‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪੂਰੇ ਐਕਸ਼ਨ ਮੋਡ ਉੱਤੇ ਹਨ। ਉਨ੍ਹਾਂ ਨੇ ਚੰਡੀਗੜ੍ਹ ਨਾਲ ਲੱਗਦੀ 29 ਏਕੜ ਜ਼ਮੀਨ ਉੱਤੇ ਕਬਜ਼ਾ ਛੁਡਾਉਣ ਤੋਂ ਬਾਅਦ ਅੰਮ੍ਰਿਤਸਰ ਦੇ ਨੇੜੇ ਪੈਂਦੀ 10 ਏਕੜ ਜ਼ਮੀਨ ਵੀ ਨਾਜਾਇਜ਼ ਕਬਜ਼ਾਧਾਰੀਆਂ ਤੋਂ ਮੁਕਤ ਕਰਾ ਲਈ ਹੈ। ਪੰਚਾਇਤ ਮੰਤਰੀ ਦੀ ਦਹਿਸ਼ਤ ਹੀ ਕਹਿ ਲਈਏ ਕਿ ਅੱਜ ਉਨ੍ਹਾਂ ਦੇ ਪਟਿਆਲਾ ਧਮਕਣ ਤੋਂ ਪਹਿਲਾਂ ਹੀ ਇੱਕ ਪਰਿਵਾਰ ਸਰਕਾਰੀ ਜ਼ਮੀਨ ਛੱਡ ਕੇ ਜਾਨ ਬਖਸ਼ਾ ਗਿਆ। ਉਨ੍ਹਾਂ ਨੇ 31 ਮਈ ਤੱਕ ਪੰਜ ਹਜ਼ਾਰ ਏਕੜ ਜ਼ਮੀਨ ਨਾਜਾਇਜ਼ ਕਬਜ਼ਿਆਂ ਹੇਠੋਂ ਛੁਡਵਾਉਣ ਦਾ ਟੀਚਾ ਮਿੱਥਿਆ ਹੈ। ਉਹ ਪਹਿਲੇ ਅਜਿਹੇ ਕੈਬਨਿਟ ਮੰਤਰੀ ਹਨ ਜਿਹੜੇ ਬੁਲਡੋਜ਼ਰ ਚਲਾਉਣ ਵੇਲੇ ਮੌਕੇ ਉੱਤੇ ਆਪ ਦੋ ਪੈਰਾਂ ਭਾਰ ਖੜੇ ਹੁੰਦੇ ਹਨ। ਉਨ੍ਹਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਦੀ ਤਰ੍ਹਾਂ ਪੀਲਾ ਪੰਜਾ ਫੇਰਨ ਵੇਲੇ ਪੁਲਸੀਆ ਸੁਰੱਖਿਆ ਦੀ ਚੇਨ ਨਹੀਂ ਲਈ ਹੈ।
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਕਹਿੰਦੇ ਹਨ ਕਿ ਉਨ੍ਹਾਂ ਨੂੰ ਪਿੰਡਾਂ ਦੇ ਪੰਚਾਂ, ਸਰਪੰਚਾਂ ਵੱਲੋਂ ਨੱਪੀਆਂ ਜ਼ਮੀਨਾਂ ਅਤੇ ਦੱਬੀਆਂ ਗ੍ਰਾਟਾਂ ਦੇ ਭੇਦ ਦਾ ਪਤਾ ਹੈ। ਇਸੇ ਕਰਕੇ ਸਰਕਾਰ ਬਣਨ ਦੇ ਦੂਜੇ ਦਿਨ ਹੀ ਕਾਂਗਰਸ ਸਰਕਾਰ ਵੱਲੋਂ ਜਾਰੀ ਕੀਤੀਆਂ ਗ੍ਰਾਟਾਂ ਦੀ ਵਰਤੋਂ ਉੱਤੇ ਰੋਕ ਲਾ ਕੇ ਪੈਸੇ ਵਾਪਸ ਮੰਗਵਾ ਲਏ ਸਨ। ਪੰਚਾਇਤ ਮੰਤਰੀ ਨੂੰ ਇਹ ਵੀ ਪਤਾ ਹੈ ਕਿ ਨਾਜਾਇਜ਼ ਕਬਜ਼ੇ ਕਿਵੇਂ ਹੁੰਦੇ ਹਨ ਅਤੇ ਗਿਆਨ ਇਸ ਗੱਲ ਦਾ ਵੀ ਹੈ ਕਿ ਦੱਬੀਆਂ ਜ਼ਮੀਨਾਂ ਵਿੱਚੋਂ ਵੱਡੀ ਗਿਣਤੀ ਵਿਧਾਇਕਾਂ ਜਾਂ ਮੰਤਰੀਆਂ ਦੇ ਕੁੱਕਾਂ, ਧੋਬੀਆਂ ਸਮੇਤ ਕੁੱਤੇ ਬਿੱਲਿਆਂ ਦੇ ਨਾਂ ਬੋਲਦੀਆਂ ਹਨ। ਡਿਵੈਲਪਰਾਂ ਵੱਲੋਂ ਸ਼ਾਮਲਾਟ ਜ਼ਮੀਨਾਂ ਉੱਤੇ ਕਬਜ਼ੇ ਕਰਕੇ ਕਾਲੋਨੀਆਂ ਕੱਟਣ ਵਾਲਿਆਂ ਦੀ ਸੂਚੀ ਵੀ ਸਰਕਾਰ ਕੋਲ ਪੁੱਜ ਚੁੱਕੀ ਹੈ। ਕਿਹੜਾ-ਕਿਹੜਾ ਆਈਪੀਐੱਸ ਅਧਿਕਾਰੀ ਪ੍ਰਾਪਰਟੀ ਡੀਲਰ ਦਾ ਧੰਦਾ ਕਰਦਾ ਹੈ, ਸਰਕਾਰ ਤੋਂ ਹੁਣ ਗੁੱਝਾ ਨਹੀਂ ਰਿਹਾ।
ਸਾਡੇ ਮਨ ਵਿੱਚ ਇੱਕ ਸਵਾਲ ਆ ਖੜਾ ਹੈ ਕਿ ਸਿਆਸੀ ਲੀਡਰਾਂ ਨੇ 33 ਜਾਂ 99 ਸਾਲਾਂ ਲਈ ਜ਼ਮੀਨਾਂ ਲੀਜ਼ ਉੱਤੇ ਲੈ ਕੇ ਕਾਰੋਬਾਰ ਸ਼ੁਰੂ ਕਰ ਲਏ ਹਨ। ਉਨ੍ਹਾਂ ਬਿਲਡਿੰਗਾਂ ਤੱਕ ਪੀਲਾ ਪੰਜਾ ਕਿਵੇਂ ਪੁੱਜੇਗਾ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਓਪੀ ਸੋਨੀ ਦੇ ਕਾਕੇ ਰਾਘਵ ਸੋਨੀ ਵੱਲੋਂ ਅੰਮ੍ਰਿਤਸਰ ਦੇ ਸਰਕਾਰੀ ਸਰਕਟ ਹਾਊਸ ਨੂੰ ਢਾਹ ਕੇ ਚਾਰ ਤਾਰਾ ਹੋਟਲ ਬਣਾਉਣ ਦਾ ਮਾਮਲਾ ਪ੍ਰਕਾਸ਼ ਵਿੱਚ ਆਇਆ ਹੈ। ਰਾਘਵ ਸੋਨੀ ਦੀ ਅਲਾਇੰਸ ਹੌਸਪਟੈਲਿਟੀ ਪ੍ਰਾਈਵੇਟ ਲਿਮੀਟਡ ਕੰਪਨੀ ਨੂੰ ਇਹ ਜ਼ਮੀਨ 30 ਸਾਲਾਂ ਲਈ ਲੀਜ਼ ਉੱਤੇ ਦੇ ਦਿੱਤੀ ਗਈ ਹੈ। ਚਾਰ ਏਕੜ ਵਿੱਚ ਬਣਨ ਵਾਲੇ ਚਾਰ ਤਾਰਾ ਹੋਟਲ ਦੀ ਕਮਾਈ ਵਿੱਚੋਂ ਉਹ ਸਰਕਾਰ ਨੂੰ ਕੇਵਲ ਇੱਕ ਕਰੋੜ ਪੰਜ ਲੱਖ ਰੁਪਏ ਸਾਲਾਨਾ ਭਾੜਾ ਦਿਆ ਕਰੇਗਾ। ਇਹਦੇ ਵਿੱਚ ਹਰ ਸਾਲ ਚਾਰ ਫ਼ੀਸਦੀ ਇਜ਼ਾਫਾ ਕਰਨ ਦੀ ਮੱਦ ਵੀ ਪਾਈ ਗਈ ਹੈ।
ਅਰਬਾਂ ਰੁਪਏ ਦੀ ਜ਼ਮੀਨ ਕੋਡੀਆਂ ਦੇ ਭਾਅ ਮੰਤਰੀ ਦੇ ਕਾਕੇ ਨੂੰ ਦੇਣ ਦਾ ਫੈਸਲਾ ਪੰਜਾਬ ਕੈਬਨਿਟ ਦੀ ਮੀਟਿੰਗ ਵੱਲੋਂ ਮਨਜ਼ੂਰ ਕੀਤਾ ਗਿਆ ਸੀ। ਓਪੀ ਸੋਨੀ ਕੈਬਨਿਟ ਮੰਤਰੀ ਦੀ ਹੈਸੀਅਤ ਵਿੱਚ ਉਸ ਮੀਟਿੰਗ ਵਿੱਚ ਮੌਜੂਦ ਸਨ। ਉਨ੍ਹਾਂ ਨੇ ਜ਼ਮੀਨ ਅਲਾਟ ਕਰਨ ਦੀ ਹਾਮੀ ਭਰੀ ਸੀ। ਇਸ ਤੋਂ ਬਾਅਦ ਰਾਘਵ ਸੋਨੀ ਦੀ ਕੰਪਨੀ ਨੂੰ ਠੇਕਾ ਦੇਣ ਸਬੰਧੀ ਪੰਜਾਬ ਸਰਕਾਰ ਦੇ ਆਮ ਰਾਜ ਵਿਭਾਗ ਵਿੱਚ 27 ਮਈ 2021 ਨੂੰ ਲਿਖਤੀ ਸਮਝੌਤਾ ਹੋਇਆ। ਸਮਝੌਤੇ ਅਨੁਸਾਰ ਅੰਮ੍ਰਿਤਸਰ ਦੇ ਸਰਕਾਰੀ ਸਰਕਟ ਹਾਊਸ ਦੀ ਜ਼ਮੀਨ ਸੋਨੀ ਪਰਿਵਾਰ ਨੂੰ ਲੀਜ਼ ਉੱਤੇ ਦੇ ਦਿੱਤੀ ਗਈ ਹੈ। ਇਹ ਸਰਕਟ ਹਾਊਸ ਅੰਗਰੇਜ਼ ਸਰਕਾਰ ਵੇਲੇ ਚਿਤਵਿਆ ਗਿਆ ਸੀ, ਜਿਸ ਵਿੱਚ ਅੱਠ ਲਗਜ਼ਰੀ ਕਮਰੇ ਹਨ ਅਤੇ ਉਸ ਤੋਂ ਬਿਨਾਂ ਚਾਰ ਸ਼ਾਹੀ ਠਾਠ ਵਾਲੇ ਕਮਰੇ ਮੁੱਖ ਮੰਤਰੀ ਅਤੇ ਹੋਰ ਵਾਈਆਈਪੀਜ਼ ਲਈ ਬਣਾਏ ਗਏ ਹਨ। ਅਰਬਾਂ ਖਰਬਾਂ ਦੀ ਇਸ ਸਰਕਾਰੀ ਜ਼ਮੀਨ ਉੱਤੇ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਤਹਿਤ ਚਾਰ ਤਾਰਾ ਹੋਟਲ ਬਣਨ ਜਾ ਰਿਹਾ ਹੈ। ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਪੂਰੇ ਮਾਮਲੇ ਪ੍ਰਤੀ ਕੁੱਝ ਕਹਿਣ ਤੋਂ ਟਾਲਾ ਹੀ ਨਹੀਂ ਵੱਟ ਗਏ ਸਗੋਂ ਉਨ੍ਹਾਂ ਨੇ ਅਗਿਆਨਤਾ ਪ੍ਰਗਟ ਕੀਤੀ ਹੈ।
ਉਮੀਦ ਕੀਤੀ ਜਾਣੀ ਬਣਦੀ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ ਪਹਿਲੀਆਂ ਸਰਕਾਰਾਂ ਦੇ ਫੈਸਲਿਆਂ ਨੂੰ ਸੇਕ ਲਾਉਣ ਦੀ ਸ਼ੁਰੂ ਕੀਤੀ ਮੁਹਿੰਮ ਦਾ ਹਿੱਸਾ ਵੀ ਬਣਾਵੇਗੀ।