‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਮਾਮਲੇ ਵਿੱਚ ਸਿੱਖ ਜਥੇਬੰਦੀਆਂ, ਸੰਪਰਦਾਵਾਂ ਨੂੰ ਸਿੱਖ ਪੰਥ ਦੇ ਦੋਖੀਆਂ ਖਿਲਾਫ ਇੱਕ ਸਾਂਝਾ ਪ੍ਰੋਗਰਾਮ ਉਲੀਕਣ ਦੀ ਬੇਨਤੀ ਕੀਤੀ ਹੈ। ਮਾਝੀ ਨੇ ਕਿਹਾ ਕਿ ਇਸ ਵਕਤ ਸਾਨੂੰ ਇੱਕ-ਦੂਜੇ ਦੇ ਖਿਲਾਫ ਹੋਣ ਦੀ ਬਜਾਏ ਪੰਥ ਦੋਖੀਆਂ ਦੇ ਨਾਲ ਨਿਪਟਣਾ ਚਾਹੀਦਾ ਹੈ। ਉਨ੍ਹਾਂ ਨੇ ਸਾਰੀਆਂ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਆਪਸੀ ਖਿੱਚੋਤਾਣ ਨੂੰ ਭੁਲਾ ਕੇ ਧੜੇਬੰਦੀਆਂ ਤੋਂ ਉੱਪਰ ਉੱਠ ਕੇ ਪੰਥ ਦੋਖੀਆਂ ਦੇ ਖਿਲਾਫ ਸਾਂਝਾ ਪ੍ਰੋਗਰਾਮ ਉਲੀਕਣ ਦੀ ਅਪੀਲ ਕੀਤੀ ਹੈ।
ਮਾਝੀ ਨੇ ਦੋਸ਼ੀ ਦੇ ਜੱਦੀ ਪਿੰਡ ਲੰਗੇਆਣਾ ਨਵਾਂ ਦੇ ਫੈਸਲੇ ਦੀ ਵੀ ਸ਼ਲਾਘਾ ਕੀਤੀ ਹੈ, ਜਿਨ੍ਹਾਂ ਨੇ ਦੋਸ਼ੀ ਪਰਮਜੀਤ ਸਿੰਘ ਦਾ ਸਮਾਜਿਕ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ 13 ਸਤੰਬਰ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਇੱਕ ਮੋਨੇ ਵਿਅਕਤੀ ਵੱਲੋਂ ਅੰਮ੍ਰਿਤ ਵੇਲੇ ਦਰਬਾਰ ਹਾਲ ਦੇ ਅੰਦਰ ਸਿਗਰੇਟ ਦਾ ਧੂੰਆਂ ਗੁਰੂ ਸਾਹਿਬ ਵੱਲ ਸੁੱਟਿਆ ਗਿਆ ਸੀ ਅਤੇ ਜਲਦੀ ਹੋਈ ਬੀੜੀ ਕੀਰਤਨ ਕਰ ਰਹੇ ਰਾਗੀ ਸਿੰਘਾਂ ਦੇ ਪਿੱਛੇ ਸੁੱਟੀ ਗਈ ਸੀ। ਸਿੱਖ ਜਥੇਬੰਦੀਆਂ ਵੱਲੋਂ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਹਾਲਾਂਕਿ, ਦੋਸ਼ੀ ਪੁਲਿਸ ਦੀ ਗ੍ਰਿਫਤ ਵਿੱਚ ਹੈ।
ਉਨ੍ਹਾਂ ਕਿਹਾ ਕਿ ਡੇਰਾ ਸਿਰਸਾ ਸਿੱਖਾਂ ਨੂੰ ਸਿੱਧੇ ਮੱਥੇ ਆ ਕੇ ਕਈ ਵਾਰ ਚੈਲੇਂਜ ਕਰਦੇ ਹਨ। ਡੇਰਾ ਸਿਰਸਾ ਨੇ ਬੇਅਦਬੀ ਕਰਨ ਲਈ ਅੰਮ੍ਰਿਤ ਵੇਲਾ ਚੁਣਿਆ ਅਤੇ ਜਿੱਥੋਂ ਸਾਨੂੰ ਗੁਰੂ ਸਾਹਿਬ ਨੇ ਇੰਨੀ ਵੱਡੀ ਦਾਤ ਬਖਸ਼ੀ, ਉਸ ਸਥਾਨ ਨੂੰ ਚੁਣਿਆ। ਦਰਬਾਰ ਸਾਹਿਬ ਅੰਦਰ ਤੰਬਾਕੂ ਦਾ ਧੂੰਆਂ ਛੱਡਿਆ ਗਿਆ। ਇਨ੍ਹਾਂ ਦੀਆਂ ਇਹ ਗਤੀਵਿਧੀਆਂ ਬਹੁਤ ਵੱਧ ਗਈਆਂ ਹਨ। ਡੇਰਾਵਾਦ ਨੂੰ ਸਿਆਸੀ ਲੀਡਰਾਂ ਦੀ ਸ਼ਹਿ ਮਿਲੀ ਹੋਈ ਹੈ। ਜਦੋਂ ਇਹ ਘਟਨਾਵਾਂ ਵਾਪਰਦੀਆਂ ਹਨ ਤਾਂ ਅਸੀਂ ਲੀਡਰਸ਼ਿਪ ਨੂੰ ਦੋਸ਼ ਦਿੰਦੇ ਹਾਂ। ਸਿਆਸੀ ਲੀਡਰ ਰੱਬ ਤੋਂ ਨਹੀਂ, ਵੋਟ ਤੋਂ ਡਰਦੇ ਹਨ। ਸਾਨੂੰ ਸੋਚਣਾ ਪਵੇਗਾ ਕਿ ਸਿੱਖਾਂ ਦਾ ਦਬਾਅ ਲੀਡਰਾਂ ਉੱਤੇ ਕਿਉਂ ਨਹੀਂ ਪੈ ਰਿਹਾ। ਇਸਦਾ ਵੱਡਾ ਕਾਰਨ ਇਹ ਹੈ ਕਿ ਸਾਡੀ ਸਿੱਖ ਕੌਮ ਵੱਖ-ਵੱਖ ਹਿੱਸਿਆਂ, ਜਥੇਬੰਦੀਆਂ, ਸੰਪਰਦਾਵਾਂ ਵਿੱਚ ਵੰਡੀ ਹੋਈ ਹੈ। ਸਾਡੇ ਵਿੱਚ ਵਖਰੇਵੇਂ ਵੀ ਹਨ। ਜਦੋਂ ਸਾਡੀ ਕਿਸੇ ਮੁੱਦੇ ਉੱਤੇ ਸਹਿਮਤੀ ਬਣਦੀ ਹੈ ਤਾਂ ਅਸੀਂ ਉਸ ਉੱਪਰ ਵਿਚਾਰ ਚਰਚਾ ਕਰਨ ਲੱਗ ਪੈਂਦੇ ਹਾਂ ਅਤੇ ਹੌਲੀ ਹੌਲੀ ਖੂਨੀ ਟਕਰਾਅ ਤੱਕ ਇਹ ਮੁੱਦਾ ਚਲਾ ਜਾਂਦਾ ਹੈ। ਫਿਰ ਅਸੀਂ ਆਪਣੀਆਂ ਸੰਪਰਦਾਵਾਂ, ਜਥੇਬੰਦੀਆਂ ਨੂੰ ਆਪਣਾ ਪੰਥ ਮੰਨ ਲੈਂਦੇ ਹਾਂ। ਇਸ ਵਿਚਾਲੇ ਹੀ ਦੋਖੀ ਆਪਣੇ-ਆਪ ਨੂੰ ਮਜ਼ਬੂਤ ਕਰ ਲੈਂਦੇ ਹਨ। ਸਾਨੂੰ ਹੁਣ ਰਲ-ਮਿਲ ਕੇ ਤੁਰਨਾ ਚਾਹੀਦਾ ਹੈ।
ਮਾਝੀ ਨੇ ਦੋਸ਼ੀ ਦੇ ਜੱਦੀ ਪਿੰਡ ਲੰਗੇਆਣਾ ਨਵਾਂ ਦੇ ਫੈਸਲੇ ਦੀ ਵੀ ਸ਼ਲਾਘਾ ਕੀਤੀ ਹੈ, ਜਿਨ੍ਹਾਂ ਨੇ ਦੋਸ਼ੀ ਪਰਮਜੀਤ ਸਿੰਘ ਦਾ ਸਮਾਜਿਕ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ।