The Khalas Tv Blog Punjab ਵਿਅੰਗ ਹੈ , ਨਹੀਂ ਵੀ ,ਸੁਖਬੀਰ ਬਾਦਲ ਤੋਂ ਬਾਅਦ “ਆਪ” ਦੇ ਮੰਤਰੀਆਂ ਨੂੰ ਜਾਗਿਆ ਡਾਇਰੀ ਮੋਹ
Punjab

ਵਿਅੰਗ ਹੈ , ਨਹੀਂ ਵੀ ,ਸੁਖਬੀਰ ਬਾਦਲ ਤੋਂ ਬਾਅਦ “ਆਪ” ਦੇ ਮੰਤਰੀਆਂ ਨੂੰ ਜਾਗਿਆ ਡਾਇਰੀ ਮੋਹ

ਕਮਲਜੀਤ ਸਿੰਘ ਬਨਵੈਤ

ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੱਛੇ ਮਾਰੀ ਲਾਲ ਡਾਇਰੀ ਦੀ ਡਰਾਵਾ ਦਿੰਦੇ ਰਹੇ ਹਨ। ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੱਕ ਉਨ੍ਹਾਂ ਨੇ ਕਿਸੇ ਲਾਲ ਡਾਇਰੀ ਦਾ ਦਬਕੇ ਨਾਲ ਵੱਡੇ ਵੱਡੇ ਅਫ਼ਸਰਾਂ ਦੀ ਜਾਨ ਕੱਢੀ ਰੱਖੀ। ਦਸ ਮਾਰਚ ਤੋਂ ਬਾਅਦ ਉਨ੍ਹਾਂ ਨੇ ਪਤਾ ਨਹੀਂ ਲਾਲ ਡਾਇਰੀ ਲਕੋ ਕੇ ਰੱਖ ਦਿੱਤੀ ਹੈ ਜਾਂ ਫਿਰ ਹੱਥੋ ਡਿੱਗ ਪਈ ਹੈ। ਅੱਜ ਕੱਲ ਇੱਕ ਨਵੀਂ ਆਪ ਦੇ ਮੰਤਰੀਆਂ ਅਤੇ ਵਿਧਾਇਕਾਂ ਨੇ ਇੱਕ ਨਵੀਂ ਡਾਇਰੀ ਹੱਥ ਵਿੱਚ ਘੁੱਟ ਕੇ ਫੜ ਰੱਖੀ ਹੈ। ਕਿਸੇ ਲਈ ਇਹ ਡਾਇਰੀ ਸਿੱਖਣ ਦੀ ਚਾਹਤ ਹੈ। ਦੂਜਿਆ ਲਈ ਮਜਬੂਰੀ ਬਣ ਗਈ ਹੈ।

ਗੱਲ ਸੁਖਬੀਰ ਸਿੰਘ ਬਾਦਲ ਦੀ ਲਾਲ ਡਾਇਰੀ ਤੋਂ ਛਿੜੀ ਸੀ। ਉਹ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੁਲਿਸ ਦੇ ਉੱਚ ਅਫ਼ਸਰਾਂ ਨੂੰ ਦਬਕਾ ਮਾਰ ਕੇ ਧਮਕਾਉਦੇ ਰਹੇ ਕਿ ਕਾਂਗਰਸ ਦੇ ਰਾਜ ਵਿੱਚ ਜਿਨ੍ਹਾਂ ਨੇ ਅਕਾਲੀ ਵਰਕਰਾਂ ‘ਤੇ ਵਧੀਕੀਆਂ ਕੀਤੀਆਂ ਹਨ। ਉਨ੍ਹਾਂ ਦੇ ਨਾਂ ਲਾਲ ਡਾਇਰੀ ਵਿੱਚ ਚਾੜੇ ਗਏ ਹਨ ਅਤੇ ਸਮਾਂ ਆਉਣ ‘ਤੇ ਬਹੀ ਖਾਤਾ ਖੋਲ ਕੇ ਹਿਸਾਬ ਕਿਤਾਬ ਕੀਤਾ ਜਾਵੇਗਾ। ਆਪ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਪਹਿਲੇ ਭਾਸ਼ਣ ਵਿੱਚ ਹੀ ਸਿਆਸੀ ਬਦਲਾਖੋਰੀ ਦਾ ਇਹ ਕਹਿ ਕੇ ਭੋਗ ਪਾ ਦਿੱਤਾ ਸੀ ਕਿ ਜਿਹੜੇ ਉਚੇ ਨੀਵੇਂ ਸ਼ਬਦ ਬੋਲਦੇ ਰਹੇ ਹਨ, ਸਾਰੇ ਮੁਆਫ ਕੀਤੇ।
ਆਮ ਆਦਮੀ ਪਾਰਟੀ ਦੇ 80 ਦੇ ਕਰੀਬ ਵਿਧਾਇਕ ਅਨਾੜੀ ਹਨ। ਪਹਿਲੀ ਵਾਰ ਵਿਧਾਨ ਸਭਾ ਦੀਆਂ ਪੋੜੀਆਂ ਚੜ੍ਹੇ ਹਨ। ਉਨ੍ਹਾਂ ਨੂੰ ਸਿਆਸਤ ਦੇ ਨਾ ਗੁਰ ਆਉਦੇ ਹਨ ਅਤੇ ਨਾ ਦਾਅ ਪੇਚ। ਇੱਕ ਸੱਚ ਇਹ ਵੀ ਕਿ ਬਹੁਤਿਆਂ ਦਾ ਦਾਅ ਤਾਂ ਵੋਟਰਾਂ ਵੱਲੋਂ ਦੂਜੀਆਂ ਰਵਾਇਤੀ ਪਾਰਟੀਆਂ ਨੂੰ ਰੱਦ ਕਰਨ ਕਰਕੇ ਲੱਗ ਗਿਆ। ਇੱਕ ਸੱਚ ਇਹ ਵੀ ਵੋਟਰਾਂ ਨੇ ਝਾੜੂ ਫੇਰਿਆ ਹੈ ਚਾਹੇ ਉਮੀਦਵਾਰਾਂ ਦੇ ਨਾਂ ਨਾ ਵੀ ਪਤਾ ਹੋਣ। ਪਿਛਲੇ ਦਿਨੀਂ ਆਪ ਦੇ ਕਈ ਨਵੇਂ ਵਿਧਾਇਕ ਪੁਰਾਣਿਆਂ ਤੋਂ ਸਿਆਸਤ ਦੇ ਗੁਰ ਸਿੱਖ ਰਹੇ ਸਨ। ਹੰਢੇ ਵਰਤੇ ਵਿਧਾਇਕ ਨੇ ਕਿਹਾ ਕਿ ਜੇ ਰਾਜਨੀਤੀ ਵਿੱਚ ਪੈਂਠ ਬਣਾਉਣੀ ਹੈ ਤਾੰ ਵਿਧਾਨ ਸਭਾ ਦੇ ਹਰੇਕ ਸ਼ੈਸ਼ਨ ਵਿੱਚ ਘਟੋ ਘੱਟ ਅੱਠ ਸਵਾਲ ਪੁਛਣੇ ਜਰੂਰੀ ਹਨ। ਜਿਨ੍ਹਾਂ ਵਿੱਚੋਂ ਚਾਰ ਦਾ ਸਬੰਧ ਹਲਕੇ ਨਾਲ ਹੋਵੇ। ਨਵੇ ਵਿਧਾਇਕਾੰ ਨੇ ਕੱਛ ਵਿੱਚੋਂ ਡਾਇਰੀ ਕੱਢ ਕੇ ਨਾਲੋਂ ਨਾਲ ਨੁਕਤੇ ਲਿਖਣੇ ਸ਼ੁਰੂ ਕਰ ਦਿੱਤੇ। ਨਵੇੰ ਵਿਧਾਇਕਾਂ ਨੇ ਆਪਣੇ ਪੁਰਾਣੇ ਸਾਥੀ ਅੱਗੇ ਭਵਿੱਖ ਵਿੱਚ ਵੀ ਮਾਗਰ ਦਰਸ਼ਨ ਜਾਰੀ ਰੱਖਣ ਦੀ ਨਵੀਂ ਅਰਜ਼ੀ ਲਾ ਦਿੱਤੀ।

ਪਿਛਲੇ ਦਿਨੀਂ ਇੱਕ ਮੰਤਰੀ ਕੋਲ ਹਲਕੇ ਦੇ ਦੋ ਹਮਾਇਤੀ ਚੰਡੀਗੜ੍ਹ ਸਕੱਤਰੇਤ ਆ ਪੁੱਜੇ। ਇਨ੍ਹਾਂ ਚੋਂ ਇੱਕ ਨੇ ਕਿਹਾ ਕਿ ਉਹ ਉਸਦੇ ਬੇਟੇ ਦੇ ਵਿਆਹ ‘ਤੇ ਨਹੀਂ ਆਏ। ਦੂਜੇ ਨੇ ਮੰਤਰੀ ਨੂੰ ਪਿਤਾ ਦੇ ਭੋਗ ‘ਤੇ ਨਾ ਆਉਣ ਦਾ ਉਲਾਂਭਾ ਲਾ ਦਿੱਤਾ। ਦੋਹਾਂ ਹਮਾਇਤੀਆਂ ਦੇ ਸਾਂਝੀ ਸੁਰ ਵਿੱਚ ਮੂੰਹੋਂ ਨਿਕਲ ਗਿਆ ਕਿ ਦੂਜੀਆਂ ਪਾਰਟੀਆਂ ਦੇ ਨੇਤਾ ਬਿਨਾਂ ਬੁਲਾਇਆਂ ਆ ਗਏ। ਇਹਦੇ ਨਾਲ ਉਨ੍ਹਾਂ ਦੀ ਇਲਾਕੇ ਵਿੱਚ ਹੱਤਕ ਹੋਈ ਹੈ। ਮੰਤਰੀ ਜੀ ਨੂੰ ਮੌਕੇ ਉੱਤੇ ਕੋਈ ਜਵਾਬ ਨਾ ਸੁੱਝਿਆ ਤਾਂ ਉਨ੍ਹਾਂ ਨੇ ਆਪਣੇ ਨਿੱਜੀ ਸਹਾਇਕ ਨੂੰ ਕਿਹਾ ਕਿ ਭਾਈ ਇੱਕ ਡਾਇਰੀ ਲਾ ਲਉ, ਜਿਹੜਾ ਵਿਆਹ ਸ਼ਾਦੀਆਂ ਅਤੇ ਖੁਸ਼ੀ ਗਮੀ ਦੇ ਸਮਾਗਮਾਂ ਦੀਆਂ ਤਰੀਕਾਂ ਨੋਟ ਕਰਦਾ ਰਹੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇੱਕ ਪੱਕਾ ਬੰਦਾ ਹੀ ਡਾਇਰੀ ਉੱਤੇ ਲਾ ਦਿੱਤਾ ਜਾਵੇ।

ਸਮਾਜ ਭਲਾਈ ਅਤੇ ਸਮਾਜਿਕ ਸੁਰੱਖਿਆ ਮੰਤਰੀ ਡਾ.ਬਲਜੀਤ ਕੌਰ ਨੂੰ ਮਿਲਣ ਆਉਣ ਵਾਲੇ ਹਮਾਇਤੀਆਂ ਅਤੇ ਆਮ ਲੋਕਾਂ ਲਈ ਟੋਕਨ ਇਸ਼ੂ ਕਰਨਾ ਮਹਿੰਗਾ ਪਿਆ। ਲੋਕਾਂ ਤੋਂ ਦੂਰੀ ਬਣਾ ਕੇ ਰੱਖਣ ਵਾਲੀ ਬੀਬੀ ਬਲਜੀਤ ਕੌਰ ਨੂੰ ਪ੍ਰਦਰਸ਼ਨਕਾਰੀਆਂ ਦੇ ਧਰਨੇ ਵਿੱਚ ਆ ਕੇ ਆਪਣੇ ਨਿੱਜੀ ਸਹਾਇਕ ਨੂੰ ਡਾਇਰੀ ਰੱਖਣ ਦੀ ਤਾੜਨਾ ਕਰਨੀ ਪਈ। ਉਨ੍ਹਾਂ ਨੇ ਆਪਣੇ ਨਿੱਜੀ ਸਹਾਇਕ ਨੂੰ ਹਦਾਇਤ ਕੀਤੀ ਕਿ ਉਹ ਮਿਲਣ ਵਾਲਿਆਂ ਦੇ ਨਾਂਅ ਨੋਟ ਕਰਕੇ ਡਾਇਰੀ ਉੱਤੇ ਚੜਾ ਦਿਆ ਕਰਨ। ਲੋਕਾਂ ਤੋਂ ਦੂਰੀ ਬਣਾ ਕੇ ਰੱਖਣ ਵਾਲੀ ਇਹ ਬੀਬੀ ਨੂੰ ਪ੍ਰਦਰਸ਼ਨਕਾਰੀ ਬਾਹਰ ਤਾਂ ਕੱਢ ਲਿਆਏ ਪਰ ਇਹਦੇ ਬਦਲੇ ਪਾਰਟੀ ਵਿੱਚੋਂ ਬਾਹਰ ਹੋਣ ਦੀ ਕੁਰਬਾਨੀ ਦੇਣੀ ਪਈ।

ਸਰਕਾਰ ਦੇ ਵਿਧਾਇਕ ਅਤੇ ਮੰਤਰੀ ਡਾਇਰੀ ਜ਼ਰੂਰ ਲਾਉਣ ਪਰ ਲਾਲ ਰੰਗ ਦੀ ਨਹੀਂ। ਸਰਕਾਰ ਦੇ ਰੁਝੇਵੇਂ ਹੀ ਇੰਨੇ ਹੁੰਦੇ ਹਨ ਕਿ ਕੋਈ ਬੜਾ ਕੁੱਝ ਚੇਤਿਆਂ ਵਿੱਚੋਂ ਵਿਸਰ ਜਾਂਦਾ ਹੈ। ਪੰਜਾਬੀਆਂ ਦਾ ਗੁੱਸਾ ਵੀ ਨੱਕ ਉੱਤੇ ਪਿਆ ਹੁੰਦਾ ਹੈ। ਸਰਕਾਰ ਨੂੰ ਇਹ ਯਾਦ ਰੱਖਣਾ ਪੈਣਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਕੱਛੇ ਮਾਰੀ ਲਾਲ ਡਾਇਰੀ ਪਤਾ ਨਹੀਂ ਲੋਕ ਕਦੋਂ ਖੋਲ ਲੈਣ। ਕਈ ਵਾਰੀ ਡਾਈਰੀ ਆਪਣੇ ਭਾਰ ਵੀ ਡਿੱਗ ਪੈਂਦੀ ਹੈ।

ਸੰਪਰਕ : 98147 34035

Exit mobile version