ਜਗਜੀਵਨ ਮੀਤ
ਪੰਜਾਬ ਵਿੱਚ ਤਕਰੀਬਨ ਹਰੇਕ ਪਾਰਟੀ ਦਾ ਐਲਾਨ ਕਰਨ ਉੱਤੇ ਅੱਡੀਆਂ ਚੁੱਕਣ ਤੱਕ ਜੋਰ ਲੱਗਾ ਹੋਇਆ ਹੈ, ਪਰ ਇਕ ਖਾਸ ਐਲਾਨ ਹਾਲੇ ਕਿਸੇ ਵੀ ਪਾਰਟੀ ਵੱਲੋਂ ਕਰਨ ਦੀ ਜੁਰੱਰਤ ਨਹੀਂ ਹੋ ਸਕੀ ਹੈ। ਆਮ ਆਦਮੀ ਪਾਰਟੀ ਹੋਵੇ ਜਾਂ ਫਿਰ ਸ਼ਿਰੋਮਣੀ ਅਕਾਲੀ ਦਲ ਤੇ ਜਾਂ ਫਿਰ ਕਾਂਗਰਸ ਪਾਰਟੀ ਕਿਸੇ ਨੇ ਵੀ ਇਹ ਪੱਤਾ ਨਹੀਂ ਖੋਲ੍ਹਿਆ ਹੈ ਕਿ ਉਨ੍ਹਾਂ ਦਾ ਸੀਐਮ ਚਿਹਰਾ ਕੌਣ ਹੋਵੇਗਾ। ਹਾਂ ਇਹ ਜਰੂਰ ਹੈ ਕਿ ਵੱਡੇ ਵੱਡੇ ਐਲ਼ਾਨ ਕਰਕੇ ਸਾਰੀਆਂ ਪਾਰਟੀਆਂ ਲੋਕਾਂ ਦੀਆਂ ਹਿਤੈਸ਼ੀ ਹੋਣ ਦਾ ਦਾਅਵਾ ਜਰੂਰ ਠੋਕ ਰਹੀਆਂ ਹਨ। ਇਹ ਕਹਿ ਸਕਦੇ ਹਾਂ ਕਿ ਇਕ ਦੂਜੇ ਦਾ ਸੀਐਮ ਚਿਹਰਾ ਦੇਖਣ ਲਈ ਸਾਰੀਆਂ ਸਿਆਸੀ ਧਿਰਾਂ ਇਕ ਦੂਜੇ ਦੇ ਮੂੰਹ ਵੱਲੀਂ ਵੇਖ ਰਹੀਆਂ ਹਨ।
ਪੰਜਾਬ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਦੀ ਸਰਗਰਮੀਆਂ ਜੰਗਲ ਦੀ ਅੱਗ ਵਾਂਗ ਫੈਲ ਰਹੀਆਂ ਹਨ।ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਵਿਰੋਧੀ ਵੀ ਆਪ ਨੂੰ ਇਸ ਗੱਲ ਉੱਤੇ ਨਿਸ਼ਾਨੇ ਤੇ ਲੈ ਰਹੀਆਂ ਹਨ ਕਿ ਉਹ ਆਪਣਾ ਮੁੱਖ ਮੰਤਰੀ ਦਾ ਚਰਚਾ ਹਾਲੇ ਐਲਾਨ ਨਹੀਂ ਸਕੀ ਹੈ।ਪੰਜਾਬ ਵਿੱਚ ਉਦਾਹਰਣ ਵਜੋਂ ਵਾਚਣ ਲਈ ਪਿਛਲੇ ਦਿਨੀਂ ਬਰਨਾਲਾ ਜ਼ਿਲ੍ਹੇ ਦੇ ਤਿੰਨੇ ਵਿਧਾਨ ਸਭਾ ਹਲਕਿਆਂ ਬਰਨਾਲਾ, ਮਹਿਲ ਕਲਾਂ ਅਤੇ ਭਦੌੜ ਦੇ ਵਲੰਟੀਅਰਾਂ ਨੇ ਇੱਕ ਵੱਡਾ ਇਕੱਠ ਕੀਤਾ ਤੇ ਸਮੂਹ ਵਲੰਟੀਅਰਾਂ ਨੇ ਸਾਂਝੇ ਤੌਰ ‘ਤੇ ਪਾਰਟੀ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੂੰ ਸੀਐਮ ਦਾ ਚਿਹਰਾ ਬਣਾਉਣ ਲਈ ਹਾਈ ਕਮਾਂਡ ਮੂਹਰੇ ਪਰਚਾ ਧਰ ਦਿੱਤਾ ਹੈ। ਵਲੰਟੀਅਰਾਂ ਨੇ ਭਗਵੰਤ ਮਾਨ ਤੋਂ ਬਿਨਾਂ ਕਿਸੇ ਵੀ ਹੋਰ ਚਿਹਰੇ ਨੂੰ ਸੀਐਮ ਦਾ ਚਿਹਰਾ ਨਾ ਸਵੀਕਾਰ ਕਰਨ ਦੀ ਵੀ ਚੇਤਾਵਨੀ ਦਿੱਤੀ।ਇਹ ਇਕ ਉਦਾਹਰਣ ਹੈ, ਇਹੀ ਹਾਲ ਬਾਕੀ ਹਲਕਿਆਂ ਵਿਚ ਵੀ ਹੈ, ਜਿੱਥੇ ਭਗਵੰਤ ਮਾਨ ਦੇ ਚਾਹੁੰਣ ਵਾਲੇ ਕਿਸੇ ਹੋਰ ਨੂੰ ਸੀਐਮ ਨਹੀਂ ਦੇਖਣਾ ਚਾਹੁੰਦੇ।
ਇਹ ਗੱਲ ਦਹੁਰਾਓ ਹੀ ਹੋਵੇਗੀ ਕਿ ਵਿਧਾਨ ਸਭਾ ਚੋਣਾਂ ਬਿਲਕੁਲ ਸਿਰ ਉੱਤੇ ਆ ਗਈਆਂ ਹਨ। ਪਰ ਆਪ ਪਾਰਟੀ ਵੱਲੋਂ ਸੀਐਮ ਦਾ ਚਿਹਰਾ ਸਾਹਮਣੇ ਨਹੀਂ ਲਿਆਂਦਾ ਜਾ ਰਿਹਾ। 2017 ਚੋਣਾਂ ਵਿੱਚ ਵੀ ਪਾਰਟੀ ਦੀ ਹਾਰ ਲਈ ਵੱਡੀ ਗ਼ਲਤੀ ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨਿਆ ਜਾਣਾ ਸੀ। ਹੁਣ ਵੀ ਜਦੋਂ ਵਰਕਰ ਪਾਰਟੀ ਦਾ ਪ੍ਰਚਾਰ ਕਰਦੇ ਹੋਏ ਘਰ ਘਰ ਜਾ ਰਹੇ ਹਨ ਤਾਂ ਲੋਕਾਂ ਵੱਲੋਂ ਇਕੋ ਸਵਾਲ ਕੀਤਾ ਜਾ ਰਿਹਾ ਹੈ ਕਿ ਪਾਰਟੀ ਦਾ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ।ਅਰਵਿੰਦ ਕੇਜਰੀਵਾਲ ਦੀ ਹਰੇਕ ਫੇਰੀ ਉੱਤੇ ਲੋਕਾਂ ਨੂੰ ਇਹ ਇੰਤਜਾਰ ਰਹਿੰਦਾ ਹੈ ਕਿ ਸ਼ਾਇਦ ਇਸ ਵਾਰ ਸੀਐਮ ਦਾ ਚਿਹਰਾ ਐਲਾਨਣਗੇ, ਪਰ ਹਰ ਵਾਰ ਲੋਕਾਂ ਦੇ ਪੱਲੇ ਗਰੰਟੀਆਂ ਪੈਂਦੀਆਂ ਹਨ।
ਵੱਖ-ਵੱਖ ਇਲਾਕਿਆਂ ਦੇ ਵਲੰਟੀਅਰਾਂ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਭਗਵੰਤ ਮਾਨ ਨੂੰ ਬਣਾਏ ਜਾਣ ਦੀ ਮੰਗ ਪਾਰਟੀ ਹਾਈ ਕਮਾਨ ਅਰਵਿੰਦ ਕੇਜਰੀਵਾਲ ਤੋਂ ਰੱਖੀ ਜਾ ਚੁੱਕੀ ਹੈ।ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਭਗਵੰਤ ਮਾਨ ਤੋਂ ਬਿਨਾ ਕਿਸੇ ਹੋਈ ਨੇਤਾ ਨੂੰ ਸੀਐਮ ਦਾ ਚਿਹਰਾ ਬਣਾਵੇਗੀ ਤਾਂ ਉਸ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਾਰਟੀ ਦਾ ਵਜੂਦ ਭਗਵੰਤ ਮਾਨ ਦੀ ਕਾਰਨ ਹੀ ਮੌਜੂਦ ਹੈ ਅਤੇ ਲੋਕਾਂ ਨੂੰ ਜਗਾਉਣ ਵਿੱਚ ਭਗਵੰਤ ਮਾਨ ਦਾ ਵੱਡਾ ਅਹਿਮ ਰੋਲ ਰਿਹਾ ਹੈ। ਜਿਸ ਕਰਕੇ ਪਾਰਟੀ ਹਾਈ ਕਮਾਂਡ ਨੂੰ ਵਲੰਟੀਅਰਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਦੇ ਹੋਏ ਜਲਦ ਤੋਂ ਜਲਦ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਦੇਣਾ ਚਾਹੀਦਾ ਹੈ।
ਉੱਧਰ, ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨਜ਼ਰ ਅਗਲੇ ਸਾਲ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਤੇ ਖਾਸ ਤੌਰ ਉੱਤੇ ਟਿਕੀ ਹੋਈ ਹੈ। ਬੀਤੇ ਦਿਨੀਂ ਜਦੋਂ ਮੋਹਾਲੀ ਵਿੱਚ, ਕੇਜਰੀਵਾਲ ਤੋਂ ਪੁੱਛਿਆ ਗਿਆ ਕਿ ਪੰਜਾਬ ਵਿੱਚ ਉਨ੍ਹਾਂ ਦੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਕੌਣ ਹੋਵੇਗਾ, ਤਾਂ ਉਨ੍ਹਾਂ ਕਿਹਾ ਕਿ ਅਸੀਂ ਵਾਰ -ਵਾਰ ਕਿਹਾ ਹੈ ਕਿ ਅਸੀਂ ਤੁਹਾਨੂੰ ਅਜਿਹਾ ਮੁੱਖ ਮੰਤਰੀ ਚਿਹਰਾ ਦੇਵਾਂਗੇ ਜਿਸ ਨਾਲ ਤੁਹਾਨੂੰ ਸਾਰਿਆਂ ਨੂੰ ਮਾਣ ਹੋਵੇਗਾ, ਪੰਜਾਬ ਨੂੰ ਮਾਣ ਹੋਵੇਗਾ।ਪਰ ਉਹ ਚਿਹਰਾ ਹੈ ਕਿਹੜਾ ਇਹ ਕੇਜਰੀਵਾਲ ਹਾਲੇ ਖੁੱਲ੍ਹ ਕੇ ਨਹੀਂ ਦੱਸ ਰਹੇ।
ਲੋਕਾਂ ਨੇ ਤਾਂ ਇਹ ਵੀ ਅੰਦਾਜਾ ਲਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਹੋ ਸਕਦਾ ਹੈ ਕਿ ਇਹ ਕੋਈ ਕਿਸਾਨ ਲੀਡਰ ਹੋਵੇ ਜਾਂ ਫਿਰ ਕਿਸੇ ਵਿਰੋਧੀ ਧਿਰ ਦਾ ਕੋਈ ਵੱਡਾ ਲੀਡਰ, ਪਰ ਹਾਲੇ ਇਹ ਸਪਸ਼ਟ ਨਹੀਂ ਹੋ ਸਕਿਆ ਹੈ।
ਉੱਧਰ, ਭਾਰਤੀ ਜਨਤਾ ਪਾਰਟੀ ਨੇ ਵੀ ਦਾਅਵਾ ਠੋਕਿਆ ਹੈ ਕਿ ਉਹ 117 ਵਿਧਾਨ ਸਭਾ ਸੀਟਾਂ ਤੇ ਚੋਣ ਲੜੇਗੀ। ਇਹ ਬਿਆਨਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਹੈ।ਹਾਲਾਂਕਿ ਪਿਛਲੇ ਦਿਨੀਂ ਹੁਸ਼ਿਆਰਪੁਰ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਇਹ ਜਰੂਰ ਕਿਹਾ ਹੈ ਕਿ ਸੀਐਮ ਚਿਹਰੇ ਲਈ ਹਾਲੇ ਹਾਈਕਮਾਂਡ ਵੱਲੋਂ ਕੋਈ ਫੈਸਲਾ ਨਹੀਂ ਆਇਆ ਹੈ।ਸੂਬਾ ਪ੍ਰਧਾਨ ਨੇ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਦੇ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਭਾਜਪਾ ਨੂੰ ਹੋਰ ਬਲ ਮਿਲਣ ਦਾ ਦਾਅਵਾ ਵੀ ਕੀਤਾ ਹੈ ਤੇ ਕਿਹਾ ਹੈ ਕਿ ਸਿਰਸਾ ਨੇ ਸਿੱਖ ਪੰਥ ਦੀ ਨਿਸ਼ਕਾਮ ਸੇਵਾ ਕੀਤੀ ਹੈ।ਮਨਜਿੰਦਰ ਸਿਰਸਾ ਨੂੰ ਕਿਸ ਮੰਸ਼ਾ ਨਾਲ ਭਾਜਪਾ ਲੈ ਕੇ ਆਈ ਹੈ, ਇਹ ਬਹੁਤ ਜਲਦ ਸਪਸ਼ਟ ਹੋ ਜਾਵੇਗਾ।
ਕੈਪਟਨ ਅਮਰਿੰਦਰ ਸਿੰਘ ਨੂੰ ਸੀਐਮ ਚਿਹਰਾ ਬਣਾਉਣ ਬਾਰੇ ਇਕ ਸਵਾਲ ਦੇ ਜਵਾਬ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਹੈ ਕਿ ਅਜਿਹੇ ਫ਼ੈਸਲੇ ਪਾਰਟੀ ਦੀ ਹਾਈ ਪਾਵਰ ਕਮੇਟੀ ਕਰਦੀ ਹੈ।ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਨਾਲ ਗੱਠਜੋੜ ਕਰਨ ਬਾਰੇ ਸੁਆਲਾਂ ਦਾ ਜੁਆਬ ਉਨ੍ਹਾਂ ਨੇ ਗੋਲਮੋਲ ਢੰਗ ਦੇ ਨਾਲ ਦਿੱਤਾ। ਪਿਛਲੀਆਂ ਅਕਾਲੀ ਅਤੇ ਕਾਂਗਰਸ ਸਰਕਾਰਾਂ ਤੇ ਤਾਬੜਤੋੜ ਹਮਲੇ ਕਰਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਗੁਟਕਾ ਸਾਹਿਬ ਨੂੰ ਹੱਥ ਵਿੱਚ ਫੜ ਕੇ ਸਹੁੰ ਖਾਣ ਵਾਲੀ ਸਰਕਾਰ ਹੁਣ ਫਿਰ ਲੋਕਾਂ ਨਾਲ ਭਰਮਾਊ ਵਾਅਦਾ ਕਰਦੀ ਹੈ।ਸੂਬੇ ਦੀ ਕਾਂਗਰਸ ਸਰਕਾਰ ਨੇ ਸਿਰਫ਼ ਚਿਹਰਾ ਹੀ ਬਦਲਿਆ ਹੈ ਪਰ ਰੇਤ ਮਾਫੀਆ, ਡਰੱਗ ਮਾਫੀਆ, ਟਰਾਂਸਪੋਰਟ ਮਾਫੀਆ ਦਾ ਚਿਹਰਾ ਬਿਲਕੁਲ ਨਹੀਂ ਬਦਲਿਆ।
ਇਸੇ ਤਰ੍ਹਾਂ ਸ਼ਿਰੋਮਣੀ ਅਕਾਲੀ ਦਲ ਦੀ ਬੀਜੇਪੀ ਨਾਲੋਂ ਯਾਰੀ ਟੁੱਟਣ ਤੇ ਬਹੁਜਨ ਸਮਾਜ ਪਾਰਟੀ ਨਾਲ ਪਿਆਰ ਦੀਆਂ ਤੰਦਾਂ ਪੈਣ ਤੋਂ ਬਾਅਦ ਸਿਰਫ ਇਸ ਗੱਲੋਂ ਸਹਿਮਤੀ ਸਾਹਮਣੇ ਆਈ ਹੈ ਕਿ ਡਿਪਟੀ ਸੀਐਮ ਦਲਿਤ ਸਮਾਜ ਵਿੱਚੋਂ ਹੋਵੇਗਾ, ਪਰ ਉਸ ਤੋਂ ਉਪਰਲਾ ਅਹੁਦਾ ਕਿਸ ਨੁਮਾਇੰਦੇ ਕੋਲ ਰਹੇਗਾ, ਇਹ ਹਾਲੇ ਤੱਕ ਸਪਸ਼ਟ ਨਹੀਂ ਹੈ। ਸੀਐਮ ਚਿਹਰਾ ਵੀ ਵੱਡੇ ਬਾਦਲ ਤੇ ਛੋਟੇ ਬਾਦਲ ਵਿਚਾਲੇ ਘੁੰਮ ਰਿਹਾ ਹੈ। ਪਰ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਸੀਐਮ ਦਾ ਚਿਹਰਾ ਹੋਣਗੇ ਜਾਂ ਫਿਰ ਪਰਕਾਸ਼ ਸਿੰਘ ਬਾਦਲ ਕੋਲ ਹੀ ਇਹ ਅਹੁਦਾ ਰਹੇਗਾ।
ਕਾਂਗਰਸ ਪਾਰਟੀ ਦੇ ਹੁਣ ਦੋ ਨਾਂ ਪੰਜਾਬ ਵਿਚ ਹਨ। ਇਕ ਕੈਪਟਨ ਵਾਲੀ ਕਾਂਗਰਸ ਪਾਰਟੀ ਤੇ ਇਕ ਚੰਨੀ ਵਾਲੀ। ਕੈਪਟਨ ਨੇ ਲੋਕ ਹਿਤ ਕਾਂਗਰਸ ਬਣਾ ਕੇ ਲੋਕਾਂ ਨੂੰ ਇਕ ਵਾਰ ਫਿਰ ਭੰਲਭੂਸੇ ਵਿਚ ਪਾ ਦਿੱਤਾ ਹੈ। ਬੀਜੇਪੀ ਨਾਲ ਜੋੜਤੋੜ ਹੋਰ ਵੀ ਪੇਚੀਦਾ ਹੋ ਰਹੀ ਹੈ।ਪਰ ਹਾਲੇ ਇਹ ਸਪਸ਼ਟ ਨਹੀਂ ਹੈ ਕਿ ਬੀਜੇਪੀ ਕੀ ਸੀਐਮ ਚਿਹਰਾ ਕੈਪਟਨ ਨੂੰ ਰੱਖੇਗੀ ਜਾਂ ਕੈਪਟਨ ਆਪਣੀ ਪਾਰਟੀ ਦੀ ਰਹਿਨੁਮਾਈ ਕਰਨਗੇ। ਉੱਧਰ, ਚੰਨੀ ਨੂੰ ਸੀਐਮ ਬਣਾ ਕੇ ਕਾਂਗਰਸ ਨੇ ਸ਼ਿਰੋਮਣੀ ਅਕਾਲੀ ਦਲ ਦੇ ਦਲਿਤ ਕਾਰਡ ਨੂੰ ਵਿਚਾਲਿਓਂ ਕੱਟ ਦਿਤਾ ਹੈ। ਕਾਂਗਰਸ ਪਾਰਟੀ ਵਿਚ ਨਵਜੋਤ ਸਿੰਘ ਸਿੱਧੂ ਦਾ ਰਸੂਖ ਸਾਰੇ ਜਾਣਦੇ ਹਨ। ਪਰ 2022 ਲਈ ਜਿਸ ਹਿਸਾਬ ਨਾਲ ਨਵਜੋਤ ਸਿੰਘ ਸਿੱਧੂ ਤੇ ਚੰਨੀ ਦੀ ਜੋੜੀ ਥੋੜ੍ਹੇ ਬਹੁਤੇ ਗੁੱਝੇ ਤੀਰਾਂ ਵਿਚੋਂ ਹੋ ਕੇ ਨਾਲ ਨਾਲ ਚੱਲ ਰਹੀ ਹੈ, ਉਸ ਵਿਚ ਲੋਕਾਂ ਵੱਲੋਂ ਇਹ ਅੰਦਾਜਾ ਹਾਲੇ ਵੀ ਨਹੀਂ ਲੱਗ ਰਿਹਾ ਕਿ ਕਾਂਗਰਸ ਪਾਰਟੀ ਆਪਣੀ ਸੀਐਮ ਚਿਹਰਾ ਕਿਸਨੂੰ ਥਾਪੇਗੀ।