ਬਿਉਰੋ ਰਿਪੋਰਟ (ਖ਼ੁਸ਼ਵੰਤ ਸਿੰਘ) – ਸਨਅਤੀ ਸ਼ਹਿਰ ਲੁਧਿਆਣਾ, ਮਿਨੀ ਮੈਨਜੈਸਟ ਨਾਲ ਵੀ ਸ਼ਹਿਰ ਮਸ਼ਹੂਰ ਹੈ, ਇੱਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹੋਣ ਦੀ ਵਜ੍ਹਾ ਕਰਕੇ ਪੂਰੇ ਪੰਜਾਬ ਦੇ ਕਿਸਾਨ ਲੁਧਿਆਣਾ ਵੱਲ ਤਕਦੇ ਹਨ। ਸੰਗੀਤ ਅਤੇ ਧਾਰਮਿਕ ਪੱਖੋਂ ਵੀ ਅਮੀਰ ਇਸ ਸ਼ਹਿਰ ਨੂੰ ਸਿਕੰਦਰ ਲੋਧੀ ਨਾਲ ਜੁੜੇ ਹੋਣ ਦੀ ਵਜ੍ਹਾ ਕਰਕੇ ਲੁਧਿਆਣਾ ਦਾ ਨਾਂ ਮਿਲਿਆ। ਦੁਆਬੇ ਦੇ ਗੁਆਂਢ ਅਤੇ ਮਾਲਵੇ ਦੇ ਸਭ ਤੋਂ ਅਹਿਮ ਲੁਧਿਆਣਾ ਹਲਕੇ ਦੀ ਸਿਆਸਤ ਨੇ 70 ਸਾਲਾਂ ਵਿੱਚ ਵਿੱਚ ਬਹੁਤ ਬਦਲਿਆ ਹੈ। ਸਨਅਤੀਕਰਨ ਵੱਧਣ ਦੀ ਵਜ੍ਹਾ ਕਰਕੇ ਹਲਕੇ ਵਿੱਚ ਪ੍ਰਵਾਸੀਆ ਵੀ ਸਿਆਸਤ ‘ਤੇ ਹਾਵੀ ਹੁੰਦੇ ਨਜ਼ਰ ਆਏ। 1957 ਵਿੱਚ ਲੁਧਿਆਣਾ ਵਿੱਚ ਪਹਿਲੀ ਵਾਰ ਚੋਣ ਹੋਈ ਅਤੇ ਹੁਣ ਤੱਕ 16 ਵਾਰ ਹਲਕੇ ਦੀ ਜਨਤਾ ਕੇਂਦਰ ਦੀ ਸਰਕਾਰ ਚੁਣਨ ਦੇ ਲਈ ਵੋਟ ਪਾ ਚੁੱਕੇ ਹਨ।
8 ਵਾਰ ਕਾਂਗਰਸ ਜਿੱਤੀ ਜਦਕਿ 4 ਵਾਰ ਅਕਾਲੀ ਦਲ ਨੇ ਕਬਜ਼ਾ ਕੀਤਾ, 2 ਵਾਰ ਅਜ਼ਾਦ ਉਮੀਦਵਾਰ ਵੀ ਜੇਤੂ ਰਹੇ। ਕੁੱਲ ਅੰਕੜਿਆ ਪੱਖੋਂ ਅਤੇ ਪਿਛਲੀਆਂ 3 ਚੋਣਾਂ ਦੇ ਨਤੀਜੇ ਲਗਾਤਾਰ ਕਾਂਗਰਸ ਦੇ ਹੱਕ ਵਿੱਚ ਜਾਣ ਦੀ ਵਜ੍ਹਾ ਕਰਕੇ ਕਾਂਗਰਸ ਦਾ ਹੱਥ ਉੱਤੇ ਰਿਹਾ ਹੈ। ਪਰ ਹੁਣ ਤੱਕ ਦੇ ਨਤੀਜਿਆਂ ਤੋਂ ਅਸੀਂ ਇਹ ਨਹੀਂ ਕਹਿ ਸਕਦੇ ਹਾਂ ਕਿ ਲੁਧਿਆਣਾ ਦੇ ਲੋਕਾਂ ਦੀ ਸਿਆਸੀ ਸੋਚ ਕੇਂਦਰ ਵਿੱਚ ਬਣਨ ਵਾਲੀ ਸਰਕਾਰ ਵੱਲ ਇਸ਼ਾਰਾ ਸਮਝ ਦੀ ਹੈ ਅਤੇ ਉਸੇ ਦੇ ਮੁਤਾਬਿਕ ਹੀ ਵੋਟ ਪਾਉਂਦੀ ਹੈ। ਅੱਜ ਅਸੀਂ 2024 ਵਿੱਚ ਲੁਧਿਆਣਾ ਲੋਕਸਭਾ ਦੇ ਲੋਕਾਂ ਦੇ ਫਤਵੇ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ। ਪਿਛਲੀਆਂ 2 ਲੋਕਸਭਾ ਚੋਣਾਂ ਵਿੱਚ ਇੱਥੇ ਗਹਿਗੱਚ ਮੁਕਾਬਲਾ ਵੇਖਣ ਨੂੰ ਮਿਲਿਆ ਸੀ ਇਸ ਵਾਰ ਵੀ ਅਜਿਹੇ ਮੁਕਾਬਲੇ ਦੀ ਉਮੀਦ ਹੈ।
ਲੁਧਿਆਣਾ ਦੀ ਹਵਾ ਅਤੇ ਸੋਚ ਬਾਰੇ ਜਾਣਨ ਤੋਂ ਪਹਿਲਾਂ ਕੁਝ ਦਿਲਚਸਪ ਅੰਕੜਿਆ ਬਾਰੇ ਜਾਣਦੇ ਹਾਂ। ਹਲਕੇ ਵਿੱਚ ਕੁੱਲ ਵੋਟਰ 26 ਲੱਖ 10 ਹਜ਼ਾਰ 121 ਜਿੰਨਾਂ ਵਿੱਚੋਂ 13,95,249 ਮਰਦ ਅਤੇ 12,14,751 ਔਰਤਾਂ ਹਨ। ਇਸ ਵਾਰ ਲੁਧਿਆਣਾ ਵਿੱਚ ਪਹਿਲੀ ਵਾਰ ਵੋਟ ਪਾਉਣ ਵਾਲਿਆਂ ਦੀ ਗਿਣਤੀ 32 ਫ਼ੀਸਦੀ ਵਧੀ ਹੈ। 2019 ਦੇ 37 ਹਜ਼ਾਰ ਦੇ ਮੁਕਾਬਲੇ 18 ਸਾਲ ਤੋਂ ਵੱਧ ਹੋਏ 55 ਹਜ਼ਾਰ ਨੌਜਵਾਨਾਂ ਨੇ ਵੋਟਾਂ ਬਣਾਈਆਂ ਹਨ। ਲੁਧਿਆਣਾ ਵਿੱਚ ਸਭ ਤੋਂ ਜ਼ਿਆਦਾ 4 ਲੱਖ 49 ਹਜ਼ਾਰ 547 ਵੋਟਰ 30 ਤੋਂ 39 ਸਾਲ ਦੀ ਉਮਰ ਦੇ ਹਨ। ਇਹ ਵੋਟਰ ਹੀ ਇਸ ਵਾਰ ਜਿੱਤ ਹਾਰ ਦਾ ਰਸਤਾ ਤੈਅ ਕਰਨਗੇ।
ਲੁਧਿਆਣਾ ’ਚ ਅਕਾਲੀ ਦਲ ਲਗਾਤਰ 15 ਸਾਲ ਹਾਰੀ
1957 ਤੋਂ 1971 ਤੱਕ ਕਾਂਗਰਸ ਲਗਾਤਾਰ ਜਿੱਤੀ। 1977 ਵਿੱਚ ਜਦੋਂ ਕੇਂਦਰ ਵਿੱਚ ਪਹਿਲੀ ਵਾਰ ਗੈਰ ਕਾਂਗਰਸ ਜਨਤਾ ਪਾਰਟੀ ਦੀ ਸਰਕਾਰ ਬਣੀ ਤਾਂ ਅਕਾਲੀ ਦਲ ਦੇ ਸਭ ਤੋਂ ਧਾਕੜ ਆਗੂ ਅਤੇ ਤਤਕਾਲੀ ਪਾਰਟੀ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਨੇ ਲੁਧਿਆਣਾ ਸੀਟ ਪਹਿਲੀ ਵਾਰ ਅਕਾਲੀ ਦਲ ਦੇ ਖਾਤੇ ਵਿੱਚ ਪਾਈ। ਅਗਲੇ 20 ਸਾਲ ਤੱਕ ਅਕਾਲੀ ਦਲ ਲੁਧਿਆਣਾ ‘ਤੇ ਜਿੱਤ ਹਾਸਲ ਕਰਨ ਲਈ ਤਰਸ ਦੀ ਰਹੀ। 1996 ਵਿੱਚ ਅਕਾਲੀ ਦਲ ਅਤੇ ਬੀਜੇਪੀ ਨੇ ਮਿਲ ਕੇ ਚੋਣ ਲੜੀ ਫਿਰ ਜਾਕੇ ਅਕਾਲੀ ਦਲ ਨੇ ਲਗਾਤਾਰ 2 ਵਾਰ 1996 ਅਤੇ 1998 ਵਿੱਚ ਲੁਧਿਆਣਾ ਸੀਟ ‘ਤੇ ਕਬਜ਼ਾ ਕੀਤਾ। ਅਕਾਲੀ ਦਲ ਦੇ ਉਮੀਦਵਾਰ ਅਮਰੀਕ ਸਿੰਘ ਆਲੀਵਾਰ ਲਗਾਤਾਰ 2 ਵਾਰ ਜੇਤੂ ਰਹੇ।
1999 ਵਿੱਚ ਕਾਂਗਰਸ ਦੇ ਟਕਸਾਲੀ ਆਗੂ ਗੁਰਚਰਨ ਸਿੰਘ ਗਾਲੀਬ ਨੇ ਕਾਂਗਰਸ ਨੂੰ ਮੁੜ ਤੋਂ ਜਿੱਤ ਦਿਵਾਈ। 2004 ਵਿੱਚ ਤਤਕਾਲੀ ਯੂਥ ਅਕਾਲੀ ਦਲ ਦੇ ਪ੍ਰਧਾਨ ਸ਼ਰਨਜੀਤ ਸਿੰਘ ਢਿੱਲੋ ਐੱਮਪੀ ਬਣੇ, ਉਸ ਤੋਂ ਬਾਅਦ ਹੁਣ 15 ਸਾਲ ਹੋ ਗਏ ਹਨ ਅਕਾਲੀ ਦਲ ਲਗਾਤਾਰ 3 ਵਾਰ ਚੋਣ ਹਾਰੀ ਹੈ। 2004 ਤੋ ਬਾਅਦ ਤਾਂ ਅਕਾਲੀ ਦਲ ਨੂੰ ਚੋਣ ਲੜਨ ਦੇ ਲਈ ਕੋਈ ਤਗੜਾ ਉਮੀਦਵਾਰ ਹੀ ਨਹੀਂ ਮਿਲਿਆ। 2009 ਵਿੱਚ ਕਾਂਗਰਸ ਤੋਂ ਟਿਕਟ ਕੱਟਣ ਤੋਂ ਨਰਾਜ਼ 2 ਵਾਰ ਦੇ ਐੱਮਪੀ ਗੁਰਚਰਨ ਸਿੰਘ ਗਾਲਿਬ ਨੂੰ ਮੈਦਾਨ ਵਿੱਚ ਉਤਾਰਨਾ ਪਿਆ ਅਤੇ ਪਰ ਉਹ ਕਾਂਗਰਕ ਦੇ ਮਨੀਸ਼ ਤਿਵਾੜੀ ਤੋਂ 14 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਹਾਰ ਗਏ। 2014 ਅਤੇ 2019 ਵਿੱਚ ਤਾਂ ਅਕਾਲੀ ਦਲ ਮੁਕਾਬਲੇ ਵਿੱਚ ਹੀ ਨਜ਼ਰ ਨਹੀਂ ਆਈ। ਇੱਕ ਵਾਰ ਚੌਥੇ ਦੂਜੀ ਵਾਰ ਤੀਜੇ ਨੰਬਰ ‘ਤੇ ਰਹੀ।
350 ਡਿਗਰੀ ਬਦਲੀ ਲੁਧਿਆਣਾ ਦਾ ਸਿਆਸਤ
2009 ਤੱਕ ਲੁਧਿਆਣਾ ਵਿੱਚ ਮੁਕਾਬਲਾ ਅਕਾਲੀ-ਬੀਜੇਪੀ ਗਠਜੋੜ ਦਾ ਕਾਂਗਰਸ ਨਾਲ ਰਿਹਾ ਹੈ। ਪਰ 2014 ਵਿੱਚ ਆਮ ਆਦਮੀ ਪਾਟਰੀ ਅਤੇ ਬੈਂਸ ਭਰਾਵਾਂ ਦੀ ਲੋਕ ਇਨਸਾਫ ਨੇ ਮੁਕਾਬਲਾ 4 ਕੋਨਾ ਬਣਾ ਦਿੱਤਾ ਸੀ। ਇਸ ਵਾਰ ਅਕਾਲੀ ਦਲ ਅਤੇ ਬੀਜੇਪੀ ਵੱਖ-ਵੱਖ ਚੋਣ ਲੜ ਰਹੀ ਹੈ। ਮੁਕਾਬਲਾ ਹੁਣ ਵੀ ਚੌਤਰਫ਼ਾ ਨਜ਼ਰ ਆ ਰਿਾਹ ਹੈ, ਕਿਉਂਕਿ ਸਿਮਰਜੀਤ ਸਿੰਘ ਬੈਂਸ ਸਿਆਸੀ ਧਿਰ ਪੱਖੋ ਇਸ ਵੇਲੇ ਨਦਾਰਤ ਨਜ਼ਰ ਆ ਰਹੇ ਹਨ। ਵੱਡੀ ਗੱਲ ਇਹ ਹੈ ਕਿ ਇਸ ਵਾਰ ਲੁਧਿਆਣਾ ਦੀ ਸਿਆਸਤ ਵਿੱਚ 360 ਡਿਗਰੀ ਬਦਲ ਗਈ ਹੈ।
ਕਾਂਗਰਸ ਦੇ 2 ਵਾਰ ਦੇ ਜੇਤੂ ਐੱਮਪੀ ਰਨਵੀਤ ਬਿੱਟੂ ਇਸ ਵਾਰ ਬੀਜੇਪੀ ਦੀ ਟਿਕਟ ‘ਤੇ ਮੈਦਾਨ ਵਿੱਚ ਉਤਰੇ ਹਨ। ਬੀਜੇਪੀ ਵੀ 1997 ਤੋਂ ਬਾਅਦ ਪਹਿਲੀ ਵਾਰ ਲੁਧਿਆਣਾ ਤੋਂ ਚੋਣ ਲੜ ਰਹੀ ਹੈ। ਪਰ 2 ਵਾਰ ਲਗਾਤਾਰ ਜੇਤੂ ਉਮੀਦਵਾਰ ਨੂੰ ਆਪਣੇ ਪਾਲੇ ਵਿੱਚ ਕਰਕੇ ਪਾਰਟੀ ਮਜ਼ਬੂਤ ਦਾਅਵੇਦਾਰੀ ਪੇਸ਼ ਕਰ ਰਹੀ ਹੈ। ਲੁਧਿਆਣਾ ਵਿੱਚ ਸ਼ਹਿਰ ਵੋਟਰ ਦੀ ਗਿਣਤੀ ਤਕਰੀਬਨ 70 ਫੀਸਦੀ ਹੈ ਜਦਕਿ ਪੇਂਡੂ 30 ਫੀਸਦੀ ਹੈ ਇਹ ਹੀ ਰਵਨੀਤ ਸਿੰਘ ਬਿੱਟੂ ਅਤੇ ਬੀਜੇਪੀ ਨੂੰ ਮਜ਼ਬੂਤ ਬਣਾ ਰਹੀ ਹੈ।
ਸ਼ਹਿਰੀ ਹਿੰਦੂ ਵੋਟ ਵੱਡੀ ਗਿਣਤੀ ਵਿੱਚ ਬੀਜੇਪੀ ਦੇ ਹੱਕ ਵਿੱਚ ਭੁਗਤ ਸਕਦੇ ਹਨ। ਇਸ ਤੋਂ ਇਲਾਵਾ ਪ੍ਰਵਾਸੀ ਮਜ਼ਦੂਰ ਲੋਕਸਭਾ ਹਲਕੇ ਵਿੱਚ ਗੇਮ ਚੇਂਜਰ ਹਨ। ਇਸੇ ਲਈ 2014 ਵਿੱਚ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਐਨਡੀਏ ਦੇ ਲਈ ਲੁਧਿਆਣਾ ਵਿੱਚ ਰੈਲੀ ਕੀਤੀ ਸੀ।
ਫਰੀਦਕੋਟ ਸੀਟ ਬਾਰੇ ਵੀ ਪੜ੍ਹੋ – ਫਰੀਦਕੋਟ ਦੇ ਲੋਕਾਂ ਨੇ ਨਵੇਂ ‘MP’ ਦਾ ਕਰ ਲਿਆ ਫੈਸਲਾ! ਇਸ ਵਾਰ ਵੀ ਕਰਨਗੇ ਉਲਟਫੇਰ! ਬਾਦਲ ਦੀ ਨਰਸਰੀ ਨੂੰ ਲੱਗੀ ਨਜ਼ਰ!
ਬਿੱਟੂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਹਨ। ਪਰਿਵਾਰ ਨਾਲ ਜੁੜਿਆ ਖਾਸ ਵੋਟ ਬੈਂਕ ਵੀ ਉਨ੍ਹਾਂ ਨੂੰ ਮਜ਼ਬੂਤ ਬਣਾਉਂਦਾ ਹੈ। ਰਵਨੀਤ ਬਿੱਟੂ ਨੇ ਲਗਾਤਾਰ 3 ਚੋਣਾਂ ਜਿੱਤ ‘ਤੇ ਆਪਣਾ ਸਿਆਸੀ ਕੱਦ ਵੱਡਾ ਕਰ ਲਿਆ ਹੈ। ਉਨ੍ਹਾਂ ਦੀ ਸਿਆਸੀ ਤਾਕਤ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ 2014 ਵਿੱਚ ਜਦੋਂ ਮੋਦੀ ਅਤੇ ਆਮ ਆਦਮੀ ਪਾਰਟੀ ਦੀ ਸਿਆਸੀ ਹਵਾ ਵਿੱਚ ਤਤਕਾਲੀ ਐੱਮਪੀ ਮਨੀਸ਼ ਤਿਵਾੜੀ ਨੇ ਚੋਣ ਲੜਨ ਤੋਂ ਇਨਕਾਰ ਕਰਦੇ ਹੋਏ ਹੱਥ ਖੜੇ ਕਰ ਦਿੱਤੇ ਸਨ ਤਾਂ ਬਿੱਟੂ ਨੇ ਸ੍ਰੀ ਆਨੰਦਪੁਰ ਸਾਹਿਬ ਦੀ ਸੀਟ ਛੱਡ ਕੇ ਲੁਧਿਆਣਾ ਤੋਂ ਫਸਵੀ ਟੱਕਰ ਵਿੱਚ 20 ਹਜ਼ਾਰ ਦੇ ਮਾਰਜਨ ਨਾਲ ਸੀਟ ਜਿੱਤੀ ਸੀ।
ਆਮ ਆਦਮੀ ਪਾਰਟੀ ਦੇ ਦੂਜੇ ਨੰਬਰ ‘ਤੇ ਰਹੇ ਉਮੀਦਵਾਰ ਹਰਵਿੰਦਰ ਸਿੰਘ ਫੂਲਕਾ ਨੂੰ ਬਿੱਟੂ ਦੇ 3 ਲੱਖ ਵੋਟਾਂ ਦੇ ਮੁਕਾਬਲੇ 2 ਲੱਖ 80 ਹਜ਼ਾਰ ਵੋਟ ਮਿਲੇ ਸਨ। ਜਦਕਿ ਤੀਜੇ ਨੰਬਰ ਤੇ ਅਕਾਲੀ ਦਲ ਬੀਜੇਪੀ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੂੰ 2 ਲੱਖ 55 ਹਜ਼ਾਰ ਅਤੇ ਸਿਮਰਨਜੀਤ ਸਿੰਘ ਬੈਂਸ ਨੂੰ 2 ਲੱਖ 10 ਹਜ਼ਾਰ ਵੋਟ ਮਿਲੇ ਸਨ। 2019 ਵਿੱਚ ਤਾਂ ਆਪ ਦੀ ਬੁਰੀ ਤਰ੍ਹਾਂ ਹਾਰ ਹੋਈ ਸੀ। ਪਾਰਟੀ ਦੇ ਉਮੀਦਵਾਰ ਨੂੰ ਸਿਰਫ਼ 15 ਹਜ਼ਾਰ ਵੋਟ ਹਾਸਲ ਹੋਏ ਸਨ। ਪਰ 2022 ਦੀਆਂ ਵਿਧਾਨਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਲੁਧਿਆਣਾ ਲੋਕਸਭਾ ਹਲਕੇ ਦੀਆਂ 9 ਵਿਧਾਨਸਭਾ ਸੀਟਾਂ ਵਿੱਚ 8 ਤੇ ਜਿੱਤ ਹਾਸਲ ਕੀਤੀ ਸੀ। ਸਿਰਫ ਦਾਖਾ ਵਿਧਾਨਸਭਾ ਹਲਕੇ ‘ਤੇ ਅਕਾਲੀ ਦੇ ਮਜ਼ਬੂਤ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਜਿੱਤੇ ਸਨ।
ਆਮ ਆਦਮੀ ਪਾਰਟੀ ਦਾ ਕਮਜ਼ੋਰ ਉਮੀਦਵਾਰ
ਆਮ ਆਦਮੀ ਪਾਰਟੀ ਨੇ ਇਸ ਵਾਰ ਮੌਜੂਦਾ ਵਿਧਾਇਕ ਅਸ਼ੋਖ ਪਰਾਸ਼ਰ ਪੱਪੀ ‘ਤੇ ਦਾਅ ਖੇਡਿਆ ਹੈ। ਪੱਪੀ 2019 ਤੱਕ ਬੀਜੇਪੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਚੋਣ ਪ੍ਰਚਾਰ ਦੀ ਕਮਾਨ ਸੰਭਾਲਦੇ ਸਨ। ਇਸੇ ਲਈ ਕਾਂਗਰਸ ਭਗਵੰਤ ਮਾਨ ਉਤੇ ਬਿੱਟੂ ਨਾਲ ‘ਸੈਟਿੰਗ’ ਦੇ ਵੀ ਇਲਜ਼ਾਮ ਲੱਗਾ ਰਹੇ ਹਨ। ਬਿੱਟੂ ਤੇ ਭਗਵੰਤ ਦੋਵੇ ਇੱਕ ਦੂਜੇ ਦੀ ਕਈ ਵਾਰ ਖੁੱਲ਼ ਕੇ ਤਰੀਫ ਕਰ ਚੁੱਕੇ ਹਨ।
ਅਕਾਲੀ ਦਲ ਨੇ 2 ਵਾਰ ਦੇ ਕੌਂਸਲਰ ਅਤੇ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਬਿੱਟੂ ਦੇ ਮੁਕਾਬਲੇ ਢਿੱਲੋਂ ਦਾ ਕੱਦ ਕਾਫੀ ਛੋਟਾ ਹੈ। ਕਾਂਗਰਸ ਲਈ ਲੁਧਿਆਣਾ ਸੀਟ ਨੱਕ ਦਾ ਸਵਾਲ ਬਣ ਗਈ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਜੇ ਬਿੱਟੂ ਬੀਜੇਪੀ ਦੀ ਟਿਕਟ ਤੇ ਜਿੱਤੇ ਤਾਂ ਉਹ ਸਿਆਸਤ ਛੱਡ ਦੇਣਗੇ।
ਕਾਂਗਰਸ ਦਾ ਮਾਸਟਰ ਸਟਰੋਕ
ਇਸੇ ਲਈ ਕਾਂਗਰਸ ਨੇ ਸੋਚ ਸਮਝ ਕੇ 2014 ਦੇ ਫਾਰਮੂਲੇ ਮੁਤਾਬਕ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੈਦਾਨ ਵਿੱਚ ਉਤਾਰਿਆ ਹੈ। ਵੜਿੰਗ ਦੇ ਮੈਦਾਨ ਵਿੱਚ ਉਤਰਨ ਦੀ ਵਜ੍ਹਾ ਕਰਕੇ ਕਾਂਗਰਸ ਨੂੰ 2 ਫਾਇਦੇ ਹਨ। ਪਹਿਲਾ, ਟਿਕਟ ਨੂੰ ਲੈ ਕੇ ਭਾਰਤ ਭੂਸ਼ਣ ਆਸ਼ੂ ਅਤੇ ਸੰਜੇ ਤਲਵਾਰ ਵਿੱਚ ਖਿਛੋਤਾਣ ਚੱਲ ਰਹੀ ਸੀ ਉਹ ਖ਼ਤਮ ਹੋ ਗਈ। ਬਿੱਟੂ ਦੇ ਖ਼ਿਲਾਫ਼ ਵੱਡਾ ਚਿਹਰਾ ਮੈਦਾਨ ਵਿੱਚ ਉਤਰਨ ਦੀ ਵਜ੍ਹਾ ਕਰਕੇ ਮੁਕਾਬਲਾ ਦਿਲਚਸਪ ਹੋ ਗਿਆ ਹੈ।
2019 ਵਿੱਚ ਵੀ ਵੜਿੰਗ ਨੇ ਬਠਿੰਡਾ ਸੀਟ ਤੋਂ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ ਕਰੜੀ ਟੱਕਰ ਦਿੱਤੀ ਸੀ। ਜੇ ਵੜਿੰਗ ਲੁਧਿਆਣਾ ਸੀਟ ਕੱਢ ਲੈਂਦੇ ਹਨ ਤਾਂ ਸੂਬੇ ਵਿੱਚ ਉਨ੍ਹਾਂ ਦਾ ਕੱਦ ਵੱਡਾ ਹੋ ਜਾਵੇਗਾ। ਇਸ ਤਰੀਕੇ ਨਾਲ ਪਾਰਟੀ ਦੇ ਸੀਐੱਮ ਉਮੀਦਵਾਰ ਦੀ ਰੇਸ ਵਿੱਚ ਉਨ੍ਹਾਂ ਦਾ ਨਾਂ ਪਹਿਲੇ ਨੰਬਰ ‘ਤੇ ਆ ਸਕਦਾ ਹੈ।
ਮੁਕਾਬਲੇ ਵਿੱਚ ਇਹ 2 ਪਾਰਟੀਆਂ
ਆਮ ਆਦਮੀ ਪਾਰਟੀ ਵਿਧਾਨਸਭਾ ਚੋਣਾਂ ਦੇ ਨਤੀਜੇ ਪੱਖੋ ਭਾਵੇ ਮਜ਼ਬੂਤ ਹੈ ਪਰ ਉਮੀਦਵਾਰ ਪਾਰਟੀ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ। ਅਕਾਲੀ ਦਲ ਦੀ ਵੀ ਉਹ ਹੀ ਪਰੇਸ਼ਾਨੀ ਹੈ। ਇੱਕ ਤਾਂ ਲਗਾਤਾਰ 3 ਵਾਰ ਅਕਾਲੀ ਦਲ ਇਸ ਸੀਟ ‘ਤੇ ਹਾਰੀ। ਇਸ ਵਾਰ ਬੀਜੇਪੀ ਦਾ ਸਾਥ ਵੀ ਨਹੀਂ ਹੈ ਤੇ ਉੱਤੋ ਉਮੀਦਵਾਰ ਦਾ ਕੱਦ ਵੀ ਪਾਰਟੀ ਨੂੰ ਰੇਸ ਤੋਂ ਬਾਹਰ ਕਰ ਰਿਹਾ ਹੈ। ਕੁੱਲ ਮਿਲਾਕੇ ਲੁਧਿਆਣਾ ਦੇ ਮੁਕਾਬਲੇ ਵਿੱਚ ਕਾਂਗਰਸ ਤੇ ਬੀਜੇਪੀ ਵਿੱਚ ਸਿੱਧਾ ਮੁਕਾਬਲਾ ਹੈ। ਆਮ ਆਦਮੀ ਪਾਰਟੀ ਫਿਲਹਾਲ ਮੁਕਾਬਲੇ ਵਿੱਚ ਨਜ਼ਰ ਨਹੀਂ ਆ ਰਹੀ ਹੈ। ਅਕਾਲੀ ਦਲ ਵੀ ਰੇਸ ਤੋਂ ਬਾਹਰ ਹੀ ਦਿੱਸ ਰਿਹਾ ਹੈ।