The Khalas Tv Blog Khaas Lekh ਇਸ ਵਾਰ ਦੀਆਂ ਚੋਣਾਂ ਦੇ ਰੰਗ ਨਿਆਰੇ
Khaas Lekh Khalas Tv Special Punjab

ਇਸ ਵਾਰ ਦੀਆਂ ਚੋਣਾਂ ਦੇ ਰੰਗ ਨਿਆਰੇ

ਕਮਲਜੀਤ ਸਿੰਘ ਬਨਵੈਤ / ਪੁਨੀਤ ਕੌਰ

ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਰੰਗ ਹਰ ਵਾਰ ਵੱਖਰੇ ਹੁੰਦੇ ਹਨ ਪਰ ਇਸ ਵਾਰ ਰੰਗ ਕੁੱਝ ਜ਼ਿਆਦਾ ਹੀ ਨਿਆਰੇ ਰਹੇ ਹਨ। ਇਨ੍ਹਾਂ ਨਜ਼ਾਰਿਆਂ ਨੇ ਚੋਣਾਂ ਨੂੰ ਵਧੇਰੇ ਦਿਲਚਸਪ ਵੀ ਬਣਾਇਆ ਹੈ ਅਤੇ ਇਨ੍ਹਾਂ ਰੰਗੀਨੀਆਂ ਦੀ ਚਰਚਾ ਵੀ ਵਧੇਰੇ ਹੁੰਦੀ ਰਹੀ ਹੈ। ਚੋਣਾਂ ਵਿੱਚ ਅਜਿਹੇ ਰੰਗ ਦੇਖਣ ਨੂੰ ਮਿਲੇ ਹਨ। ਵੋਟਰਾਂ ਨੇ ਅਜਿਹੀਆਂ ਰੰਗੀਨੀਆਂ ਦਾ ਨਜ਼ਾਰਾ ਲੁੱਟਿਆ ਹੈ, ਜਿਹੜਾ ਇਸ ਤੋਂ ਪਹਿਲਾਂ ਵਾਰ ਦੀਆਂ ਚੋਣਾਂ ਵਿੱਚੋਂ ਮਨਫ਼ੀ ਰਿਹਾ ਸੀ।

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਤਿੰਨ ਪਿਉ-ਪੁੱਤਰ ਜੋੜੇ ਮੈਦਾਨ ਵਿੱਚ ਹਨ। ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦਾ ਬੇਟਾ ਸੁਖਬੀਰ ਸਿੰਘ ਬਾਦਲ ਦਾ ਜੋੜਾ ਚੋਣ ਲੜ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਉਨ੍ਹਾਂ ਦੇ ਬੇਟੇ ਇਮਾਨ ਸਿੰਘ ਮਾਨ ਦੋਹਾਂ ਨੇ ਚੋਣਾਂ ਵਿੱਚ ਵਿਰੋਧੀਆਂ ਨੂੰ ਵਖ਼ਤ ਪਾ ਰੱਖਿਆ ਹੈ। ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਅਤੇ ਉਨ੍ਹਾਂ ਦਾ ਬੇਟਾ ਬਰਜਿੰਦਰ ਸਿੰਘ ਮੱਖਣ ਬਰਾੜ ਆਪੋ-ਆਪਣੀ ਕਿਸਮਤ ਅਜ਼ਮਾ ਰਹੇ ਹਨ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸ਼ਾਇਦ ਇਹ ਵੀ ਪਹਿਲੀ ਵਾਰ ਹੈ ਜਦੋਂ ਜੋੜਾ ਆਪਣੇ ਵਿਰੋਧੀਆਂ ਲਈ ਸਿਰਦਰਦੀ ਬਣਿਆ ਹੈ।ਅਕਾਲੀ ਦਲ ਦੇ ਨੇਤਾ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਉਨ੍ਹਾਂ ਦੀ ਪਤਨੀ ਗੁਨੀਤ ਕੌਰ ਪਾਰਟੀ ਦੇ ਭਰੋਸੇਯੋਗ ਉਮੀਦਵਾਰ ਬਣੇ ਹਨ। ਸੱਸ-ਜਵਾਈ ਦੇ ਇਕੱਠਿਆਂ ਚੋਣ ਲੜਨ ਦੀ ਉਦਾਹਰਣ ਵੀ ਸ਼ਾਇਦ ਪਹਿਲੀ ਵਾਰ ਸਾਹਮਣੇ ਆਈ ਹੈ। ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਅਤੇ ਉਨ੍ਹਾਂ ਦਾ ਜਵਾਈ ਵਿਕਰਮ ਬਾਜਵਾ ਵੀ ਆਪਣਾ ਜ਼ੋਰ ਲਾ ਰਹੇ ਹਨ। ਦੋ ਭਰਾਵਾਂ ਦੀਆਂ ਜੋੜੀਆਂ ਵੀ ਚੋਣ ਮੈਦਾਨ ਵਿੱਚ ਭਿੜ ਰਹੀਆਂ ਹਨ। ਪਰ ਇਹ ਪਹਿਲੀ ਵਾਰ ਹੈ ਕਿ ਇੱਕੋਂ ਕੋਠੀ ਉੱਤੇ ਦੋ-ਦੋ ਝੰਡੇ ਝੂਲੇ ਹਨ। ਰਾਜ ਸਭਾ ਦੇ ਮੈਂਬਰ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਪਾਰਟੀ ਵੱਲੋਂ ਮੈਦਾਨ ਵਿੱਚ ਡਟ ਗਏ ਸਨ ਅਤੇ ਉਨ੍ਹਾਂ ਦੇ ਭਰਾ ਫਤਿਹਜੰਗ ਬਾਜਵਾ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਰਤੀ ਜਨਤਾ ਪਾਰਟੀ ਵੱਲੋਂ ਮੈਦਾਨ ਵਿੱਚ ਡਟੇ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕਹਾਣੀ ਵੀ ਇਸ ਤੋਂ ਵੱਖਰੀ ਨਹੀਂ। ਚਰਨਜੀਤ ਸਿੰਘ ਚੰਨੀ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਅਤੇ ਭਦੌੜ ਤੋਂ ਮੈਦਾਨ ਵਿੱਚ ਉਤਾਰੇ ਗਏ ਜਦਕਿ ਉਨ੍ਹਾਂ ਦੇ ਭਰਾ ਡਾ.ਮਨੋਹਰ ਸਿੰਘ ਪਾਰਟੀ ਤੋਂ ਬਾਗੀ ਹੋ ਕੇ ਕਾਂਗਰਸ ਦੇ ਉਮੀਦਵਾਰ ਨੂੰ ਟੱਕਰ ਦਿੱਤੀ।

ਉਂਝ, ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇੱਕ ਹੋਰ ਵੱਖਰਾ ਰੰਗ ਵੀ ਵੇਖਣ ਨੂੰ ਮਿਲਿਆ। ਇਸ ਵਾਰ ਬੂਥਾਂ ਉੱਤੇ ਕਬਜ਼ੇ ਕਰਨ ਦੀ ਨਾ ਤਾਂ ਕੋਈ ਸ਼ਿਕਾਇਤ ਮਿਲੀ ਹੈ ਅਤੇ ਨਾ ਹੀ ਮਾਰ-ਧਾੜ ਦੀਆਂ ਖਬਰਾਂ ਸਾਹਮਣੇ ਆਈਆਂ। ਇਸ ਵਿਲੱਖਣਤਾ ਨੂੰ ਪੰਜਾਬ ਲਈ ਸ਼ੁੱਭ ਸ਼ਗਨ ਮੰਨਿਆ ਜਾਣਾ ਬਣਦਾ ਹੈ। ਵੋਟਾਂ ਜਾਂ ਇਸ ਤੋਂ ਪਹਿਲਾਂ ਚੋਣ ਪ੍ਰਚਾਰ ਦੌਰਾਨ ਜਿੰਨਾ ਮਾਹੌਲ ਸ਼ਾਂਤਮਈ ਰਿਹਾ, ਹੁਣ ਵੋਟਾਂ ਤੋਂ ਪਹਿਲਾਂ ਓਨੀ ਹੀ ਜ਼ਿਆਦਾ ਗਹਿਮਾ ਗਹਿਮੀ ਹੈ। ਐਗਜ਼ਿਟ ਪੋਲ ਨੇ ਵੱਡਾ ਖਿਲਾਰਾ ਪਾ ਦਿੱਤਾ ਹੈ। ਬਾਵਜੂਦ ਇਸਦੇ ਸਿਆਸੀ ਪਾਰਟੀਆਂ ਜਿੱਤ ਦੇ ਜਸ਼ਨ ਮਨਾਉਣ ਲਈ ਪੱਬਾਂ ਭਾਰ ਹਨ। ਬਜ਼ਾਰਾਂ ਵਿੱਚ ਸਤਰੰਗੇ ਲੱਡੂਆਂ ਦੀ ਖੁਸ਼ਬੂ ਆ ਰਹੀ ਹੈ। ਫੁੱਲਾਂ ਦੀਆਂ ਦੁਕਾਨਾਂ ਉੱਤੇ ਗੁਲਦਸਤਿਆਂ ਦੇ ਆਰਡਰ ਦਿੱਤੇ ਜਾ ਰਹੇ ਹਨ। ਮਨਿਆਰੇ ਦੀਆਂ ਦੁਕਾਨਾਂ ਉੱਤੇ ਹਾਰ ਖਰੀਦਣ ਵਾਲਿਆਂ ਦੀ ਭੀੜ ਹੈ। ਖੁੱਲ੍ਹੀਆਂ ਜੀਪਾਂ ਦੀਆਂ ਸਾਈਆਂ ਤਾਂ ਕਈ ਚਿਰ ਪਹਿਲਾਂ ਹੀ ਫੜਾਈਆਂ ਜਾ ਚੁੱਕੀਆਂ ਹਨ। ਭਲਕ ਨੂੰ ਕਿਹਦੇ ਹੱਥ ਡੰਡਾ, ਕਿਹਦੇ ਹੱਥ ਝੰਡਾ ਹੋਊ, ਇਹ ਸਮੇਂ ਉੱਤੇ ਛੱਡਦੇ ਹਾਂ। ਉਂਝ, ਇੱਕ ਗੱਲ ਪੱਕੀ ਹੈ ਕਿ ਇਸ ਵਾਰ ਦੇ ਨਤੀਜੇ ਸਭ ਦੇ ਮੂੰਹਾਂ ਵਿੱਚ ਉਂਗਲੀਆਂ ਪਵਾ ਦੇਣਗੇ।

Exit mobile version