ਬਿਊਰੋ ਰਿਪੋਰਟ (ਅੰਮ੍ਰਿਤਸਰ, 22 ਅਕਤੂਬਰ 2025): ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਦਸਤਾਰਬੰਦੀ ਦਾ ਵਿਸ਼ੇਸ਼ ਸਮਾਗਮ 25 ਅਕਤੂਬਰ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿੱਚ ਮਨਾਇਆ ਜਾਵੇਗਾ।
ਇਸਤੋਂ ਪਹਿਲਾਂ 10 ਮਾਰਚ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਜਥੇਦਾਰ ਗੜਗੱਜ ਦੀ ਦਸਤਾਰਬੰਦੀ ਕੀਤੀ ਗਈ ਸੀ, ਪਰ ਨਿਹੰਗ ਸਿੰਘ ਜਥੇਬੰਦੀਆਂ ਅਤੇ ਹੋਰ ਸੰਪਰਦਾਵਾਂ ਤੋਂ ਉਸਨੂੰ ਸਵੀਕਾਰਤਾ ਨਹੀਂ ਮਿਲੀ ਸੀ। ਲਗਾਤਾਰ ਚੱਲ ਰਹੇ ਵਿਵਾਦਾਂ ਦੇ ਨਤੀਜੇ ਵਜੋਂ, ਸ਼੍ਰੋਮਣੀ ਕਮੇਟੀ ਨੇ ਮੁੜ ਸਮਾਗਮ ਦਾ ਆਯੋਜਨ ਕਰਕੇ ਇਸ ਵਾਰੀ ਮਾਨਤਾ ਪ੍ਰਾਪਤ ਕਰਨ ਲਈ ਜਥੇਦਾਰ ਦੀ ਦਸਤਾਰਬੰਦੀ ਕਰਨ ਦਾ ਫੈਸਲਾ ਕੀਤਾ ਹੈ।
ਪਿਛਲੇ ਸਮਾਗਮਾਂ ਵਿੱਚ ਜਥੇਦਾਰ ਨੂੰ ਕਈ ਵਿਰੋਧਾਂ ਦਾ ਸਾਹਮਣਾ ਕਰਨਾ ਪਿਆ, ਜਿਨ੍ਹਾਂ ਵਿੱਚ 6 ਜੂਨ ਅਤੇ ਬੰਦੀ ਛੋੜ ਦਿਵਸ ਦੇ ਸਮਾਗਮ ਸ਼ਾਮਿਲ ਹਨ। ਹੁਣ ਸ਼੍ਰੋਮਣੀ ਕਮੇਟੀ ਨੇ ਨਵਾਂ ਸਮਾਗਮ ਰੱਖ ਕੇ ਇੱਕ ਪੱਤਰ ਜਾਰੀ ਕੀਤਾ ਹੈ। ਇਸ ਪੱਤਰ ਵਿੱਚ ਸਕੱਤਰ ਪ੍ਰਤਾਪ ਸਿੰਘ ਨੇ ਮੁਖੀਆਂ ਤੋਂ ਬੇਨਤੀ ਕੀਤੀ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਾਕੇ ਦੀ 350ਵੀਂ ਸ਼ਤਾਬਦੀ ਦੇ ਮੌਕੇ ਨੂੰ ਧਿਆਨ ਵਿੱਚ ਰੱਖਦਿਆਂ, ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਨਿਹੰਗ ਸਿੰਘ ਦਲ, ਹੋਰ ਸਿੱਖ ਸੰਪਰਦਾਵਾਂ, ਜਥੇਬੰਦੀਆਂ ਅਤੇ ਮਹਾਪੁਰਖਾਂ ਵੱਲੋਂ ਮਾਨ-ਸਨਮਾਨ ਦੇ ਕੇ ਪੰਥਕ ਜਿੰਮੇਵਾਰੀ ਸੌਂਪਣ ਲਈ ਵਿਸ਼ੇਸ਼ ਸਮਾਗਮ 25 ਅਕਤੂਬਰ ਨੂੰ ਸਵੇਰੇ 10 ਵਜੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ (ਰੋਪੜ) ਵਿੱਚ ਆਯੋਜਿਤ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 20 ਅਕਤੂਬਰ ਨੂੰ ਇਹ ਸਮਾਗਮ ਰੱਖਣ ਸਬੰਧੀ ਸ਼੍ਰੋਮਣੀ ਕਮੇਟੀ ਵਿਚਾਰ ਕਰ ਰਹੇ ਸੀ ਪਰ ਬੰਦੀ ਛੋੜ ਦਿਵਸ ਹੋਣ ਕਾਰਨ ਇਸ ਸਮਾਗਮ ਨੂੰ ਅਗਾਂਹ ਪਾਇਆ ਗਿਆ ਜੋ ਹੁਣ 25 ਅਕਤੂਬਰ ਨੂੰ ਰੱਖਿਆ ਗਿਆ ਹੈ।