨ 13 ਮਹੀਨੇ 13 ਦਿਨ ਚੱਲਿਆ। ਇਹ ਉਹ ਸਮਾਂ ਸੀ ਜਦੋਂ ਪੰਜਾਬ ਦੇ ਕਿਸਾਨ ਲੀਡਰਾਂ ਦਾ ਨਾਂ ਦੇਸ਼ ਵਿਦੇਸ਼ ਦੇ ਲੋਕਾਂ ਦੀ ਜ਼ੁਬਾਨ ‘ਤੇ ਚੜਿਆ। ਪੰਜਾਬ ਦੇ ਕਿਸਾਨ ਨੇਤਾਵਾਂ ਦੀ ਅਗਵਈ ਹੇਠ ਅੰਦੋਲਨ ਨੇ ਪਹਿਲੀ ਪੁਲਾਂਘ ਭਰੀ। ਪਿੱਛੋਂ ਆ ਕੇ ਪੂਰੇ ਦੇਸ਼ ਦੇ ਕਿਸਾਨ ਨੇਤਾ ਨਾਲ ਰਲੇ। ਕੁੱਝ ਚਿਹਰੇ ਤਾਂ ਪੰਜਾਬ ਦੇ ਕਿਸਾਨਾਂ ਤੋਂ ਵੀ ਵੱਧ ਰੌਸ਼ਨ ਹੋ ਕੇ ਚਮਕੇ। ਇਹ ਜ਼ਰੂਰ ਕਹਿਣਾ ਪਵੇਗਾ ਕਿ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਆਪਣੀ ਸੂਝ-ਬੂਝ ਅਤੇ ਸਮਝਦਾਰੀ ਨਾਲ ਮੋਰਚੇ ਨੂੰ ਫਤਿਹ ਪ੍ਰਾਪਤ ਹੋਈ ਹੈ।

ਪੰਜਾਬ ਦੇ ਕਿਸਾਨ ਨੇਤਾਵਾਂ ਦਾ ਸੂਬੇ ਦੀ ਸਿਆਸਤ ਉੱਤੇ ਦਬਦਬਾ ਵਧਿਆ ਹੈ। ਚਾਹੇ ਅੰਦੋਲਨ ਤੋਂ ਪਹਿਲਾਂ ਵੀ ਕਿਸਾਨ ਵੱਡੇ ਵਰਗ ‘ਤੇ ਆਪਣਾ ਪ੍ਰਭਾਵ ਰੱਖਦੇ ਸਨ। ਕਿਸਾਨ ਮੋਰਚਾ ਜਿੱਤਣ ਤੋਂ ਬਾਅਦ ਸੂਬੇ ਦੀ ਸਿਆਸਤ ਵਿੱਚ ਇਨ੍ਹਾਂ ਦੀ ਐਂਟਰੀ ਬਾਰੇ ਤਰ੍ਹਾਂ-ਤਰ੍ਹਾਂ ਦੀ ਚਰਚਾ ਛਿੜ ਪਈ ਹੈ ਪਰ ਹਾਲੇ ਤੱਕ ਕਿਸਾਨ ਨੇਤਾਵਾਂ ਨੇ ਕੋਈ ਠੋਸ ਹੁੰਗਾਰਾ ਨਹੀਂ ਭਰਿਆ। ਇਹ ਵੱਖਰੀ ਗੱਲ ਹੈ ਕਿ ਇਨ੍ਹਾਂ ਦਾ ਦਿਲ ਜ਼ਰੂਰ ਡੋਬੂ ਖਾਂਦਾ ਨਜ਼ਰ ਆ ਰਿਹਾ ਹੈ। ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕਈ ਸਿਆਸੀ ਪਾਰਟੀਆਂ ਇਨ੍ਹਾਂ ਉੱਤੇ ਆਪਣੀ ਜਿੱਤ ਦੀ ਟੇਕ ਲਾਈ ਬੈਠੀਆਂ ਹਨ। ਉਂਝ ਸਾਰੇ ਕਿਸਾਨ ਨੇਤਾ ਸ਼ੁਰੂ ਤੋਂ ਹੀ ਕਿਸੇ ਨਾ ਕਿਸੇ ਸਿਆਸੀ ਪਾਰਟੀ ਨਾਲ ਜੁੜੇ ਰਹੇ ਹਨ। ਬਹੁਤਿਆਂ ਨੇ ਆਪਣੀ ਜ਼ਿੰਦਗੀ ਵਿਦਿਆਰਥੀ ਸੰਘਰਸ਼ ਤੋਂ ਸ਼ੁਰੂ ਕੀਤੀ। ਜ਼ਿਆਦਾਤਾਰ ਤਾਂ ਖੱਬੇਪੱਖੀ ਪਾਰਟੀਆਂ ਦੇ ਹੋ ਕੇ ਰਹਿ ਗਏ ਹਨ।

ਜੋਗਿੰਦਰ ਸਿੰਘ ਉਗਰਾਹਾਂ : ਕਿਸਾਨ ਅੰਦੋਲਨ ਦਾ ਮੁੱਖ ਚਿਹਰਾ ਸੀ। ਸੰਗਰੂਰ ਜ਼ਿਲ੍ਹੇ ਦੇ ਸੁਨਾਮ ਨਾਲ ਸਬੰਧਿਤ ਇਸ ਗਰਮ ਨੇਤਾ ਦਾ ਪਿਛੋਕੜ ਸੈਨਾ ਨਾਲ ਹੈ। ਫੌਜ ਵਿੱਚੋਂ ਰਿਟਾਇਰ ਹੋਣ ਤੋਂ ਬਾਅਦ ਉਨ੍ਹਾਂ ਨੇ ਖੇਤੀ ਵੱਲ ਰੁਖ ਕਰ ਲਿਆ ਅਤੇ ਜਲਦੀ ਹੀ ਕਿਸਾਨ ਹਿੱਤਾਂ ਲਈ ਝੰਡਾ ਹੱਥ ਵਿੱਚ ਫੜ੍ਹ ਲਿਆ। ਉਨ੍ਹਾਂ ਨੇ ਭਾਰਤੀ ਕਿਸਾਨ ਯੂਨੀਅਨ ਦਾ ਗਠਨ ਕੀਤਾ। ਹਾਲ ਦੀ ਘੜੀ ਇਹ ਕਿਸਾਨ ਮੁੱਦਿਆਂ ਨੂੰ ਵੱਧ ਸਮਰਪਿਤ ਨਜ਼ਰ ਆ ਰਹੇ ਹਨ ਅਤੇ ਸਿਆਸੀ ਪਾਰਟੀਆਂ ਨੂੰ ਘਾਹ ਨਹੀਂ ਪਾ ਰਹੇ। ਇਨ੍ਹਾਂ ਦਾ ਸਬੰਧ ਵੀ ਖੱਬੇਪੱਖੀਆਂ ਨਾਲ ਦੱਸਿਆ ਜਾਂਦਾ ਹੈ।

ਬਲਬੀਰ ਸਿੰਘ ਰਾਜੇਵਾਲ : ਭਾਰਤੀ ਕਿਸਾਨ ਯੂਨੀਅਨ ਦੇ ਸੰਸਥਾਪਕ, ਕਿਸਾਨ ਮੋਰਚੇ ਦੇ ਥਿੰਕ ਟੈਂਕ ਮੰਨੇ ਜਾਂਦੇ ਹਨ। ਉਨ੍ਹਾਂ ਨੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਸਥਾਪਨਾ 2006 ਵਿੱਚ ਕੀਤੀ ਸੀ। ਉਹ ਅੰਦੋਲਨ ਦੌਰਾਨ ਬੁਲਾਰੇ ਵਜੋਂ ਵਿਚਰਦੇ ਰਹੇ ਹਨ। ਮੋਰਚੇ ਦੀ 9 ਮੈਂਬਰੀ ਕੁਆਰਡੀਨੇਸ਼ਨ ਕਮੇਟੀ ਦੇ ਮੈਂਬਰ ਵੀ ਰਹੇ ਹਨ। ਅੱਜਕੱਲ੍ਹ ਉਨ੍ਹਾਂ ਦਾ ਨਾਂ ਆਮ ਆਦਮੀ ਪਾਰਟੀ ਨਾਲ ਜੁੜਨ ਲੱਗਾ ਹੈ ਹਾਲਾਂਕਿ ਕਿਸੇ ਵੇਲੇ ਉਹ ਅਕਾਲੀਆਂ ਦੇ ਨੇੜੇ ਦੱਸੇ ਜਾਂਦੇ ਰਹੇ ਹਨ। ਵਿਚ-ਵਿਚਾਲੇ ਜਿਹੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਬਗਲਗੀਰ ਹੋਏ। ਮੋਰਚਾ ਖਤਮ ਹੋਣ ਤੋਂ ਬਾਅਦ ਉਨ੍ਹਾਂ ਦਾ ਨਾਂ ਕਈ ਤਰ੍ਹਾਂ ਦੇ ਵਿਵਾਦਾਂ ਵਿੱਚ ਘਿਰਨ ਲੱਗਾ।

ਸਤਨਾਮ ਸਿੰਘ ਪੰਨੂ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਬਾਨੀ ਪ੍ਰਧਾਨ ਹਨ। ਕਮੇਟੀ ਦਾ ਮਾਝੇ ਮਾਲਵੇ ਵਿੱਚ ਜ਼ਿਆਦਾ ਆਧਾਰ ਹੈ। ਉਹ ਸ਼ੁਰੂ ਤੋਂ ਹੀ ਸੰਘਰਸ਼ਾਂ ਵਿੱਚ ਕੁੱਦਣ ਵਾਲਿਆਂ ਵਿੱਚੋਂ ਮੋਹਰੀ ਰਹੇ ਹਨ। ਇਸੇ ਸਾਲ 26 ਜਨਵਰੀ ਨੂੰ ਉਨ੍ਹਾਂ ਉੱਤੇ ਰੂਟ ਬਦਲ ਕੇ ਲਾਲ ਕਿਲ੍ਹੇ ਵੱਲ ਨੂੰ ਮਾਰਚ ਕਰਨ ਦਾ ਦੋਸ਼ ਲੱਗਾ ਸੀ। ਬਾਅਦ ਵਿੱਚ ਬਰੀ ਹੋ ਗਏ। ਕਿਸਾਨ ਅੰਦੋਲਨ ਦੌਰਾਨ ਉਨ੍ਹਾਂ ਦੀ ਭੂਮਿਕਾ ਅਹਿਮ ਰਹੀ ਹੈ।

ਡਾ.ਦਰਸ਼ਨਪਾਲ : ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੰਸਥਾਪਕ ਹਨ। ਉਨ੍ਹਾਂ ਨੇ ਐੱਮਬੀਬੀਐੱਸ ਤੋਂ ਬਾਅਦ ਐੱਮਡੀ ਕੀਤੀ ਪਰ ਕਿਸਾਨ ਹਿੱਤ ਵਧੇਰੇ ਪਿਆਰੇ ਰਹੇ। ਉਨ੍ਹਾਂ ਨੇ ਯੂਨੀਅਨ ਦਾ ਗਠਨ 2016 ਵਿੱਚ ਕੀਤਾ। ਡਾਕਟਰੀ ਦੀ ਪੜਾਈ ਪੂਰੀ ਕਰਨ ਤੋਂ ਬਾਅਦ ਉਹ ਸਰਕਾਰੀ ਡਾਕਟਰ ਵੀ ਰਹੇ। ਕਿਸਾਨ ਅੰਦੋਲਨ ਦੌਰਾਨ ਉਹ ਦੂਜੇ ਥਿੰਕ ਟੈਂਕ ਵਜੋਂ ਜਾਣੇ ਜਾਂਦੇ ਰਹੇ ਹਨ। ਉਨ੍ਹਾਂ ਦਾ ਸਬੰਧ ਪਟਿਆਲਾ ਨਾਲ ਹੈ।

ਜਗਜੀਤ ਸਿੰਘ ਡੱਲੇਵਾਲ : ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਵਾਗਡੋਰ ਅੱਜਕੱਲ੍ਹ ਡੱਲੇਵਾਲ ਦੇ ਹੱਥ ਹੈ। ਯੂਨੀਅਨ ਦੇ ਬਾਨੀ ਪ੍ਰਧਾਨ ਪਿਸ਼ੌਰਾ ਸਿੰਘ ਸਿੱਧੂ ਰਹੇ ਹਨ। ਉਨ੍ਹਾਂ ਕੋਲ 17 ਏਕੜ ਜ਼ਮੀਨ ਹੋਣ ਦੇ ਬਾਵਜੂਦ ਇਹ ਬੇਜ਼ਮੀਨਿਆਂ ਲਈ ਲੜਦੇ ਆਏ ਹਨ। ਕਿਸਾਨ ਅੰਦੋਲਨ ਦੌਰਾਨ ਇਹ ਸਰਕਾਰੀ ਧਿਰ ਨਾਲ ਗੱਲ਼ਬਾਤ ਵੇਲੇ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਹਨ। ਇਨ੍ਹਾਂ ਵੱਲੋਂ ਕਿਸਾਨ ਅੰਦੋਲਨ ਦੌਰਾਨ ਦਿੱਤੀ ਹੱਲਾਸ਼ੇਰੀ ਫਤਿਹ ਦਾ ਸਬੱਬ ਬਣੀ ਹੈ। ਅੰਦੋਲਨ ਖਤਮ ਹੋਣ ਤੋਂ ਬਾਅਦ ਰਾਜੇਵਾਲ ਵੱਲੋਂ ਇਨ੍ਹਾਂ ਬਾਰੇ ਦਿੱਤੇ ਟੇਢੇ ਮੇਢੇ ਬਿਆਨ ਨੂੰ ਜਿਵੇਂ ਇਨ੍ਹਾਂ ਨੇ ਸੰਭਾਲਿਆ, ਇਹ ਉਨ੍ਹਾਂ ਦੀ ਵਡਿਆਈ ਮੰਨੀ ਜਾਣ ਲੱਗੀ ਹੈ।

ਰੁਲਦੂ ਸਿੰਘ ਮਾਨਸਾ : ਖੁੰਡੇ ਵਾਲੇ ਬਾਪੂ ਵਜੋਂ ਜਾਣੇ ਜਾਂਦੇ ਰੁਲਦੂ ਸਿੰਘ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਹਨ। ਕਮੇਟੀ ਦੀ 15 ਸਾਲ ਪਹਿਲਾਂ ਸਥਾਪਨਾ ਕੀਤੀ ਗਈ ਸੀ। ਇਸ ਤੋਂ ਪਹਿਲਾਂ ਉਹ ਸੀਪੀਆਈਐੱਮਐੱਲ ਨਾਲ ਜੁੜੇ ਰਹੇ ਹਨ। ਕਿਸਾਨ ਮੋਰਚੇ ਦੀ ਕੌਮੀ ਕਮੇਟੀ ਦੇ ਮੈਂਬਰ ਵਜੋਂ ਬਾਖੂਬੀ ਸੇਵਾ ਨਿਭਾਈ। ਅਨੁਸ਼ਾਸਨ ਦੇ ਪੱਕੇ ਰੁਲਦੂ ਸਿੰਘ ਮੋਰਚੇ ਵਿੱਚੋਂ ਸਸਪੈਂਡ ਹੋਣ ‘ਤੇ ਪੂਰੀ ਤਰ੍ਹਾਂ ਅਟੰਕ ਹੋ ਕੇ ਬੈਠੇ ਰਹੇ ਜਿਹੜਾ ਦੂਜਿਆਂ ਲਈ ਉਦਾਹਰਨ ਬਣਿਆ।

ਮਨਜੀਤ ਸਿੰਘ ਰਾਏ : ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਪ੍ਰਧਾਨ ਵਜੋਂ ਕੰਮ ਕਰ ਰਹੇ ਹਨ। ਉਹ ਅੱਛੇ ਬੁਲਾਰੇ ਤਾਂ ਮੰਨੇ ਹੀ ਗਏ ਹਨ। ਸੋਸ਼ਲ ਮੀਡੀਆ ਅਤੇ ਚੈਨਲਾਂ ਉੱਤੇ ਬਹਿਸ ਦੌਰਾਨ ਉਨ੍ਹਾਂ ਨੂੰ ਗੱਲ ਕਰਨ ਦੀ ਜਾਚ ਹੈ। ਮੋਰਚੇ ਦੌਰਾਨ ਉਹ ਤੀਜੇ ਥਿੰਕ ਟੈਂਕ ਵਜੋਂ ਜਾਣੇ ਜਾਂਦੇ ਸਨ। ਉਨ੍ਹਾਂ ਦੀ ਯੂਨੀਅਨ ਦਾ ਨਵਾਂਸ਼ਹਿਰ, ਹੁਸ਼ਿਆਰਪੁਰ, ਜਲੰਧਰ ਅਤੇ ਕਪੂਰਥਲਾ ਵਿੱਚ ਚੰਗਾ ਆਧਾਰ ਹੈ।

ਬੂਟਾ ਸਿੰਘ ਬੁਰਜਗਿੱਲ : ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਪ੍ਰਧਾਨ ਹਨ, ਜਿਨ੍ਹਾਂ ਦੀ ਸਥਾਪਨਾ 2005 ਵਿੱਚ ਕੀਤੀ ਗਈ ਸੀ। ਉਹ ਜ਼ਿੰਦਗੀ ਦੇ 70ਵੇਂ ਢੁਕਣ ਵਾਲੇ ਹਨ। ਉਨ੍ਹਾਂ ਦੀ ਯੂਨੀਅਨ ਦਾ ਮਾਲਵੇ ਵਿੱਚ ਖਾਸਾ ਆਧਾਰ ਹੈ। ਹਾਕਮ ਸਿੰਘ ਕਾਦੀਆਂ ਇੱਕ ਹੋਰ ਨਾਂ ਹੈ ਜਿਸਨੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਚਾਰ ਸਾਲ ਪਹਿਲਾਂ ਸਥਾਪਨਾ ਕਰਕੇ ਅੰਦੋਲਨ ਦੌਰਾਨ ਵੱਡਾ ਨਾਂ ਬਣਾਇਆ ਹੈ। ਲੁਧਿਆਣਾ ਨਾਲ ਸਬੰਧਿਤ ਕਾਦੀਆਂ ਕਿਸਾਨ ਮੋਰਚੇ ਵਿੱਚ ਆਪਣੇ 10 ਸਾਲਾ ਬੇਟੇ ਨਾਲ ਲਗਾਤਾਰ ਡਟਿਆ ਰਿਹਾ। ਉਨ੍ਹਾਂ ਦਾ ਬੇਟਾ ਆਨਲਾਈਨ ਕਲਾਸਾਂ ਲੈਣ ਕਰਕੇ ਚਰਚਾ ਵਿੱਚ ਰਿਹਾ ਹੈ।

ਸਰਵਣ ਸਿੰਘ ਪੰਧੇਰ : ਮਾਝਾ ਦੇ ਨੌਜਵਾਨ ਕਿਸਾਨ ਨੇਤਾ ਹਨ। ਉਹ ਕਿਸਾਨ ਮਜ਼ਦੂਰ ਸੰਘਰਸ਼ ਸੰਮਤੀ ਦੇ ਜਨਰਲ ਸਕੱਤਰ ਹਨ। ਅੰਦੋਲਨ ਦੌਰਾਨ ਉਨ੍ਹਾਂ ਨੇ ਵੱਡੀ ਭੂਮਿਕਾ ਨਿਭਾਈ। 42 ਸਾਲਾ ਪੰਧੇਰ ਦਾ ਸਬੰਧ ਮਾਝੇ ਨਾਲ ਹੈ। ਅੰਦੋਲਨ ਦੌਰਾਨ ਉਨ੍ਹਾਂ ਨੇ ਵੱਡੀ ਭੂਮਿਕਾ ਨਿਭਾਈ ਪਰ ਸੰਘਰਸ਼ ਵਿੱਚ ਉਹ ਤੇਜੀ ਨਾਲ ਅੱਗੇ ਵੀ ਵਧੇ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੰਸਥਾਪਕ ਸੁਰਜੀਤ ਸਿੰਘ ਫੂਲ ਸੰਘਰਸ਼ਾਂ ਵਿੱਚ ਮੂਹਰੇ ਹੋ ਕੇ ਲੜਨ ਵਾਲਿਆਂ ਵਿੱਚੋਂ ਰਹੇ ਹਨ। ਉਨ੍ਹਾਂ ਵਿਰੁੱਧ ਪੰਜਾਬ ਪੁਲਿਸ ਥਾਣਿਆਂ ਵਿੱਚ ਕਈ ਕੇਸ ਦਰਜ ਵੀ ਹੋਏ। ਕਿਸਾਨ ਅੰਦੋਲਨ ਦੌਰਾਨ 26 ਜਨਵਰੀ ਨੂੰ ਉਨ੍ਹਾਂ ਉੱਤੇ ਨਿਰਧਾਰਤ ਰੂਟ ਦੀ ਉਲੰਘਣਾ ਕਰਨ ਦਾ ਦੋਸ਼ ਲੱਗਾ ਸੀ।

ਹਰਿੰਦਰ ਸਿੰਘ ਲੱਖੋਵਾਲ : ਨੌਜਵਾਨ ਨੇਤਾ ਹਰਿੰਦਰ ਸਿੰਘ ਲੱਖੋਵਾਲ ਅੰਦੋਲਨ ਦੀ ਉਪਜ ਤਾਂ ਨਹੀਂ ਪਰ ਮੋਰਚੇ ‘ਤੇ ਰਹਿ ਕੇ ਲੜਦਿਆਂ ਉਸਨੇ ਆਪਣੀ ਪਛਾਣ ਜ਼ਰੂਰ ਬਣਾ ਲਈ ਹੈ। ਉਨ੍ਹਾਂ ਦੇ ਪਿਤਾ ਅਜਮੇਰ ਸਿੰਘ ਲੱਖੋਵਾਲ ਨੇ ਕਿਸਾਨ ਯੂਨੀਅਨ ਵਿੱਚ ਲੰਮਾ ਸਮਾਂ ਸੇਵਾ ਨਿਭਾਈ ਪਰ ਅਕਾਲੀ ਭਾਜਪਾ ਸਰਕਾਰ ਵੇਲੇ ਪੰਜਾਬ ਰਾਜ ਮੰਡੀ ਬੋਰਡ ਦੀ ਚੇਅਰਮੈਨੀ ਲੈਣ ਕਾਰਨ ਉਹ ਕਿਸਾਨਾਂ ਤੋਂ ਦੂਰ ਹੋ ਗਏ। ਅੰਦੋਲਨ ਦੌਰਾਨ ਵੀ ਕਿਸਾਨ ਮੋਰਚੇ ਦੀ ਸਟੇਜ ਤੋਂ ਉਨ੍ਹਾਂ ਨੂੰ ਬੋਲਣ ਨਾ ਦਿੱਤਾ ਗਿਆ ਪਰ ਹਰਿੰਦਰ ਸਿੰਘ ਲੱਖੋਵਾਲ ਦੀ ਸ਼ਖਸੀਅਤ ਆਪਣੀ ਸਨਮਾਨਯੋਗ ਥਾਂ ਬਣਾ ਗਈ। ਜਗਮੋਹਨ ਸਿੰਘ ਪਟਿਆਲਾ ਮੱਧ ਵਰਗੀ ਪਰਿਵਾਰ ਵਿੱਚੋਂ ਹਨ। ਉਨ੍ਹਾਂ ਨੇ ਪੰਜਾਬ ਦੇ ਸਹਿਕਾਰਤਾ ਵਿਭਾਗ ਵਿੱਚ ਨੌਕਰੀ ਕੀਤੀ। ਬਾਅਦ ਵਿੱਚ ਉਹ ਕਿਸਾਨਾਂ ਨੂੰ ਸਮਰਪਿਤ ਹੋ ਗਏ ਅਤੇ ਉਨ੍ਹਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਤੋਂ ਅੱਡ ਹੋ ਕੇ ਡਕੌਂਦਾ ਧੜੇ ਨਾਲ ਰਹਿ ਕੇ ਕੰਮ ਕੀਤਾ। ਕੁਲਵੰਤ ਸਿੰਘ ਸੰਧੂ ਦਾ ਸਬੰਧ ਸੀਪੀਆਈਐੱਮ ਨਾਲ ਰਿਹਾ ਹੈ। ਸੰਘਰਸ਼ੀ ਨੌਜਵਾਨ ਵਜੋਂ ਉਨ੍ਹਾਂ ਨੇ ਆਪਣੀ ਪਛਾਣ ਐੱਸਐੱਫਆਈ ਵਿੱਚ ਰਹਿ ਕੇ ਬਣਾ ਲਈ ਸੀ। ਬਲਦੇਵ ਸਿੰਘ ਸਿਰਸਾ ਇੱਕ ਅਜਿਹੇ ਕਿਸਾਨ ਨੇਤਾ ਹਨ ਜਿਨ੍ਹਾਂ ਨੇ ਮੋਰਚੇ ਨੂੰ ਸਹੀ ਸੇਧ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ। ਮੋਰਚੇ ਦੌਰਾਨ ਬਹੁਤਾ ਸਮਾਂ ਉਹ ਸਟੇਜ ਦੇ ਇਰਦ-ਗਿਰਦ ਰਹੇ। ਮਹਿਲਾ ਕਿਸਾਨ ਨੇਤਾਵਾਂ ਵਿੱਚੋਂ ਸੁਰਜੀਤ ਕੌਰ ਨੱਤ ਨੂੰ ਸਟੇਜ ਦਾ ਪ੍ਰਬੰਧ ਵੇਖਣ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ। ਵਕੀਲ ਪ੍ਰੇਮ ਸਿੰਘ ਭੰਗੂ ਵੀ ਸ਼ੁਰੂ ਤੋਂ ਮੋਰਚੇ ਨਾਲ ਜੁੜੇ ਰਹੇ। ਕਾਨੂੰਨੀ ਪੱਖ ਤੋਂ ਉਨ੍ਹਾਂ ਨੇ ਅੰਦੋਲਨ ਨੂੰ ਉਸਾਰੂ ਸੇਧ ਦਿੱਤੀ ਹੈ।

ਸਾਂਝੇ ਦੁਸ਼ਮਣ ਨੂੰ ਚਿੱਤ ਕਰਕੇ ਆਪਣੇ ਘਰਾਂ ਨੂੰ ਪਰਤਣ ਵਾਲੇ ਕਿਸਾਨ ਨੇਤਾਵਾਂ ਦੇ ਸਵਾਗਤ ਵਿੱਚ ਪੰਜਾਬ ਦੇ ਲੋਕਾਂ ਨੇ ਅੱਖਾਂ ਵਿਛਾਈਆਂ। ਫੁੱਲਾਂ ਦੀ ਵਰਖਾ ਹਾਲੇ ਵੀ ਹੋ ਰਹੀ ਹੈ, ਸਰੋਪੇ ਪੈ ਰਹੇ ਹਨ। ਜਿੱਥੇ ਕਿਸਾਨ ਮੋਰਚਾ ਇੱਕ ਵਿਲੱਖਣ ਸੰਘਰਸ਼ ਬਣਿਆ, ਉੱਥੇ ਕਿਸਾਨ ਨੇਤਾਵਾਂ ਦਾ ਸਨਮਾਨ ਵੀ ਬੜੇ ਅਲੱਗ ਢੰਗ ਨਾਲ ਕੀਤਾ ਗਿਆ। ਕਿਸਾਨ ਨੇਤਾ ਆਪਣੇ ਸਿਰ ‘ਤੇ ਸਜਿਆ ਨਵਾਂ ਤਾਜ ਕਿੰਨਾ ਚਿਰ ਟਿਕਾ ਕੇ ਰੱਖਣਗੇ, ਇਹ ਸਮਾਂ ਦੱਸੇਗਾ। ਚੰਗੀ ਗੱਲ ਤਾਂ ਇਹ ਹੋਵੇਗੀ ਕਿ ਉਹ ਤਾਜ ਨੂੰ ਖਿਸਕਣ ਨਾ ਦੇਣ। ਪਰ ਪਿਛਲੇ ਦਿਨੀਂ ਰਾਜੇਵਾਲ ਅਤੇ ਡੱਲੇਵਾਲ ਵਿੱਚ ਛਿੜੇ ਵਿਵਾਦ ਨੇ ਲੋਕਾਂ ਨੂੰ ਨਿਰਾਸ਼ ਕੀਤਾ ਹੈ। ਡੱਲੇਵਾਲ ਨੇ ਰਾਜੇਵਾਲ ਦੇ ਕੌੜੇ ਬੋਲਾਂ ਨੂੰ ਉਮਰ ਨਾਲ ਜੋੜ ਕੇ ਲਿਹਾਜ਼ ਕਰਦਿਆਂ ਜਿਵੇਂ ਸੰਭਾਲਿਆ, ਇਹ ਉਨ੍ਹਾਂ ਦੀ ਵਡਿਆਈ ਹੈ।

Exit mobile version