‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਵਿਦੇਸ਼ਾਂ ਦੀ ਚਮਕ ਦਮਕ ਨੇ ਪੰਜਾਬੀਆਂ ਨੂੰ ਮੋਹ ਲਿਆ ਹੈ। ਡਾਲਰਾਂ ਅਤੇ ਪੌਂਡਾਂ ਦੀ ਗੁਣਾ ਜ਼ਰਬ ਪੰਜਾਬੀਆਂ ਵਿੱਚ ਵਿਦੇਸ਼ ਜਾ ਕੇ ਵੱਸਣ ਦੀ ਲਾਲਸਾ ਪੈਦਾ ਕਰ ਰਹੀ ਹੈ। ਕੋਈ ਵਰਕ ਪਰਮਿਟ ਦੇ ਲਾਲਚ ਨੂੰ, ਹੋਰ ਪੜਾਈ ਦੇ ਬਹਾਨੇ ਅਤੇ ਬਹੁਤ ਸਾਰੇ ਉੱਥੇ ਪੱਕੇ ਤੌਰ ‘ਤੇ ਸੈੱਟ ਹੋਣ ਲਈ ਦਿਲ ਵਿੱਚ ਸਿੱਕ ਭਰ ਰਹੇ ਹਨ। ਪੁਰਾਣੇ ਸਮਿਆਂ ‘ਤੇ ਝਾਤ ਮਾਰੀਏ ਤਾਂ ਉਦੋਂ ਪੰਜਾਬੀ ਬਾਹਰ ਖੱਟਣ ਕਮਾਉਣ ਲਈ ਜਾਂਦੇ ਰਹੇ ਹਨ। ਪੰਜਾਬ ਵਿਦੇਸ਼ ਕਰਕੇ ਦੁਆਬੇ ਦੀ ਅਮੀਰੀ ਪਿੱਛੇ ਡਾਲਰਾਂ ਦਾ ਹੱਥ ਹੈ। ਪ੍ਰਵਾਸ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਸਦਾ ਰੂਪ ਜ਼ਰੂਰ ਬਦਲਿਆ ਹੈ। ਵਿਦੇਸ਼ਾਂ ਵਿੱਚ ਪੱਕੇ ਹੋ ਕੋ ਉੱਥੋਂ ਦੇ ਬਣ ਜਾਣ ਦਾ ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਸੀ ਆਉਂਦਾ। ਪਰ ਹੁਣ ਪ੍ਰਵਾਸੀ ਪੰਜਾਬੀ ਉੱਥੋਂ ਦੇ ਹੋ ਕੇ ਰਹਿ ਗਏ ਹਨ।
ਬਾਹਰ ਜਾਣ ਦਾ ਰੁਝਾਨ ਵਧੇ ਵੀ ਕਿਉਂ ਨਾ ਜਦੋਂ ਹਾਕਮ ਰੁਜ਼ਗਾਰ ਦੇਣ ਦੀ ਥਾਂ ਇਮੀਗ੍ਰੇਸ਼ਨ ਕੰਪਨੀਆਂ ਦੀ ਤਰ੍ਹਾਂ ਨੌਜਵਾਨਾਂ ਨੂੰ ਵਿਦੇਸ਼ ਤੋਰਨ ਲਈ ਲਾਲਚ ਦੇਣ ਲੱਗ ਪੈਣ। ਇੱਕ ਸਿਆਸੀ ਪਾਰਟੀ ਸਕੂਲਾਂ ਵਿੱਚ ਆਇਲੈੱਟਸ ਦੀਆਂ ਕਲਾਸਾਂ ਸ਼ੁਰੂ ਕਰਨ ਦਾ ਲਾਲਚ ਦੇ ਰਹੀ ਹੈ, ਦੂਜੀ ਪਾਰਟੀ ਵਿਦੇਸ਼ ਜਾਣ ਲਈ ਪੈਸੇ ਦਾ ਬੰਦੋਬਸਤ ਕਰਨ ਦਾ ਲਾਲਚ ਦੇ ਰਹੀ ਹੈ। ਬੱਚਿਆਂ ਨੂੰ ਜਦੋਂ ਇੱਥੇ ਆਪਣਾ ਭਵਿੱਖ ਸੁਰੱਖਿਅਤ ਨਜ਼ਰ ਨਹੀਂ ਆਉਂਦਾ ਤਾਂ ਉਹ ਵੀ ਵਿਦੇਸ਼ ਨੂੰ ਬਦਲ ਲੱਭਦੇ ਹਨ। ਵਿਦੇਸ਼ ਜਾਣ ਅਤੇ ਮੁੜ ਆਪਣੇ ਵਤਨ ਪਰਤ ਆਉਣ ਦਾ ਵਰਤਾਰਾ ਪੁਰਾਣਾ ਹੋ ਗਿਆ ਹੈ। ਬਹੁਤੇ ਪ੍ਰਵਾਸੀ ਤਾਂ ਉੱਥੇ ਜਾ ਕੇ ਹੀ ਪੱਕੇ ਤੌਰ ‘ਤੇ ਵੱਸਣ ਨੂੰ ਪਹਿਲ ਦੇਣ ਲੱਗੇ ਹਨ।
ਕਿਸੇ ਵੀ ਮੁਲਕ ਦੇ ਲੋਕਾਂ ਵੱਲੋਂ ਆਪਣਾ ਦੇਸ਼ ਛੱਡ ਕੇ ਹੋਰ ਦੇਸ਼ ਵਿੱਚ ਪੱਕੇ ਤੌਰ ‘ਤੇ ਵੱਸ ਜਾਣਾ ਚੰਗਾ ਰੁਝਾਨ ਨਹੀਂ ਹੈ। ਸਰਕਾਰਾਂ ਚਿੰਤਤ ਹੋਣ ਜਾਂ ਨਾ, ਪਰ ਜਾਗਰੂਕ ਲੋਕਾਂ ਲਈ ਇਹ ਚਿੰਤਾ ਅਤੇ ਨਾਮੋਸ਼ੀ ਦਾ ਵਿਸ਼ਾ ਬਣਨ ਲੱਗਾ ਹੈ। ਭਾਰਤ ਵਿੱਚ ਵੀ ਅਜਿਹਾ ਹੋਣ ਲੱਗਾ ਹੈ ਜਿਸਨੇ ਚੇਤੰਨ ਸਮਾਜ ਨੂੰ ਹਿਲਾ ਕੇ ਰੱਖ ਦਿੱਤਾ ਹੈ। ਅੰਕੜੇ ਦੱਸਦੇ ਹਨ ਕਿ ਪਿਛਲੇ ਪੰਜ ਸਾਲਾਂ ਦੌਰਾਨ ਭਾਰਤ ਦੇ ਛੇ ਲੱਖ 76 ਹਜ਼ਾਰ 740 ਲੋਕ ਵਿਦੇਸ਼ ਹੀ ਨਹੀਂ ਗਏ ਸਗੋਂ ਉਨ੍ਹਾਂ ਨੇ ਭਾਰਤ ਦੀ ਨਾਗਰਿਕਤਾ ਨੂੰ ਵੀ ਤਿਲਾਂਜਲੀ ਦੇ ਦਿੱਤੀ ਹੈ। ਇੱਕ ਅੰਦਾਜ਼ੇ ਅਨੁਸਾਰ ਔਸਤਨ ਤਕਰੀਬਨ 370 ਵਿਅਕਤੀ ਰੋਜ਼ਾਨਾ ਭਾਰਤ ਦੀ ਨਾਗਰਿਕਤਾ ਛੱਡ ਰਹੇ ਹਨ। ਇਹ ਕਾਫੀ ਵੱਡਾ ਅੰਕੜਾ ਹੈ। ਸਰਕਾਰਾਂ ਅਵੇਸਲੀਆਂ ਜਾਂ ਅਲਗਰਜ਼ ਹੋਣ ਤਾਂ ਪਈਆਂ ਹੋਣ ਪਰ ਦੇਸ਼ ਦਾ ਸਰਮਾਇਆ ਅਮਰੀਕਾ, ਕੈਨੇਡਾ, ਇੰਗਲੈਂਡ ਜਾਂ ਫਿਰ ਅਸਟ੍ਰੇਲੀਆ ਆਦਿ ਧੂਹ ਕੇ ਲੈ ਜਾਵੇ, ਬੁੱਧੀਜੀਵੀਆਂ ਨੂੰ ਇਹ ਗਵਾਰਾ ਨਹੀਂ। ਵਿਦੇਸ਼ ਜਾ ਕੇ ਵੱਸਣ ਦੇ ਰੁਝਾਨ ਦਾ ਦੂਜਾ ਪੱਖ ਵੇਖੀਏ ਤਾਂ ਭਾਰਤ ਦੀ ਨਾਗਰਿਕਤਾ ਲੈਣ ਵਿੱਚ ਸਿਰਫ 4200 ਦੇ ਕਰੀਬ ਲੋਕਾਂ ਨੇ ਦਿਲਚਸਪੀ ਵਿਖਾਈ ਹੈ।
ਇੱਕ ਅੰਦਾਜ਼ੇ ਮੁਤਾਬਕ ਰੋਜ਼ਾਨਾ ਸਿਰਫ਼ ਦੋ ਵਿਦੇਸ਼ੀ ਹੀ ਭਾਰਤ ਦੀ ਨਾਗਰਿਕਤਾ ਹਾਸਲ ਕਰ ਰਹੇ ਹਨ। ਇਨ੍ਹਾਂ ਵਿੱਚ ਵੀ ਵੱਡੀ ਗਿਣਤੀ ਲੋਕ ਪਾਕਿਸਤਾਨ, ਬੰਗਲਾਦੇਸ਼ ਜਾਂ ਅਫਗਾਨਿਸਤਾਨ ਤੋਂ ਹਨ। ਜ਼ਿਕਰਯੋਗ ਗੱਲ ਇਹ ਹੈ ਕਿ ਇਨ੍ਹਾਂ ਲੋਕਾਂ ਵਿੱਚ ਸਿਰਫ ਉਹ ਹੀ ਹਿੰਦੂ ਜਾਂ ਸਿੱਖ ਹਨ ਜਿਹੜੇ ਆਪਣੇ-ਆਪ ਨੂੰ ਇਨ੍ਹਾਂ ਦੇਸ਼ਾਂ ਵਿੱਚ ਸੁਰੱਖਿਅਤ ਨਹੀਂ ਸਮਝਦੇ। ਬਿਨਾਂ ਸ਼ੱਕ ਭਾਰਤ ਵਿੱਚ ਓਨੀ ਧਰਮ ਕੱਟੜਤਾ ਭਾਰੂ ਨਹੀਂ ਹੈ। ਭਾਰਤ ਆ ਕੇ ਕਾਰੋਬਾਰ ਕਰਨ ਜਾਂ ਵਿਆਹ ਕਰਵਾਉਣ ਵਾਲੇ ਵਿਦੇਸ਼ੀ ਨਾਗਰਿਕਾਂ ਦੀ ਗਿਣਤੀ ਬਿਲਕੁਲ ਮਾਮੂਲੀ ਦੱਸੀ ਜਾ ਰਹੀ ਹੈ। ਅੰਕੜੇ ਦੱਸਦੇ ਹਨ ਕਿ ਹੁਣ ਤੱਕ 10 ਹਜ਼ਾਰ 646 ਵਿਅਕਤੀਆਂ ਨੇ ਭਾਰਤ ਦੀ ਨਾਗਰਿਕਤਾ ਹਾਸਿਲ ਕੀਤੀ ਹੈ ਜਿਨ੍ਹਾਂ ਵਿੱਚੋਂ 7782 ਦਾ ਸਬੰਧ ਪਾਕਿਸਤਾਨ ਨਾਲ ਹੈ। ਬੰਗਲਾਦੇਸ਼ ਦੇ 184 ਅਤੇ ਅਫਗਾਨਿਸਤਾਨ ਦੇ 785 ਹਨ। ਇਹ ਸਾਰੇ ਖੁਸ਼ੀ ਨਾਲ ਭਾਰਤੀ ਨਾਗਰਿਕ ਨਹੀਂ ਬਣੇ, ਸਗੋਂ ਮਜ਼ਬੂਰੀ ਹੈ।
ਦੂਜੇ ਪਾਸੇ ਭਾਰਤੀ ਵਿਸ਼ੇਸ਼ ਕਰਕੇ ਪੰਜਾਬੀ ਹਨ ਜਿਹੜੇ ਵਿਦੇਸ਼ਾਂ ਵਿੱਚ ਜਾ ਕੇ ਡਾਲਰਾਂ ਅਤੇ ਪੌਂਡਾਂ ਵਿੱਚ ਖੇਡਣ ਦੀ ਇੱਛਾ ਨਾਲ ਪ੍ਰਵਾਸ ਲੈ ਰਹੇ ਹਨ ਤੇ ਫੇਰ ਉੱਥੋਂ ਦੇ ਪੱਕੇ ਹੋ ਜਾਂਦੇ ਹਨ। ਕਰੋਨਾ ਕਰਕੇ ਪ੍ਰਵਾਸ ਨੂੰ ਥੋੜੇ ਸਮੇਂ ਲਈ ਠੱਲ ਪਈ ਪਰ 2021 ਦੌਰਾਨ 2020 ਨਾਲੋਂ ਦੁੱਗਣੀਆਂ ਅਰਜ਼ੀਆਂ ਭੇਜੀਆਂ ਗਈਆਂ ਹਨ। ਇੱਕ ਹੋਰ ਚਿੰਤਾਜਨਕ ਗੱਲ ਸਾਹਮਣੇ ਆਈ ਹੈ ਕਿ ਅਰਜ਼ੀਆਂ ਦੇਣ ਵਾਲਿਆਂ ਵਿੱਚ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਕ੍ਰੀਮ ਦੱਸੀ ਜਾਂਦੀ ਹੈ। ਭਾਰਤ ਵਿੱਚ ਜਿਨ੍ਹਾਂ ਨੂੰ ਪੜ੍ਹ ਲਿਖ ਕੇ ਵੀ ਨੌਕਰੀਆਂ ਨਹੀਂ ਮਿਲਦੀਆਂ, ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਥੋੜੇ ਸਮੇਂ ਲ਼ਈ ਡਿਪਲੋਮੇ ਜਾਂ ਡਿਗਰੀ ਕਰਕੇ ਮੋਟੇ ਪੈਕੇਜ ਮਿਲ ਰਹੇ ਹਨ। ਬਾਹਰਲੇ ਦੇਸ਼ਾਂ ਨੂੰ ਕਾਮਿਆਂ ਨੂੰ ਸੰਭਾਲ ਕੇ ਰੱਖਣ ਦੀ ਜਾਚ ਹੈ ਅਤੇ ਕੰਮ ਲੈਣ ਦੀ ਵੀ ਪਰ ਉਹ ਮਿਹਨਤ ਦਾ ਮੁੱਲ ਮੋੜਨ ਨੂੰ ਵੀ ਆਪਣਾ ਧਰਮ ਸਮਝਦੇ ਹਨ। ਦੂਜੇ ਪਾਸੇ ਭਾਰਤ ਕ੍ਰੀਮ ਦੇ ਬਾਹਰ ਚਲੇ ਜਾਣ ਕਰਕੇ ਚੰਗੇ, ਮਿਹਨਤੀ ਅਤੇ ਹੁਸ਼ਿਆਰ ਲੋਕਾਂ ਤੋਂ ਸੱਖਣਾ ਹੋ ਰਿਹਾ ਹੈ। ਇਸ ਹਾਲਤ ਵਿੱਚ ਦੇਸ਼ ਨੂੰ ਵੱਡਾ ਨੁਕਸਾਨ ਪਹੁੰਚਣ ਦਾ ਡਰ ਹੈ। ਪਰ ਦੁੱਖ ਹੈ ਕਿ ਨਾ ਸਰਕਾਰਾਂ ਅਤੇ ਨਾ ਹੀ ਸਿਆਸੀ ਪਾਰਟੀਆਂ ਨੂੰ ਹੀ ਚਿੰਤਾ ਹੈ। ਉਹ ਸੱਤਾ ਹਥਿਆਉਣ ਲਈ ਲੋਕਾਂ ਨੂੰ ਕੁੱਲੀ, ਜੁੱਲੀ, ਗੁੱਲੀ ਤੋਂ ਅੱਗੇ ਜਾ ਕੇ ਕੁੱਝ ਦੇਖਣ ਦਾ ਮੌਕਾ ਹੀ ਨਹੀਂ ਦੇ ਰਹੀਆਂ ਹਨ।
ਇਸ ਤੋਂ ਵੀ ਅੱਗੇ ਮੁਲਕ ਦੀ ਤ੍ਰਾਸਦੀ ਇਹ ਹੈ ਕਿ ਪੰਜਾਬੀ ਨੌਜਵਾਨਾਂ ਦੀ ਗੈਰ ਹਾਜ਼ਰੀ ਵਿੱਚ ਪ੍ਰਵਾਸੀ ਮਜ਼ਦੂਰ ਪੰਜਾਬ ਉੱਤੇ ਭਾਰੂ ਪੈਣ ਲੱਗੇ ਹਨ। ਪਿੰਡ ਦੇ ਸਰਪੰਚ ਤੋਂ ਲੈ ਕੇ ਮੇਅਰ ਦੀ ਕੁਰਸੀ ਤੱਕ ਇਨ੍ਹਾਂ ਦਾ ਕਬਜ਼ ਹੋਣ ਲੱਗਾ ਹੈ। ਪੰਜਾਬ ਦੇ ਕਈ ਪਿੰਡਾਂ ਦੇ ਘਰਾਂ ਦੇ ਮੁੱਖ ਗੇਟ ‘ਤੇ ਨਾਂ ਦੀਆਂ ਤਖਤੀਆਂ ਵਿੱਚ ਵੀ ਬਦਲਾਅ ਹੋਣ ਲੱਗਾ ਹੈ। ਜੇ ਹੁਣ ਵੀ ਨਾ ਸੰਭਲੇ ਤਾਂ ਕਦੋਂ ? ਹਾਕਮਾਂ ਨਾਲੋਂ ਤਾਂ ਸਾਡੀਆਂ ਬੱਚੀਆਂ ਹੀ ਵਧੇਰੇ ਫਿਕਰਮੰਦ ਨਿਕਲੀਆਂ ਜਿਨ੍ਹਾਂ ਨੇ ਬਾਪੂ ਨੂੰ “ਪਰਦੇਸੀ ਨੂੰ ਨਾ ਦੇਈਂ ਬਾਬੁਲਾ, ਹਾਲੀ ਪੁੱਤ ਬਥੇਰੇ…ਮੈਂ ਤੈਨੂੰ ਵਰਜ ਰਹੀ, ਦੇਈਂ ਨਾ ਬਾਬੁਲਾ ਫੇਰੇ ਦਾ ਮਿਹਣਾ” ਕਈ ਦਹਾਕੇ ਮਾਰ ਦਿੱਤਾ ਸੀ।