– ਕਮਲਜੀਤ ਸਿੰਘ ਬਨਵੈਤ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਲੰਘੇ ਕੱਲ੍ਹ ਦਾ ਦਿਨ ਬੜਾ ਇਤਿਹਾਸਕ ਰਿਹਾ। ਇੱਕ ਨਹੀਂ, ਕਈ ਪੱਖਾਂ ਤੋਂ। ਕਾਂਗਰਸ ਹਾਈਕਮਾਂਡ ਨੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਖੰਭ ਹਲਕੇ ਕਰ ਦਿੱਤੇ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਕੱਲੇ ਪੈ ਗਏ। ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਕੋਰ ਕਮੇਟੀ ਨੇ ਇੱਕ ਨਾ ਚੱਲਣ ਦਿੱਤੀ। ਕੈਪਟਨ ਅਮਰਿੰਦਰ ਸਿੰਘ ਦਾ ਪੁੱਤ ਰਣਇੰਦਰ ਸਿੰਘ ਆਪਣੇ ਬਾਪ ਦੇ ਮੋਢੇ ਨਾਲ ਮੋਢਾ ਲਾ ਕੇ ਖੜਨ ਨਾ ਆਇਆ। ਢੀਂਡਸਾ ਦੇ ਪੁੱਤਰ ਨੇ ਭਾਜਪਾ ਨਾਲ ਗਠਜੋੜ ਨੂੰ ਲੈ ਕੇ ਮੀਟਿੰਗ ਦੌਰਾਨ ਹੀ ਬਾਪੂ ਨੂੰ ਘੇਰ ਲਿਆ।
ਗੱਲ ਨਵਜੋਤ ਸਿੰਘ ਸਿੱਧੂ ਤੋਂ ਸ਼ੁਰੂ ਕਰਦੇ ਹਾਂ। ਹਾਈਕਮਾਂਡ ਨੇ ਪੰਜਾਬ ਦੇ ਤਿੰਨ ਸੀਨੀਅਰ ਨੇਤਾਵਾਂ ਨੂੰ ਇੱਕ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਹੈ। ਪ੍ਰਤਾਪ ਸਿੰਘ ਬਾਜਵਾ ਜਿਹੜੇ ਕਿ ਰਾਜ ਸਭਾ ਦੇ ਮੈਂਬਰ ਵੀ ਹਨ, ਨੂੰ ਮੈਨੀਫੈਸਟੋ ਕਮੇਟੀ ਦਾ ਚੇਅਰਮੈਨ ਲਾਇਆ ਗਿਆ ਹੈ ਜਦਕਿ ਸੁਨੀਲ ਜਾਖੜ ਕੈਂਪੇਨ ਕਮੇਟੀ ਦੇ ਚੇਅਰਮੈਨ ਹੋਣਗੇ। ਇਸਦੇ ਨਾਲ ਹੀ ਸਾਬਕਾ ਮੰਤਰੀ ਅੰਬਿਕਾ ਸੋਨੀ ਨੂੰ ਇਲੈਕਸ਼ਨ ਕਮੇਟੀ ਦਾ ਕੁਆਰਡੀਨੇਟਰ ਬਣਾ ਦਿੱਤਾ ਗਿਆ ਹੈ ਜਦਕਿ ਅਜੇ ਮਾਕਨ ਨੂੰ ਸਕ੍ਰੀਨਿੰਗ ਕਮੇਟੀ ਦਾ ਚੇਅਰਮੈਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਦੱਸ ਦਈਏ ਕਿ ਪਾਰਟੀ ਹਾਈਕਮਾਂਡ ਵੱਲੋਂ ਚਾਹੇ ਪ੍ਰਤਾਪ ਬਾਜਵਾ ਨੂੰ ਮੈਨੀਫੈਸਟੋ ਕਮੇਟੀ ਦਾ ਚੇਅਰਮੈਨ ਤਾਂ ਬਣਾ ਦਿੱਤਾ ਗਿਆ ਹੈ। ਸੁਨੀਲ ਜਾਖੜ ਦਾ ਦਿਲ ਹਾਲੇ ਵੀ ਕਾਂਗਰਸ ਵਿੱਟ ਟਿਕਣ ਨੂੰ ਨਹੀਂ ਕਰ ਰਿਹਾ ਹੈ। ਅਗਲੇ ਵਿਧਾਨ ਸਭਾ ਚੋਣਾਂ ਲ਼ਈ ਉਮੀਦਵਾਰਾਂ ਦੀ ਚੋਣ ਤੋਂ ਲੈ ਕੇ ਵਜ਼ੀਰੀਆਂ ਵੰਡਣ ਤੱਕ ਸਾਰਾ ਕੰਮ ਇਨ੍ਹਾਂ ਤਿੰਨ ਨੇਤਾਵਾਂ ਨੂੰ ਦੇ ਦਿੱਤਾ ਹੈ ਅਤੇ ਸਿੱਧੂ ਖੂੰਝੇ ਲੱਗ ਕੇ ਰਹਿ ਗਏ ਹਨ ਜਦਕਿ ਚੋਣਾਂ ਤੋਂ ਪਹਿਲਾਂ ਪਾਰਟੀ ਪ੍ਰਧਾਨ ਦੀ ਬੁੱਕਤ ਆਮ ਨਾਲੋਂ ਵੱਧ ਜਾਂਦੀ ਹੈ। ਨਵਜੋਤ ਸਿੰਘ ਸਿੱਧੂ ਦਾ ਉਨ੍ਹਾਂ ਦੇ ਸੁਭਾਅ ਦੇ ਉਲਟ ਹਾਲੇ ਤੱਕ ਕੋਈ ਪ੍ਰਤੀਕਰਮ ਨਹੀਂ ਆਇਆ ਹੈ। ਪਰ ਪਾਰਟੀ ਵਿੱਚ ਇਹ ਸੁਨੇਹਾ ਜ਼ਰੂਰ ਚਲਾ ਗਿਆ ਹੈ ਕਿ ਹਾਈਕਮਾਂਡ ਸਿੱਧੂ ਦੀ ਪਹਿਲਾਂ ਜਿੰਨੀ ਪਰਵਾਹ ਨਹੀਂ ਕਰਦੀ। ਉਂਝ ਕਾਂਗਰਸ ਹਾਈਕਮਾਂਡ ਨੇ ਇਨ੍ਹਾਂ ਤਿੰਨ ਸੀਨੀਅਰ ਨੇਤਾਵਾਂ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਦੀਆਂ ਖਬਰਾਂ ਨੂੰ ਲੈ ਕੇ ਟਿਕੇ ਰਹਿਣ ਦਾ ਚੋਗਾ ਪਾਇਆ ਹੈ।
ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ਸੰਯੁਕਤ ਦੀ ਕੋਰ ਕਮੇਟੀ ਦੀ ਸੱਦੀ ਮੀਟਿੰਗ ਵਿੱਚ ਭਾਜਪਾ ਨਾਲ ਹੱਥ ਮਿਲਾਉਣ ਵਾਲੇ ਫੈਸਲੇ ਉੱਤੇ ਰਸਮੀ ਮੋਹਰ ਲਵਾਉਣੀ ਸੀ ਪਰ ਉਨ੍ਹਾਂ ਦੇ ਆਪਣੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਸਮੇਤ ਦੂਜੇ ਸਾਰੇਸੀਨੀਅਰ ਨੇਤਾ ਗਲ ਪੈ ਗਏ। ਸੂਤਰਾਂ ਦਾ ਕਹਿਣਾ ਹੈ ਕਿ ਕੋਰ ਕਮੇਟੀ ਦੇ ਮੈਂਬਰਾਂ ਨੇ ਢੀਂਡਸਾ ਨੂੰ ਸਾਫ ਕਰ ਦਿੱਤਾ ਕਿ ਪੰਜਾਬ ਦੇ ਲੋਕ ਭਾਜਪਾ ਨੂੰ ਸਿਰਫ਼ ਦੂਰ ਹੀ ਨਹੀਂ ਰੱਖ ਰਹੇ ਸਗੋਂ ਉਨ੍ਹਾਂ ਦੇ ਮਨਾਂ ਵਿੱਚ ਭਾਜਪਾਈਆਂ ਲਈ ਨਫ਼ਰਤ ਹੈ। ਕੋਰ ਕਮੇਟੀ ਦੇ ਮੈਂਬਰ ਦੱਬਵੀਂ ਜ਼ੁਬਾਨ ਵਿੱਚ ਭਾਜਪਾ ਨਾਲੋਂ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਭੁਗਤਦੇ ਰਹੇ ਪਰ ਪਰਮਿੰਦਰ ਸਿੰਘ ਢੀਂਡਸਾ ਨੇ ਸਾਫ ਕਹਿ ਦਿੱਤਾ ਕਿ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰਕੇ ਲਾਹੇ ਵਿੱਚ ਰਹਾਂਗੇ। ਪਤਾ ਲੱਗਾ ਹੈ ਕਿ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਸੰਯੁਕਤ ਵਿੱਚ ਰਲ ਕੇ ਚੋਣਾਂ ਲੜਨ ਬਾਰੇ ਅੰਦਰਖਾਤੇ ਸਹਿਮਤੀ ਬਣ ਚੁੱਕੀ ਸੀ ਪਰ ਪਾਰਟੀ ਪ੍ਰਧਾਨ ਢੀਂਡਸਾ ਅਮਿਤ ਸ਼ਾਹ ਨੂੰ ਰਲ ਕੇ ਚੋਣਾਂ ਲੜਨ ਦੀ ਹਾਮੀ ਭਰ ਆਏ। ਆਮ ਆਦਮੀ ਪਾਰਟੀ ਤਾਂ ਢੀਂਡਸਿਆਂ ਨੂੰ ਝਾੜੂ ਚੋਣ ਨਿਸ਼ਾਨ ‘ਤੇ ਚੋਣ ਲੜਨ ਲਈ ਮਨਾ ਰਹੀ ਸੀ ਪਰ ਸੰਯੁਕਤ ਅਕਾਲੀ ਦਲ ਸੀਟਾਂ ਦੇ ਲੈਣ ਦੇਣ ‘ਤੇ ਅੜਿਆ ਰਿਹਾ। ਢੀਂਡਸਾ ਜਿਹੜੇ ਕਿ ਅਮਿਤ ਸ਼ਾਹ ਨੂੰ ਪੱਕਾ ਭਰੋਸਾ ਦੇ ਕੇ ਆਏ ਸਨ, ਨੇ ਹੁਣ ਫੈਸਲਾ ਅਗਲੇ ਦਿਨਾਂ ਉੱਤੇ ਪਾ ਦਿੱਤਾ ਹੈ।
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੰਘੇ ਕੱਲ ਆਪਣੀ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਦਫਤਰ ਦਾ ਚੰਡੀਗੜ੍ਹ ਦੇ ਸੈਕਟਰ 9 ਵਿੱਚ ਉਦਘਾਟਨ ਕੀਤਾ ਗਿਆ ਤਾਂ ਨਾ ਤਾਂ ਉਨ੍ਹਾਂ ਦੀ ਪਤਨੀ ਅਤੇ ਮੈਂਬਰ ਪਾਰਲੀਮੈਂਟ ਨਾਲ ਆ ਕੇ ਖੜੀ ਅਤੇ ਨਾ ਹੀ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਨੇ ਮੋਢੇ ‘ਤੇ ਹੱਥ ਧਰਨ ਦਿੱਤਾ। ਕੈਪਟਨ ਅਮਰਿੰਦਰ ਸਿੰਘ ਬੜਕਾਂ ਤਾਂ ਇਹ ਮਾਰ ਰਹੇ ਸਨ ਕਿ ਕਾਂਗਰਸ ਦੇ 25 ਵਿਧਾਇਕ ਉਨ੍ਹਾਂ ਨਾਲ ਹਨ ਪਰ ਉਦਘਾਟਨ ਮੌਕੇ ਉਨ੍ਹਾਂ ਦੇ ਪੁਰਾਣੇ ਬੇਲੀ ਭਰਤਇੰਦਰ ਸਿੰਘ ਚਹਿਲ ਤੋਂ ਬਿਨਾਂ ਕੋਈ ਨਾ ਬਹੁੜਿਆ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਮੁੱਖ ਮੰਤਰੀ ਵਜੋਂ ਪੰਜਾਬ ਦੇ ਰਾਜਪਾਲ ਨੂੰ ਅਸਤੀਫਾ ਦੇਣ ਗਏ ਸਨ ਤਾਂ ਉਨ੍ਹਾਂ ਦੀ ਪਤਨੀ ਅਤੇ ਬੇਟਾ ਦੋਵੇਂ ਬਰਾਬਰ ਦੀ ਧਿਰ ਬਣ ਕੇ ਖੜੇ ਸਨ। ਕੈਪਟਨ ਅਮਰਿੰਦਰ ਸਿੰਘ ਨੇ ਹੁਣ ਆਪਣੀ ਇੱਜ਼ਤ ਇਹ ਕਹਿ ਕੇ ਮੁੜ ਬਚਾਈ ਹੈ ਕਿ ਉਮੀਦਵਾਰਾਂ ਦੇ ਐਲਾਨ ਮੌਕੇ ਆਪਣੇ ਪੱਤੇ ਖੋਲ੍ਹਣਗੇ।
ਕੱਲ੍ਹ ਦਾ ਦਿਨ ਇੱਕ ਹੋਰ ਪੱਖੋਂ ਵੀ ਇਤਿਹਾਸਕ ਰਿਹਾ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਦੀ ਤਕੜੀ ਝਾੜ-ਝੰਬ ਕਰ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਇੰਝ ਲੱਗਦਾ ਹੈ ਕਿ ਪੰਜਾਬ ਸਰਕਾਰ ਗੂੜੀ ਨੀਂਦ ਵਿੱਚ ਸੌਂ ਰਹੀ ਹੈ। ਅਦਾਲਤ ਦਾ ਕਹਿਣਾ ਸੀ ਕਿ ਨਸ਼ਿਆਂ ਨਾਲ ਸਬੰਧਿਤ ਰਿਪੋਰਟ ਦਾ ਬੰਦ ਲਿਫਾਫਾ ਖੋਲ੍ਹਣ ‘ਤੇ ਅਦਾਲਤ ਵੱਲੋਂ ਕੋਈ ਰੋਕ ਨਹੀਂ ਲਗਾਈ ਗਈ। ਇਸੇ ਪ੍ਰਸੰਗ ਵਿੱਚ ਅਦਾਲਤ ਨੇ ਬਿਕਰਮ ਸਿੰਘ ਮਜੀਠੀਆ ਦੇ ਵਕੀਲ ਆਰਐੱਸ ਚੀਮਾ ਨੂੰ ਸਪੱਸ਼ਟ ਕਹਿ ਦਿੱਤਾ ਕਿ ਉਸਨੂੰ ਕੇਸ ਵਿੱਚ ਧਿਰ ਬਣਨ ਦੀ ਲੋੜ ਨਹੀਂ ਕਿਉਂਕਿ ਹਾਲੇ ਤੱਕ ਇਹ ਕਿਧਰੇ ਵੀ ਸਾਹਮਣੇ ਨਹੀਂ ਆਇਆ ਕਿ ਰਿਪੋਰਟ ਵਿੱਚ ਮਜੀਠੀਆ ਦਾ ਨਾਂ ਬੋਲਦਾ ਹੈ। ਕੱਲ੍ਹ ਦਾ ਦਿਨ ਇਸ ਕਰਕੇ ਵੀ ਇਤਿਹਾਸਕ ਮੰਨਿਆ ਜਾਵੇਗਾ ਕਿ ਵਾਪਰੀਆਂ ਘਟਨਾਵਾਂ ਰਾਜ ਦੀ ਸਿਆਸਤ ਨੂੰ ਇੱਕ ਨਵੀਂ ਦਿਸ਼ਾ ਦੇਣਗੀਆਂ। ਸੂਬੇ ਦੀ ਨਿੱਤ ਬਦਲਦੀ ਸਿਆਸਤ ਬਾਰੇ ਕੋਈ ਵੀ ਭਵਿੱਖਬਾਣੀ ਕਰਨੀ ਜੇ ਅਸੰਭਵ ਨਹੀਂ ਤਾਂ ਮੁਸ਼ਕਿਲ ਜ਼ਰੂਰ ਲੱਗਣ ਲੱਗੀ ਹੈ। ਉਂਝ, ਨਿੱਤ ਦੀਆਂ ਘਟਨਾਵਾਂ ‘ਤੇ ਤਬਸਰੇ ਨਾਲ ਸਾਡੀ ਤੁਹਾਡੀ ਸਾਂਝ ਜਾਰੀ ਰਹੇਗੀ।
ਸੰਪਰਕ : 9814734035