The Khalas Tv Blog Punjab ਖਾਸ ਰਿਪੋਰਟ- ਮਰਨ ਕੰਢੇ ਪਹੁੰਚੇ ਬੇਰੁਜ਼ਗਾਰ ਅਧਿਆਪਕ ਭੁੱਖ ਹੜਤਾਲ ਤੋੜ ਦੇਣ, ਬੇਰਹਿਮ ਸਰਕਾਰ ਪੱਥਰ ਦਿਲ ਹੈ
Punjab

ਖਾਸ ਰਿਪੋਰਟ- ਮਰਨ ਕੰਢੇ ਪਹੁੰਚੇ ਬੇਰੁਜ਼ਗਾਰ ਅਧਿਆਪਕ ਭੁੱਖ ਹੜਤਾਲ ਤੋੜ ਦੇਣ, ਬੇਰਹਿਮ ਸਰਕਾਰ ਪੱਥਰ ਦਿਲ ਹੈ

‘ਦ ਖ਼ਾਲਸ ਬਿਊਰੋ :- ਕੈਪਟਨ ਸਾਹਬ ਦੀ ਪੁਲਿਸ ਨੇ ਪਟਿਆਲਾ ਵਿੱਚ ਕੈਪਟਨ ਦਾ ਮਹਿਲ ਘੇਰਨ ਜਾਂਦੇ ਬੇਰੁਜ਼ਗਾਰ ਅਧਿਆਪਕਾਂ ‘ਤੇ ਲਾਠੀਚਾਰਜ ਕੀਤਾ ਅਤੇ ਕਈ ਅਧਿਆਪਕਾਂ ਨੂੰ ਹਿਰਾਸਤ ਵਿੱਚ ਵੀ ਲਿਆ। ਪੁਲਿਸ ਦੇ ਤਸ਼ੱਦਦ ਤੋਂ ਬਚਦਿਆਂ ਜਦੋਂ ਉਨ੍ਹਾਂ ਨੇ ਹੋਰ ਪਾਸੇ ਮੁਜ਼ਾਹਰਾ ਕਰਨਾ ਸ਼ੁਰੂ ਕੀਤਾ ਤਾਂ ਪੁਲਿਸ ਉਨ੍ਹਾਂ ਦੇ ਪਿੱਛੇ ਹੀ ਭੱਜ ਤੁਰੀ। ਪੁਲਿਸ ਦੀ ਦਹਿਸ਼ਤ ਤੋਂ ਡਰਦੇ ਅਤੇ ਬੇਰੁਜ਼ਗਾਰੀ ਦਾ ਸੰਤਾਪ ਹੰਢਾਉਂਦੇ ਦੋ ਅਧਿਆਪਕਾਂ ਨੇ ਭਾਖੜਾ ਨਹਿਰ ਵਿੱਚ ਛਾਲਾਂ ਵੀ ਮਾਰ ਦਿੱਤੀਆਂ।

ਪਟਿਆਲਾ ਵਿੱਚ 11 ਅਪ੍ਰੈਲ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨੌਕਰੀਆਂ ਦੇਣ ਦੇ ਵਾਅਦੇ ਦਾ ਜਵਾਬ ਮੰਗਣ ਲਈ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਨਿਊ ਮੋਤੀ ਬਾਗ ਪੈਲੇਸ ਦੇ ਘਿਰਾਓ ਲਈ ਜਾ ਰਹੇ ਬੇਰੁਜ਼ਗਾਰ ਅਧਿਆਪਕਾਂ ਨੂੰ ਪੰਜਾਬ ਪੁਲਿਸ ਨੇ ਖੂਬ ਲਾਠੀਚਾਰਜ ਕੀਤਾ ਅਤੇ ਬੇਰੁਜ਼ਗਾਰ ਅਧਿਆਪਕਾਂ ਨੂੰ ਭਜਾ-ਭਜਾ ਕੇ ਕੁੱਟਿਆ। ਪ੍ਰਦਰਸ਼ਨ ਵਿੱਚ ਕੁੱਝ ਬੇਰੁਜ਼ਗਾਰ ਔਰਤਾਂ ਵੀ ਸ਼ਾਮਿਲ ਹਨ।

ਬੇਰੁਜ਼ਗਾਰ ਅਧਿਆਪਕ ਜਿਵੇਂ ਹੀ ਠੀਕਰੀਵਾਲਾ ਚੌਂਕ ਤੋਂ ਪੈਲੇਸ ਵੱਲ ਵਧੇ ਤਾਂ ਰਸਤੇ ਵਿੱਚ ਪੁਲਿਸ ਨੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਲਾਠੀਚਾਰਜ ਸ਼ੁਰੂ ਕਰ ਦਿੱਤਾ ਸੀ। ਪੁਲਿਸ ਦੇ ਲਾਠੀਚਾਰਜ ਤੋਂ ਬਾਅਦ ਦੋ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਉੱਥੇ ਮੌਜੂਦ ਲੋਕਾਂ ਨੇ ਇਨ੍ਹਾਂ ਅਧਿਆਪਕਾਂ ਨੂੰ ਨਹਿਰ ‘ਚੋਂ ਬਾਹਰ ਕੱਢਿਆ।

ਅੱਜ ਅਸੀਂ ਉਨ੍ਹਾਂ ਦੋ ਬੇਰੁਜ਼ਗਾਰ ਨੌਜਵਾਨ ਅਧਿਆਪਕਾਂ ਸੁਰਿੰਦਰਪਾਲ ਸਿੰਘ ਅਤੇ ਹਰਜੀਤ ਸਿੰਘ ਦੀ ਗੱਲ ਕਰਾਂਗੇ, ਜਿਹੜੇ 21 ਮਾਰਚ ਨੂੰ ਪਟਿਆਲਾ ਦੇ ਲੀਲਾ ਭਵਨ ਨੇੜੇ ਪੈਟਰੋਲ ਦੀਆਂ ਬੋਤਲਾਂ ਲੈ ਕੇ BSNL ਦੇ ਟਾਵਰ ‘ਤੇ ਚੜੇ ਹੋਏ ਹਨ। ਇਹ ਦੋਵੇਂ ਅਧਿਆਪਕ ਭੁੱਖਣ ਭਾਣੇ 23ਵੇਂ ਦਿਨ ਵੀ ਟਾਵਰ ‘ਤੇ ਉਸੇ ਤਰ੍ਹਾਂ ਬੈਠੇ ਹੋਏ ਹਨ, ਪਰ ਇਨ੍ਹਾਂ ਦੀ ਕੋਈ ਵੀ ਆਵਾਜ਼ ਨਹੀਂ ਸੁਣ ਰਿਹਾ।

ਕੀ ਹਨ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ

• ਪੰਜਾਬ ਵਿੱਚ ਈਟੀਟੀ ਦੀ ਭਰਤੀ ਵਿੱਚ ਵਾਧੂ ਸਰਕਾਰੀ ਸ਼ਰਤਾਂ ਹਟਾਈਆਂ ਜਾਣ।
• ਈਟੀਟੀ ਭਰਤੀ ਲਈ ਯੋਗਤਾ ਸਿਰਫ ਟੈੱਟ ਪਾਸ ਤੱਕ ਹੀ ਸੀਮਤ ਰੱਖੀ ਜਾਵੇ।
• 10 ਹਜ਼ਾਰ ਖਾਲੀ ਆਸਾਮੀਆਂ ਭਰਨ ਦੀ ਵੀ ਮੰਗ ਕੀਤੀ ਹੈ।

ਪੰਜਾਬ ਸਰਕਾਰ ‘ਤੇ ਲਾਏ ਨਾ-ਇਨਸਾਫੀ ਦੇ ਦੋਸ਼

ਇਨ੍ਹਾਂ ਅਧਿਆਪਕਾਂ ਨੇ ਸਰਕਾਰ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਚੋਰ-ਮੋਰੀਆਂ ਰਾਹੀਂ ਹੋਰ ਵਰਗਾਂ ਨੂੰ ਵੀ ਇਸ ਭਰਤੀ ‘ਚ ਲਾਹਾ ਦੇਣਾ ਚਾਹੁੰਦੀ ਹੈ, ਜਦਕਿ ਈਟੀਟੀ ਭਰਤੀ ਲਈ ਸਿਰਫ ਟੈੱਟ ਪਾਸ ਅਧਿਆਪਕਾਂ ਦਾ ਹੀ ਹੱਕ ਹੈ। ਇਨ੍ਹਾਂ ਅਧਿਆਪਕਾਂ ਨੇ ਟਾਵਰ ‘ਤੇ ਚੜ੍ਹਨ ਲੱਗਿਆਂ ਐਲਾਨ ਕੀਤਾ ਸੀ ਕਿ ਜੇ ਸਰਕਾਰ ਨੇ ਹੁਣ ਵੀ ਸਾਡੀ ਗੱਲ ਨਾ ਮੰਨੀ ਤਾਂ ਉਹ ਖੁਦਕੁਸ਼ੀ ਕਰਨ ਤੋਂ ਵੀ ਪਿੱਛੇ ਨਹੀਂ ਹਟਣਗੇ।

ਪਰ 23 ਦਿਨ ਲੰਘ ਗਏ ਹਨ ਅਤੇ ਕੈਪਟਨ ਸਰਕਾਰ ਮੌਜ ਨਾਲ ਏਸੀ ਦੀ ਠੰਡਕ ਮਾਣ ਰਹੀ ਹੈ। ਇਹ ਕਿਹੋ ਜਿਹੀਆਂ ਨੀਤੀਆਂ ਅਤੇ ਨਿਯਮ ਹਨ ਕਿ ਪੰਜਾਬ ਦੇ ਲੱਖਾਂ ਨੌਜਵਾਨ ਬੇਰੁਜ਼ਗਾਰੀ ਦਾ ਸੰਤਾਪ ਹੰਢਾਉਂਦੇ ਦਰ-ਦਰ ਭਟਕਦੇ ਰਹੇ ਹਨ। ਇਨਾਂ ਦੋਵੇਂ ਬੇਰੁਜ਼ਗਾਰ ਅਧਿਆਪਕਾਂ ਦੀ ਹਾਲਤ ਨਾ ਖਾਣ-ਪੀਣ ਕਾਰਨ ਇੰਨੀ ਪਤਲੀ ਹੋ ਰਹੀ ਹੈ ਕਿ ਜੋ ਸੁਨੇਹਾ ਇਹ ਬੋਲ ਕੇ ਭੇਜ ਰਹੇ ਹਨ, ਉਸਦੀ ਵੀ ਬਹੁਤ ਸਮਝ ਨਹੀਂ ਆਉਂਦੀ।

ਇਨ੍ਹਾਂ ਅਧਿਆਪਕਾਂ ਵਿੱਚੋਂ ਇੱਕ ਅਧਿਆਪਕ ਦਾ ਪਿਤਾ ਬਿਮਾਰ ਹੈ। ਕੀ ਕੈਪਟਨ ਸਾਹਬ ਜਾਂ ਸਰਕਾਰ ਦਾ ਕੋਈ ਵੀ ਮੰਤਰੀ ਇਸ ਪੀੜਾ ਨੂੰ ਸਮਝ ਸਕਦਾ ਹੈ ਕਿ ਬਿਮਾਰ ਪਿਉ ਦੇ ਦਿਲ ‘ਤੇ ਕੀ ਅਸਰ ਹੁੰਦਾ ਹੋਵੇਗਾ ਜੋ ਆਪਣੇ ਪੁੱਤ ਨੂੰ ਨੌਕਰੀ ਲੈਣ ਦੀ ਖਾਤਰ ਟਾਵਰ ‘ਤੇ ਭੁੱਖਣ-ਭਾਣੇ ਬਹਿ ਕੇ ਤਸੀਹੇ ਝੱਲਦਿਆਂ ਵੇਖ ਰਿਹਾ ਹੋਵੇ।

ਨੌਜਵਾਨਾਂ ਵੱਲੋਂ ਰੁਜ਼ਗਾਰ ਦੇ ਪਿੱਛੇ ਮਰਨ ਦਾ ਰਾਹ ਚੁਣਨ ‘ਤੇ ਭਗਵੰਤ ਮਾਨ ਦੀ ਦੁਖੀ ਆਤਮਾ

ਗੁਰਦਾਸਪੁਰ ਦੇ ਬੇਰੁਜ਼ਗਾਰ ਅਧਿਆਪਕ ਸੁਰਿੰਦਰ ਪਾਲ ਨਾਲ ਸੰਸਦ ਮੈਂਬਰ ਭਗਵੰਤ ਮਾਨ ਨੇ ਫੋਨ ‘ਤੇ ਗੱਲ ਕਰਦਿਆਂ ਉਨ੍ਹਾਂ ਨੂੰ ਸਮਝਾਉਂਦਿਆਂ ਕਿਹਾ ਕਿ ਸੰਘਰਸ਼ ਦਾ ਇਹ ਖੁਦਕੁਸ਼ੀਆਂ ਵਾਲਾ ਰਾਹ ਠੀਕ ਨਹੀਂ ਹੈ। ਇਸ ਦੀ ਰੂਪ ਰੇਖਾ ਬਦਲ ਲੈਣੀ ਚਾਹੀਦੀ ਹੈ। ਉਨ੍ਹਾਂ ਜ਼ਿਕਰ ਕੀਤਾ ਕਿ ਨਹਿਰ ਵਿੱਚ ਛਾਲ ਮਾਰ ਕੇ ਮਰਨ ਨਾਲ ਵੀ ਸਰਕਾਰ ਦਾ ਪੱਥਰ ਦਿੱਲ ਨਹੀਂ ਪਿਘਲਨਾ। ਭਗਵੰਤ ਮਾਨ ਦੀ ਗੱਲ ਦਾ ਜਵਾਬ ਦਿੰਦਿਆਂ ਸੁਰਿੰਦਰਪਾਲ ਨੇ ਕਿਹਾ ਕਿ ਉਹ ਬਹੁਤ ਮਾੜੇ ਹਾਲਾਤਾਂ ਵਾਲੇ ਘਰਾਂ ਨਾਲ ਸੰਬੰਧ ਰੱਖਦੇ ਹਨ ਅਤੇ ਸਰਕਾਰ ਉਨ੍ਹਾਂ ਦੀ ਸੁਣ ਨਹੀਂ ਰਹੀ ਹੈ। ਉਨ੍ਹਾਂ ਬਹੁਤ ਕੁੱਝ ਕਰਨ ਬਾਰੇ ਸੋਚਿਆ ਸੀ।

ਭਗਵੰਤ ਮਾਨ ਨੇ ਉਨ੍ਹਾਂ ਨੂੰ ਕਿਹਾ ਕਿ ਹਾਲੇ ਵੀ ਬਹੁਤ ਕੁੱਝ ਹੋ ਸਕਦਾ ਹੈ, ਪਰ ਇਹ ਰਸਤਾ ਗਲਤ ਹੈ। ਮਾਨ ਨੇ ਕਿਹਾ ਕਿ ਉਹ ਆਪਣੇ ਸੂਬੇ ਦੇ ਉਨ੍ਹਾਂ ਲੋਕਾਂ ਨੂੰ ਇਸ ਤਰ੍ਹਾਂ ਮਰਦੇ ਨਹੀਂ ਦੇਖ ਸਕਦੇ, ਜਿਨ੍ਹਾਂ ਨੇ ਉਸਨੂੰ ਚੁਣਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪੱਥਰ ਦਿਲ ਹੈ ਅਤੇ ਸਾਨੂੰ ਇਸ ਦੇ ਪਿੱਛੇ ਆਪਣੀ ਜਿੰਦਗੀ ਦਾਅ ‘ਤੇ ਨਹੀਂ ਲਗਾਉਣੀ ਚਾਹੀਦੀ। ਮਾਨ ਨੇ ਜਥੇਬੰਦੀ ਦੇ ਲੀਡਰ ਦੀਪਕ ਕੰਬੋਜ ਨਾਲ ਖੁਦ ਗੱਲ ਕਰਨ ਦੀ ਵੀ ਗੱਲ ਕਹੀ ਅਤੇ ਕਿਹਾ ਕਿ ਉਹ ਆਪ ਟਾਵਰ ‘ਤੇ ਆਉਣਗੇ ਅਤੇ ਆਪਣੇ ਹੱਥੀਂ ਰੋਟੀ ਖਵਾਉਣਗੇ। ਉਨ੍ਹਾਂ ਕਿਹਾ ਕਿ ਮੇਰੀ ਆਤਮਾ ਦੁਖਦੀ ਹੈ ਜਦੋਂ ਨੌਜਵਾਨ ਰੁਜ਼ਗਾਰ ਪਿੱਛੇ ਮਰਨ ਦਾ ਰਾਹ ਚੁਣਦੇ ਹਨ।

ਬੇਰੁਜ਼ਗਾਰ ਕਰਨ ਵਾਲੀ ਸਰਕਾਰ ਹੀ ਦੱਸੇ ਪੰਜਾਬੀਆਂ ਨੂੰ ਕੋਈ ਰਾਹ

ਖੁਦਕੁਸ਼ੀ ਜਾਂ ਫਿਰ ਟਾਵਰ ‘ਤੇ ਚੜ੍ਹ ਕੇ ਆਪਣੇ ਹੱਕ ਮੰਗਣ ਦਾ ਤਰੀਕਾ ਭਾਵੇਂ ਠੀਕ ਨਹੀਂ ਹੈ, ਪਰ ਸਰਕਾਰ ਇਹ ਤਾਂ ਦੱਸੇ ਕਿ ਇਹ ਭੁੱਖੇ ਪੰਜਾਬੀ ਕਰਨ ਤਾਂ ਕੀ ਕਰਨ, ਕਿੱਧਰ ਜਾਣ। ਸਰਕਾਰ ਨੇ ਰੁਜ਼ਗਾਰ ਪੈਦਾ ਕਰਨਾ ਹੁੰਦਾ ਹੈ। ਸਰਕਾਰ ਲੋਕਾਂ ਦੀ ਜੇਬਾਂ ਚੋਂ ਟੈਕਸ ਰਾਹੀਂ ਪੈਸੇ ਕੱਢ-ਕੱਢ ਕੇ ਆਪਣੇ ਖਜ਼ਾਨੇ ਤਾਂ ਭਰ ਲੈਂਦੀ ਹੈ ਪਰ ਉਹ ਖਜ਼ਾਨਾ ਲੋਕਾਂ ਤੱਕ ਪਹੁੰਚਣ ਦੀ ਬਜਾਏ ਇਨ੍ਹਾਂ ਦੇ ਘਰਾਂ ਨੂੰ ਕਿਵੇਂ ਚਮਕਾ ਰਿਹਾ ਹੈ, ਇਨ੍ਹਾਂ ਦੇ ਠਾਠ ਕਿਵੇਂ ਵਧਾ ਰਿਹਾ ਹੈ, ਇਹ ਅਸੀਂ ਸਭ ਜਾਣਦੇ ਹਾਂ।

ਸਰਕਾਰ ਇਸ ਸਿਸਟਮ ਨੂੰ ਠੀਕ ਕਿਉਂ ਨਹੀਂ ਕਰ ਪਾ ਰਹੀ ਜਾਂ ਫਿਰ ਸਰਕਾਰ ਇਸ ਸਿਸਟਮ ਨੂੰ ਠੀਕ ਹੀ ਨਹੀਂ ਕਰਨਾ ਚਾਹੁੰਦੀ। ਸਰਕਾਰ ਮਹਿੰਗਾਈ ਤਾਂ ਰੋਜ਼ ਵਧਾ ਰਹੀ ਹੈ, ਪਰ ਰੁਜ਼ਗਾਰ ਪੈਦਾ ਨਹੀਂ ਕਰ ਰਹੀ।

‘ਦ ਖ਼ਾਲਸ ਟੀਵੀ ਪੰਜਾਬੀ ਭਰਾਵਾਂ ਨੂੰ ਅਪੀਲ ਕਰਦਾ ਹੈ ਕਿ ਤੁਸੀਂ ਟਾਵਰ ‘ਤੇ ਭਾਵੇਂ ਬੈਠੇ ਰਹੋ ਪਰ ਭੁੱਖ ਹੜਤਾਲ ਤੋੜ ਦਿਉ ਕਿਉਂਕਿ ਜਦੋਂ ਤੱਕ ਇਨਸਾਨ ਕੋਲ ਸਿਹਤਮੰਦ ਸਰੀਰ ਹੈ, ਉਹ ਆਪਣੀ ਤਕਦੀਰ ਬਦਲਣ ਦੇ ਯੋਗ ਹੈ।

ਪੰਜਾਬ ਦੇ ਸਿੱਖਿਆ ਮੰਤਰੀ ਨੇ ਦਿੱਤੀ ਸਫਾਈ

ਪੰਜਾਬ ਦੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੇ ਕਿਹਾ ਕਿ ਬੇਰੁਜ਼ਗਾਰ ਅਧਿਆਪਕਾਂ ਦੀਆਂ ਜੋ ਜਾਇਜ਼ ਮੰਗਾ ਹਨ, ਉਹ ਮੰਨ ਲਈਆਂ ਹਨ। ਜਿੰਨੀਆਂ ਸਕੂਲਾਂ ਵਿੱਚ ਅਸਾਮੀਆਂ ਹਨ, ਉਨੇ ਹੀ ਅਧਿਆਪਕਾਂ ਨੂੰ ਨੌਕਰੀ ਮਿਲੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ 22 ਹਜ਼ਾਰ ਨੌਜਵਾਨਾਂ ਨੂੰ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਨਿਯੁਕਤੀਆਂ ਦਿੱਤੀਆਂ ਗਈਆਂ ਹਨ। 8 ਹਜ਼ਾਰ ਹੋਰ ਨਿਯੁਕਤੀਆਂ ਦਾ ਵੀ ਇਸ਼ਤਿਹਾਰ ਜਾਰੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਾਅਦੇ ਪੂਰੇ ਕਰਨ ਵਿੱਚ ਕਸਰ ਨਹੀਂ ਛੱਡੇਗੀ।

Exit mobile version