‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸਰਕਾਰਾਂ ਬਣਦੀਆਂ ਨੇ ਤਾਂ ਉਸਦੇ ਪਿੱਛੇ ਦੀਆਂ ਕਹਾਣੀਆਂ ਉਧੜਨ ਮਗਰੋਂ ਵੱਡੇ ਵੱਡੇ ਖੁਲਾਸੇ ਹੋਣ ਲੱਗਦੇ ਹਨ।ਖਾਸਕਰ ਜੇਕਰ ਦੂਜੀ ਵਾਰ ਸੱਤਾ ‘ਚ ਆਈ ਬੀਜੀਪੀ ਸਰਕਾਰ ਦੀ ਗੱਲ ਕਰੀਏ ਤਾਂ ਇਸ ਸਰਕਾਰ ਦਾ ਵੱਡੇ-ਵੱਡੇ ਕਾਰੋਬਾਰੀਆਂ ਨਾਲ ਰਿਸ਼ਤਾ…. ਇਕ ਵਾਰ ਨਹੀਂ ਕਈ ਵਾਰ ਉੱਭਰ ਕੇ ਸਾਹਮਣੇ ਆਇਆ ਹੈ। ਮੁਕੇਸ਼ ਅੰਬਾਨੀ, ਅਡਾਨੀ ਗਰੁੱਪ ਦੇ ਮਾਲਕ ਗੌਤਮ ਅਡਾਨੀ….ਇਹ ਉਹ ਜ਼ਿਕਰਯੋਗ ਦੋ ਵੱਡੇ ਵਪਾਰਕ ਘਰਾਣੇ…. ਪੈਸੇ ਵਾਲੇ…ਰਸੂਖਦਾਰ ਲੋਕ ਹਨ, ਜਿਨ੍ਹਾਂ ਦਾ ਨਾਂ ਸਰਕਾਰ ਨਾਲ ਅਕਸਰ ਜੁੜ ਜਾਂਦਾ ਹੈ।
ਆਓ ਸਭ ਤੋਂ ਪਹਿਲਾਂ ਇਹ ਜਾਣ ਲੈਂਦੇ ਹਾਂ ਕਿ ਆਖਿਰ ਇਹ ਗੌਤਮ ਅਡਾਨੀ ਹੈ ਕੌਣ…
- ਅਧੂਰੀ ਪੜ੍ਹਾਈ ਤੋਂ ਬਾਅਦ ਹੀਰਿਆਂ ਅਤੇ ਪਲਾਸਟਿਕ ਦਾ ਕਾਰੋਬਾਰ
ਗੌਤਮ ਅਡਾਨੀ 1978 ਵਿੱਚ ਮੁੰਬਈ ਦੇ ਇੱਕ ਕਾਲਜ ਪੜ੍ਹਦਾ ਸੀ। ਕਿਸੇ ਕਾਰਣ ਪੜ੍ਹਾਈ ਅਧੂਰੀ ਰਹਿ ਗਈ ਤੇ ਆਡਾਨੀ ਨੇ ਹੀਰਿਆਂ ਅਤੇ ਪਲਾਸਟਿਕ ਦੇ ਕਾਰੋਬਾਰ ‘ਚ ਹੱਥ ਅਜ਼ਮਾ ਲਿਆ।ਗੌਤਮ ਅਡਾਨੀ ਦੇ ਵੱਡੇ ਕਾਰੋਬਾਰੀ ਬਣਨ ਪਿੱਛੇ ਵੀ ਲੰਬਾ ਸਫਰ ਹੈ।
ਕਈ ਵਾਰ ਇੰਨੀ ਤੇ ਅੰਨ੍ਹੀ ਦੌਲਤ ਅਡਾਨੀ ਲਈ ਮੁਸੀਬਤ ਦਾ ਕਾਰਣ ਵੀ ਬਣੀ ਹੈ।1997 ਵਿੱਚ ਫਿਰੌਤੀ ਲਈ ਕਿਸੇ ਨੇ ਅਡਾਨੀ ਨੂੰ ਅਗਵਾ ਕਰ ਲਿਆ ਸੀ ਤੇ ਇਸ ਮਾਮਲੇ ਵਿੱਚ ਇਕ ਵਿਅਕਤੀ ਉੱਤੇ ਕੇਸ ਵੀ ਚੱਲ ਰਿਹਾ ਹੈ।
ਹੁਣ ਹਾਲਾਤ ਇਹ ਹਨ ਕਿ ਅਡਾਨੀ ਇੱਕ ਵੱਡੇ ਕਾਰੋਬਾਰੀ ਸਮੂਹ ਦੇ ਮੁਖੀ ਹਨ, ਜੋ ਭਾਰਤ ਵਿੱਚ ਬੰਦਰਗਾਹਾਂ ਦੇ ਸਭ ਤੋਂ ਵੱਡੇ ਆਪਰੇਟਰ ਹਨ ਅਤੇ ਉਨ੍ਹਾਂ ਦੀ ਬਿਜਲੀ ਬਣਾਉਣ ਵਾਲੀ ਪ੍ਰਾਈਵੇਟ ਕੰਪਨੀ ਵੀ ਹੈ।ਅਡਾਨੀ ਸਮੂਹ ਦੇ ਕੋਲਾ ਖਾਣ, ਨਿਰਮਾਣ ਖੇਤਰ, ਢੁਆਈ, ਕੌਮਾਂਤਰੀ ਕਾਰੋਬਾਰ, ਸਿੱਖਿਆ, ਰਿਅਲ ਅਸਟੇਟ, ਖਾਦ ਤੇਲ ਅਤੇ ਅਨਾਜ ਦੇ ਭੰਡਾਰਨ ਤੱਕ ਦੇ ਵੱਡੇ ਕਾਰੋਬਾਰ ਹਨ।
ਗੌਤਮ ਅਡਾਨੀ ਭਾਰਤ ਵਿੱਚ ਦੂਜੇ ਸਭ ਤੋਂ ਵੱਡੇ ਕਾਰੋਬਾਰੀ ਮੰਨੇ ਜਾਂਦੇ ਹਨ। ਉਨ੍ਹਾਂ ਦੀ ਕੰਪਨੀ ਫਿਲਹਾਲ 30 ਤੋਂ ਜ਼ਿਆਦਾ ਚੀਜ਼ਾਂ ਦੇ ਕਾਰੋਬਾਰ ਵਿੱਚ ਲੱਗੀ ਹੈ ਅਤੇ ਉਨ੍ਹਾਂ ਦਾ ਵਪਾਰ ਘੱਟੋ-ਘੱਟ 28 ਦੇਸ਼ਾਂ ਵਿੱਚ ਫੈਲਿਆ ਹੋਇਆ ਹੈ।ਜਿਨ੍ਹਾਂ ਵਿੱਚ ਆਸਟ੍ਰੇਲੀਆ ਅਤੇ ਇੰਡੋਨੇਸ਼ੀਆ ਵੀ ਸ਼ਾਮਿਲ ਹਨ।2003-04 ਦੇ ਮਾਲੀ ਸਾਲ ਵਿੱਚ ਅਡਾਨੀ ਸਮੂਹ ਭਾਰਤ ਵਿੱਚ ਸਭ ਤੋਂ ਜ਼ਿਆਦਾ ਵਿਦੇਸ਼ੀ ਮੁਦਰਾ ਕਮਾਉਣ ਵਾਲੀ ਕੰਪਨੀ ਬਣ ਗਈ ਸੀ।
ਤੁਹਾਨੂੰ ਸੁਣ ਕੇ ਹੈਰਾਨੀ ਵੀ ਹੋ ਸਕਦੀ ਹੈ ਕਿ ਅਡਾਨੀ ਦੇ ਕਾਰੋਬਾਰ ਦਾ ਟਰਨ ਓਵਰ 2002 ਦੇ ਮੁਕਾਬਲੇ 76.50 ਕਰੋੜ ਡਾਲਰ ਤੋਂ ਵਧ ਕੇ 2014 ਵਿੱਚ 10 ਅਰਬ ਡਾਲਰ ਤੱਕ ਪਹੁੰਚ ਗਿਆ। ਤੇ ਜੇਕਰ ਥੋੜ੍ਹਾ ਜਿਹਾ ਇਸਨੂੰ ਸਿਆਸੀ ਤਰੀਕੇ ਨਾਲ ਸਮਝੀਏ ਤਾਂ ਇਹਨੂੰ ਚਾਹੇ ਇੱਤੇਫਾਕ ਮੰਨੋ ਜਾਂ ਸੱਚ ਇਹ ਉਹੀ ਦੌਰ ਸੀ ਜਦੋਂ ਨਰਿੰਦਰ ਮੋਦੀ ਸੱਤਾ ਦੇ ਅਰਸ਼ ਤੇ ਬੁਲੰਦੀਆਂ ਛਹ ਰਹੇ ਸਨ।
.
ਪਰ ਇਹ ਬੀਤੇ ਕਲ੍ਹ 14 ਜੂਨ ਦੀ ਹੀ ਗੱਲ ਹੈ ਕਿ ਦੇਸ਼ ਦੇ ਦੂਜੇ ਸਭ ਤੋਂ ਵੱਡੇ ਕਾਰੋਬਾਰੀ ਗੌਤਮ ਅਡਾਨੀ ਦੀਆਂ ਕੰਪਨੀਆਂ ਨੂੰ ਸ਼ੇਅਰ ਬਜ਼ਾਰ ਵਿੱਚ ਭਾਰੀ ਗਿਰਾਵਟ ਝੱਲਣੀ ਪਈ ਹੈ।ਕਈ ਮੀਡੀਆ ਅਦਾਰਿਆਂ ਨੇ ਤਾਂ ਇਹ ਵੀ ਕਿਹਾ ਹੈ ਕਿ ਗੌਤਮ ਅਡਾਨੀ ਦੇ ਕਾਰੋਬਾਰ ਨੂੰ ਸ਼ੇਅਰ ਮਾਰਕੀਟ ਵਿਚ ਗੋਤੇ ਲੱਗ ਗਏ ਹਨ।
ਅਡਾਨੀ ਗਰੁੱਪ ਦੀਆਂ 6 ਕੰਪਨੀਆਂ ਬਜ਼ਾਰ ਵਿੱਚ ਕਾਰਜਸ਼ੀਲ ਨੇ, ਜਿਨ੍ਹਾਂ ਨੇ ਗਿਰਾਵਟ ਦੇਖੀ ਹੈ। ਇਸ ਗਿਰਾਵਟ ਨਾਲ ਅਡਾਨੀ ਗਰੁੱਪ ਨੂੰ ਕਰੀਬ 55,000 ਕਰੋੜ ਰੁਪਏ ਦਾ ਨੁਕਸਾਨ ਹੋਇਆ।ਕਿਹਾ ਇਹ ਵੀ ਗਿਆ ਕਿ ਅਡਾਨੀ ਗਰੁੱਪ ਵਿੱਚ ਨਿਵੇਸ਼ ਕਰਨ ਵਾਲੇ ਤਿੰਨ ਵਿਦੇਸ਼ੀ ਫੰਡਜ਼ ਦੇ ਖ਼ਾਤੇ ਫ੍ਰੀਜ਼ ਹੋ ਗਏ ਹਨ।
- ਗੌਤਮ ਅਡਾਨੀ ਨੇ ਇਸ ਸਾਲ ਕਮਾਏ 43 ਅਰਬ ਡਾਲਰ
ਪਿਛਲੇ ਦਿਨੀਂ ਬਲੂਮਬਰਗ ਨੇ ਇਕ ਰਿਪੋਰਟ ਛਾਪੀ ਸੀ, ਉਸ ਮੁਤਾਬਿਕ ਇਸ ਸਾਲ ਦੀ ਗੱਲ ਕਰੀਏ ਤਾਂ ਗੌਤਮ ਅਡਾਨੀ ਨੇ ਆਪਣੀਆਂ ਕੰਪਨੀਆਂ ਰਾਹੀਂ ਇਸ ਸਾਲ 43 ਅਰਬ ਡਾਲਰ ਦੀ ਕਮਾਈ ਕੀਤੀ ਹੈ, ਜਿਸ ਨਾਲ ਉਸ ਦੀ ਕੁੱਲ ਕਮਾਈ 77 ਅਰਬ ਡਾਲਰ ਦੇ ਨੇੜੇ ਪਹੁੰਚ ਗਈ ਹੈ। ਉਸ ਦੀ ਜਾਇਦਾਦ ਵਿੱਚ ਵਾਧੇ ਦਾ ਮੁੱਖ ਕਾਰਨ ਉਸ ਦੀਆਂ ਕੰਪਨੀਆਂ ਵਿੱਚ 235 ਤੋਂ 330 ਫ਼ੀਸਦੀ ਤੱਕ ਦਾ ਵਾਧਾ ਹੋਣਾ ਹੈ। ਰਿਪੋਰਟ ਮੁਤਾਬਕ, ਏਸ਼ੀਆ ਦੇ ਦੂਜੇ ਸਭ ਤੋਂ ਵੱਧ ਅਮੀਰ ਅਡਾਨੀ ਦੀ ਜਾਇਦਾਦ ਵਾਰੇਨ ਬਫੇ ਅਤੇ ਮੁਕੇਸ਼ ਅੰਬਾਨੀ ਦੇ ਮੁਕਾਬਲੇ ਵੱਧ ਤੇਜ਼ੀ ਨਾਲ ਵਧੀ ਹੈ।
ਹਾਲਾਂਕਿ ਅਡਾਨੀ ਗਰੁੱਪ ਵੱਲੋਂ ਇਸ ਸਬੰਧੀ ਕੋਈ ਬਿਆਨ ਨਹੀਂ ਦਿੱਤਾ ਗਿਆ। ਬਲੂਮਬਰਗ ਦੀ ਰਿਪੋਰਟ ਵਿੱਚ ਇਹ ਕਿਹਾ ਗਿਆ ਹੈ ਕਿ ਅਡਾਨੀ ਐਂਟਰਪ੍ਰਾਈਜ਼ਿਜ਼ ਦੇ ਸ਼ੇਅਰਾਂ ਵਿੱਚ 235 ਫ਼ੀਸਦੀ ਉਛਾਲ ਦੇਖਣ ਨੂੰ ਮਿਲਿਆ ਹੈ। ਅਡਾਨੀ ਟਰਾਂਸਮਿਸ਼ਨ ਦੇ ਸ਼ੇਅਰਾਂ ਵਿੱਚ ਹੁਣ ਤੱਕ 263 ਫ਼ੀਸਦੀ ਦੀ ਤੇਜ਼ੀ ਦਰਜ ਕੀਤੀ ਜਾ ਚੁੱਕੀ ਹੈ।
- ਮੋਦੀ ਨਾਲ ਕਿਉਂ ਜੁੜਦਾ ਹੈ ਨਾਂ
ਹੁਣ ਅਸੀਂ ਚਰਚਾ ਕਰਾਂਗੇ ਕਿ ਇਸ ਵੱਡੇ ਰਸੂਖਦਾਰ ਕਾਰੋਬਾਰੀ ਦਾ ਆਖਿਰ ਆਜਿਹਾ ਕਿਹੜਾ ਰਿਸ਼ਤਾ ਹੈ, ਜਿਹੜਾ ਵਾਰ ਵਾਰ ਆਡਾਨੀ ਦਾ ਨਾਂ ਨਰਿੰਦਰ ਮੋਦੀ ਨਾਲ ਜੋੜਦਾ ਹੈ।
22 ਮਈ 2014 ਨੂੰ ਭਾਰਤੀ ਅਖਬਾਰਾਂ ਵਿਚ ਇਕ ਤਸਵੀਰ ਪ੍ਰਕਾਸ਼ਿਤ ਹੋਈ ਸੀ, ਇਹ ਉਹ ਦਿਨ ਸੀ ਜਦੋਂ ਨਰਿੰਦਰ ਮੋਦੀ ਗੁਜਰਾਤ ਤੋਂ ਭਾਰਤ ਦੇ ਪ੍ਰਧਾਨ ਮੰਤਰੀ ਅਹੁਦੇ ਲਈ ਸਹੁੰ ਚੁੱਕਣ ਲਈ ਰਵਾਨਾ ਹੋ ਰਹੇ ਸਨ।ਇਕ ਖਾਸ ਗੱਲ ਧਿਆਨ ਦੇਣ ਵਾਲੀ ਹੈ, ਤੇ ਅਸੀਂ ਵੀ ਚਾਹੁੰਦੇ ਹਾਂ ਕਿ ਤੁਸੀਂ ਵੀ ਇਸ ਗੱਲ ‘ਤੇ ਗੌਰ ਕਰਿਓ ਤਾਂ ਜੋ ਸਮਝ ਸਕੋ ਕਿ ਇਹ ਗੂੜ੍ਹੇ ਰਿਸ਼ਤੇ ਕਦੋਂ ਤੋਂ ਤੇ ਕਿਵੇ ਦੇ ਹਨ।
ਅਹਿਮਦਾਬਾਦ ਹਵਾਈ ਅੱਡੇ ‘ਤੇ ਨਰਿੰਦਰ ਮੋਦੀ ਇਕ ਜ਼ਹਾਜ ਵਿੱਚੋਂ ਖੁਦ ਨੂੰ ਛੱਡਣ ਆਏ ਲੋਕਾਂ ਨੂੰ ਹੱਥ ਹਿਲਾ ਕੇ ਧੰਨਵਾਦ ਕਰ ਰਹੇ ਹਨ। ਜਿਹੜੇ ਜਹਾਜ਼ ‘ਤੇ ਮੋਦੀ ਹਨ, ਉਸ ‘ਤੇ ਪ੍ਰਾਈਵੇਟ ਏਅਰਲਾਈਨ ਦਾ ਲੋਗੋ ਵੀ ਸਾਫ਼ ਦਿਖ ਰਿਹਾ ਸੀ, ‘ਅਡਾਨੀ’।
ਭਾਰਤ ਦੇ ਸਭ ਤੋਂ ਅਮੀਰ ਲੋਕਾਂ ਵਿੱਚੋਂ ਇੱਕ 52 ਸਾਲ ਦੇ ਗੌਤਮ ਅਡਾਨੀ ਉਨ੍ਹਾਂ ਕਾਰੋਬਾਰੀਆਂ ਵਿੱਚ ਹਨ, ਜੋ ਭਾਰਤ ਦੇ ਸਭ ਤੋਂ ਤਾਕਤਵਾਰ ਸ਼ਖ਼ਸ ਦੇ ਨਾਲ ਆਪਣੇ ਕਰੀਬੀ ਰਿਸ਼ਤਿਆਂ ਨੂੰ ਲੈ ਕੇ ਆਪ ਵੀ ਚਰਚਾ ਕਰ ਚੁੱਕੇ ਹਨ।
ਥੋੜ੍ਹਾ ਜਿਹਾ ਹੋਰ ਦੱਸ ਦਈਏ ਕਿ ਦੋਵਾਂ ਦੀ ਦੋਸਤੀ 2002 ਤੋਂ ਹੀ ਸ਼ੁਰੂ ਹੋ ਗਈ ਸੀ।ਇਹੀ ਉਹੀ ਵੇਲਾ ਸੀ ਜਦੋਂ ਗੁਜਰਾਤ ਹਿੰਦੂ-ਮੁਸਲਿਮ ਦੰਗਿਆਂ ਵਿੱਚ ਝੁਲਸ ਰਿਹਾ ਸੀ।
ਵਪਾਰ ਜਗਤ ਦੀ ਸੰਸਥਾ ਕਾਨਫੈਡਰੇਸ਼ਨ ਆਫ ਇੰਡੀਅਨ ਇੰਡਸਟ੍ਰੀਜ਼ (ਸੀਆਈਆਈ) ਨਾਲ ਜੁੜੇ ਕਾਰੋਬਾਰੀਆਂ ਨੇ ਉਸ ਵੇਲੇ ਹਾਲਾਤ ‘ਤੇ ਕਾਬੂ ਪਾਉਣ ਲਈ ਢਿਲਾਈ ਵਰਤਣ ਲਈ ਮੋਦੀ ਦੀ ਆਲੋਚਨਾ ਵੀ ਕੀਤੀ ਸੀ।
ਉਦੋਂ ਮੋਦੀ ਗੁਜਰਾਤ ਹਿੰਸਾ ਨੂੰ ਨਜ਼ਰਅੰਦਾਜ਼ ਕਰ ਕੇ ਇਸ ਸੂਬੇ ਨੂੰ ਨਿਵੇਸ਼ਕਾਂ ਦੇ ਪਸੰਦੀਦਾਂ ਟਿਕਾਣੇ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਵਿੱਚ ਸਨ।ਅਡਾਨੀ ਨੇ ਗੁਜਰਾਤ ਦੇ ਹੋਰਨਾਂ ਕਾਰੋਬਾਰੀਆਂ ਨੂੰ ਮੋਦੀ ਦੇ ਪੱਖ ਵਿੱਚ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਸੀਆਈਆਈ ਦੇ ਬਰਾਬਰ ਇੱਕ ਹੋਰ ਸੰਸਥਾ ਖੜ੍ਹੀ ਕਰਨ ਦੀ ਚਿਤਾਵਨੀ ਵੀ ਦਿੱਤੀ ਸੀ।
ਸਾਲ 2013 ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਵਿਰੋਧ ਤੋਂ ਬਾਅਦ ਅਮਰੀਕਾ ਦੇ ਵ੍ਹਾਈਟਰਨ ਸਕੂਲ ਆਫ ਬਿਜਨੈੱਸ ਦੇ ਇੱਕ ਪ੍ਰੋਗਰਾਮ ਵਿੱਚ ਮੋਦੀ ਦਾ ਨਾਮ ਮੁੱਖ ਬੁਲਾਰਿਆਂ ਦੀ
ਲਿਸਟ ਵਿੱਚੋਂ ਹਟਾਏ ਜਾਣ ਤੋਂ ਬਾਅਦ ਉਸ ਵੇਲੇ ਅਡਾਨੀ ਗਰੁੱਪ ਨੇ ਆਪਣੀ ਸਪਾਂਸਰਸ਼ਿਪ ਵਾਪਸ ਲੈ ਲਈ ਸੀ।
ਅਡਾਨੀ ਉਸ ਪ੍ਰੋਗਰਾਮ ਦੇ ਮੁੱਖ ਸਪਾਂਸਰਾਂ ਵਿੱਚੋਂ ਇੱਕ ਸਨ। ਗੁਜਰਾਤ ਸਰਕਾਰ ‘ਤੇ ਅਡਾਨੀ ਗਰੁੱਪ ਨੂੰ ਭਾਰਤ ਦੇ ਸਭ ਤੋਂ ਵੱਡੇ ਬੰਦਰਗਾਹ ਮੁੰਦੜਾ ਲਈ ਵੱਡੇ ਪੈਮਾਨੇ ‘ਤੇ ਕੌੜੀਆਂ ਦੇ ਭਾਅ ਜ਼ਮੀਨ ਦੇਣ ਦੇ ਇਲਜ਼ਾਮ ਲਗਦੇ ਰਹੇ ਹਨ।ਗੁਜਰਾਤ ਦੇ ਸਾਗਰ ਤਟ ‘ਤੇ ਬਣੇ ਇਸ ਬੰਦਰਗਾਹ ਕਾਰਨ ਵਾਤਾਵਰਨ ‘ਤੇ ਪੈਣ ਵਾਲੇ ਅਸਰ ਨੂੰ ਲੈ ਕੇ ਚਿੰਤਾਵਾਂ ਜ਼ਾਹਿਰ ਕੀਤੀਆਂ ਜਾ ਰਹੀਆਂ ਸਨ।
- ਮੁਕੇਸ਼ ਅੰਬਾਨੀ ਦੇ ਜੀਓ ਇਸ਼ਤਿਹਾਰਾਂ ਵਿੱਚ ਮੋਦੀ
ਇਹ ਇਕੱਲੇ ਅਡਾਨੀ ਨਹੀਂ ਜਿਸਦਾ ਨਾਂ PM ਮੋਦੀ ਨਾਲ ਜੁੜਦਾ ਰਿਹਾ ਹੈ, ਮੁਕੇਸ਼ ਅਬਾਨੀ ਦੀ ਰਿਲਾਇੰਸ ਜੀਓ ਕਾਰਨ ਵੀ ਮੋਦੀ ਕਈ ਵਾਰ ਅਲੋਚਨਾਵਾਂ ਦਾ ਸ਼ਿਕਾਰ ਹੋਏ ਹਨ। ਜੀਓ
ਦੇ ਇਸ਼ਤਿਹਾਰ ਨਾਲ ਜੁੜੀਆਂ ਕਈਆਂ ਤਸਵੀਰਾਂ ਵਿਚ ਮੋਦੀ ਦੇਖੇ ਗਏ ਹਨ। ਮੀਡੀਆ ਰਿਪੋਰਟਾਂ ਦੀ ਜੇਕਰ ਗੱਲ ਕਰੀਏ ਤਾਂ ਲੋਕਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਮੋਦੀ…..ਮੁਕੇਸ਼ ਅੰਬਾਨੀ ਦੇ ਚੋਣਾਂ ਤੋਂ ਪਹਿਲਾਂ ਕੀਤੇ ਗਏ ਪ੍ਰਚਾਰ ਖਰਚਿਆਂ ਦਾ ਮੁੱਲ ਮੋੜ ਰਹੇ ਹਨ ਤੇ ਬੁਰੀ ਤਰ੍ਹਾਂ ਡੁੱਬ ਰਹੀ ਭਾਰਤ ਸੰਚਾਰ ਨਿਗਮ ਲਿਮਟਿਡ ਯਾਨੀ ਕਿ ਬੀਐਸਐਨਲ ਨੂੰ ਪੂਰੀ ਤਰ੍ਹਾਂ ਨਿਬੇੜਨ ਦਾ ਕੰਮ ਕਰ ਰਹੇ ਹਨ।ਲੋਕਾਂ ਦਾ ਤਾਂ ਇਹ ਵੀ ਕਹਿਣਾ ਸੀ ਕਿ ਦੇਸ਼ ਦੇ ਸਭ ਤੋਂ ਉੱਚੇ ਤਖਤ ਉੱਤੇ ਬੈਠੀ ਨਾਮੀ ਸਖਸ਼ੀਅਤ ਨੂੰ ਇਹੋ ਜਿਹੇ ਕੰਮ ਨਹੀਂ ਸੋਭਦੇ…ਪਰ… ਕੀਤਾ ਕੀ ਜਾਵੇ, ਦੋਸਤੀ ਤਾਂ ਫਿਰ ਨਿਭਾਉਣ ਲਈ ਹੀ ਹੁੰਦੀ ਹੈ।
- ਕਿਸਾਨ ਖੁਲ੍ਹ ਕੇ ਕਰ ਚੁੱਕੇ ਨੇ ਅਡਾਨੀ ਦਾ ਵਿਰੋਧ
ਦਿੱਲੀ ਵਿਖੇ ਤਿੰਨ ਖੇਤੀ ਕਾਨੂੰਨਾਂ ਦਾ ਪਿਛਲੇ ਛੇ ਮਹੀਨਿਆਂ ਤੋਂ ਵਿਰੋਧ ਕਰ ਰਹੇ ਨੇ ਮੋਦੀ ਸਰਕਾਰ ਦੇ ਨਾਲ ਨਾਲ ਆਡਾਨੀ ਅੰਬਾਨੀ ਦੇ ਕਾਰੋਬਾਰ ਦਾ ਵੀ ਤਿੱਖਾ ਵਿਰੋਧ ਵਿੰਢਿਆ ਹੋਇਆ ਹੈ।ਕਿਸਾਨਾਂ ਦਾ ਦਾਅਵਾ ਤੇ ਇਲਜ਼ਾਮ ਹੈ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨ ਆਉਣ ਦੀ ਭਣਕ ਆਡਾਨੀ ਆੰਬਾਨੀ ਗਰੁੱਪਾਂ ਨੂੰ ਪਹਿਲਾਂ ਹੀ ਸੀ। ਕਿਸਾਨਾਂ ਦੇ ਇਹ ਦਾਅਵੇ ਪੁਖਤਾ ਵੀ ਹੋਏ ਹਨ।
ਕੱਲ੍ਹ ਦੀ ਤਾਜਾ ਖਬਰ ਹੀ ਲੈ ਲਈਏ ਕਿ ਪਾਨੀਪਤ ਜ਼ਿਲ੍ਹੇ ਦੇ ਪਿੰਡ ਨੌਲਠਾ ਵਿੱਚ ਬਣੇ ਅਡਾਨੀ ਗਰੁੱਪ ਦੇ ਗੁਦਾਮ ਵਿੱਚ ਧਾਵਾ ਬੋਲ ਦਿੱਤਾ ਤੇ ਚੱਲ ਰਹੇ ਨਿਰਮਾਣ ਕਾਰਜ ਨੂੰ ਬੰਦ ਕਰਵਾ ਦਿੱਤਾ।ਜ਼ਿਕਰਯੋਗ ਹੈ ਕਿ ਅਡਾਨੀ ਗਰੁੱਪ ਵਿੱਚ ਲਗਭਗ 2 ਤੋਂ 3 ਸਾਲ ਪਹਿਲਾਂ ਨੌਲਠਾ ਅਤੇ ਜੌਧਨ ਕਲਾਂ ਵਿੱਚ ਗੁਦਾਮ ਬਣਾਉਣ ਲਈ ਤਕਰੀਬਨ 100 ਏਕੜ ਜ਼ਮੀਨ ਖਰੀਦੀ ਜਾ ਚੁੱਕੀ ਹੈ। ਜਿੱਥੇ ਇੱਕ ਸਾਇਲੋਸ ਬਣਾਇਆ ਜਾ ਰਿਹਾ ਹੈ ਪਰ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਕਾਰਨ ਅਡਾਨੀ ਸਮੂਹ ਦਾ ਗੁਦਾਮ ਹੈ ਹੁਣ ਕਿਸਾਨਾਂ ਦੇ ਨਿਸ਼ਾਨੇ ਤੇ ਆ ਗਿਆ ਹੈ।
ਇਹੋ ਜਿਹੀਆਂ ਘਟਨਾਵਾਂ ਪੰਜਾਬ ਵਿਚ ਵੀ ਅਡਾਨੀ ਦੇ ਸਾਇਲੋਸ ਬਣਾਏ ਜਾਣ ਨੂੰ ਲੈ ਕੇ ਹੋ ਚੁੱਕੀਆਂ ਹਨ। ਕਿਸਾਨ ਮੋਦੀ ਸਰਕਾਰ ਦੇ ਨਾਲ ਨਾਲ ਅੰਬਾਨੀ ਅਡਾਨੀ ਦੇ ਕਾਰੋਬਾਰ ਤੇ ਇਨ੍ਹਾਂ ਦੇ ਬਣਾਏ ਸਮਾਨ ਦਾ ਵਿਰੋਧ ਕਰ ਰਹੇ ਹਨ।
ਬੜੀ ਹੈਰਾਨੀ ਦੀ ਗੱਲ ਹੈ ਕਿ ਅੰਕੜਿਆਂ ਦੇ ਨਾਲ ਮੀਡੀਆ ਰਿਪੋਰਟਾਂ ਪ੍ਰਕਾਸ਼ਿਤ ਹੋ ਚੁਕੀਆਂ ਹਨ। ਪਰ ਸਰਕਾਰ ਹਮੇਸ਼ਾ ਹੀ ਵੱਡੇ ਕਾਰੋਬਾਰੀਆਂ ਨਾਲ ਆਪਣੇ ਸੰਬੰਧਾਂ ਨੂੰ ਖਾਰਿਜ ਕਰਦੀ ਰਹੀ ਹੈ। ਪਰ ਅੰਦਰਖਾਤੇ ਜੁੜੀਆਂ ਸਰਕਾਰ ਦੀਆਂ ਇਨ੍ਹਾਂ ਰਸੂਖਦਾਰ ਕਾਰੋਬਾਰੀਆਂ ਨਾਲ ਤੰਦਾਂ ਨੂੰ ਕਿਤੇ ਨਾ ਕਿਤੇ ਸਰਕਾਰ ਵੀ ਝੁਠਲਾ ਨਹੀਂ ਸਕਦੀਆਂ ਹਨ। ਪਰ ਇਹ ਜਰੂਰ ਪੱਕਾ ਹੈ ਜਦੋਂ ਸਿਆਸਤ ਨਾਲ ਕਾਰੋਬਾਰ ਆ ਜੁੜਦਾ ਹੈ ਤਾਂ ਸਰਕਾਰਾਂ ਨੂੰ ਕਾਰੋਬਾਰਾਂ ਦੇ ਹਿੱਤ ਦੇਖਣੇ ਹੀ ਪੈਂਦੇ ਹਨ। ਕਿਊਂ ਕਿ ਕਾਰੋਬਾਰ ਨਫੇ ਨੁਕਸਾਨ ਤੇ ਚੱਲਦੇ ਹਨ ਤੇ ਲੋਕਾਂ ਦੇ ਹਿੱਤਾਂ ਲਈ ਸਰਕਾਰਾਂ ਨੂੰ ਕਈ ਵਾਰ ਸਮਝੌਤੇ ਵੀ ਕਰਨੇ ਪੈਂਦੇ ਹਨ ਤੇ ਜੇਕਰ ਸਰਕਾਰਾਂ ਥੱਲੇ ਜੈੱਕ ਹੀ ਕਾਰੋਬਾਰ ਬਣ ਜਾਣ ਤਾਂ ਫਿਰ ਹਾਲਾਤ ਉਹੀ ਨਿਕਲਦੇ ਨੇ ਜੋ ਤੁਸੀਂ ਇਨ੍ਹਾਂ ਦਿਨਾਂ ਵਿਚ ਦੇਖ ਰਹੇ ਹੋ।