ਮੈਡ੍ਰਿਡ (30 ਮਾਰਚ, 2026): ਪੱਛਮੀ ਏਸ਼ੀਆ ਵਿੱਚ ਵਧਦੇ ਤਣਾਅ ਦੇ ਵਿਚਕਾਰ ਸਪੇਨ ਨੇ ਇੱਕ ਵੱਡਾ ਕੂਟਨੀਤਕ ਕਦਮ ਚੁੱਕਦੇ ਹੋਏ ਇਰਾਨ ਵਿਰੁੱਧ ਜੰਗ ਵਿੱਚ ਸ਼ਾਮਲ ਅਮਰੀਕੀ ਫ਼ੌਜੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ (Airspace) ਬੰਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸਪੇਨ ਨੇ ਅਮਰੀਕਾ ਨੂੰ ਆਪਣੇ ਮਿਲਟਰੀ ਬੇਸ ਵਰਤਣ ਦੀ ਇਜਾਜ਼ਤ ਦੇਣ ਤੋਂ ਵੀ ਸਾਫ਼ ਇਨਕਾਰ ਕਰ ਦਿੱਤਾ ਹੈ।
ਸਪੇਨ ਦੀ ਰੱਖਿਆ ਮੰਤਰੀ ਮਾਰਗਰੀਟਾ ਰੋਬਲੇਸ ਨੇ ਸਪੱਸ਼ਟ ਕੀਤਾ ਹੈ ਕਿ ਉਹ ਆਪਣੀ ਧਰਤੀ ਜਾਂ ਹਵਾਈ ਖੇਤਰ ਦੀ ਵਰਤੋਂ ਇਰਾਨ ਵਿਰੁੱਧ ਕਿਸੇ ਵੀ ਫ਼ੌਜੀ ਕਾਰਵਾਈ ਲਈ ਨਹੀਂ ਹੋਣ ਦੇਣਗੇ। ਸਪੇਨ ਦੇ ਅਰਥਚਾਰਾ ਮੰਤਰੀ ਕਾਰਲੋਸ ਕੁਏਰਪੋ ਨੇ ਵੀ ਇਸ ਫੈਸਲੇ ਦਾ ਸਮਰਥਨ ਕਰਦਿਆਂ ਕਿਹਾ ਕਿ ਉਹ ਅਜਿਹੀ ਜੰਗ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ ਜੋ ਬਿਨਾਂ ਵਜ੍ਹਾ ਸ਼ੁਰੂ ਕੀਤੀ ਗਈ ਹੋਵੇ ਅਤੇ ਕਾਨੂੰਨ ਦੇ ਵਿਰੁੱਧ ਹੋਵੇ।
ਇਸ ਫੈਸਲੇ ਤੋਂ ਬਾਅਦ ਅਮਰੀਕੀ ਫ਼ੌਜੀ ਜਹਾਜ਼ਾਂ ਨੂੰ ਹੁਣ ਲੰਬਾ ਰਸਤਾ ਤੈਅ ਕਰਨਾ ਪਵੇਗਾ। ਹਾਲਾਂਕਿ, ਸਪੇਨ ਨੇ ਮਨੁੱਖੀ ਸਹਾਇਤਾ ਅਤੇ ਐਮਰਜੈਂਸੀ ਉਡਾਣਾਂ ਲਈ ਕੁਝ ਛੋਟਾਂ ਬਰਕਰਾਰ ਰੱਖੀਆਂ ਹਨ।
ਦੂਜੇ ਪਾਸੇ, ਡੋਨਾਲਡ ਟਰੰਪ ਨੇ ਸਪੇਨ ਦੇ ਇਸ ਕਦਮ ਦੇ ਜਵਾਬ ਵਿੱਚ ਵਪਾਰਕ ਪਾਬੰਦੀਆਂ ਲਗਾਉਣ ਦੀ ਧਮਕੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਪਹਿਲਾਂ ਹੀ ਅਮਰੀਕਾ ਅਤੇ ਇਜ਼ਰਾਈਲ ਦੀਆਂ ਫ਼ੌਜੀ ਕਾਰਵਾਈਆਂ ਦੀ ਖੁੱਲ੍ਹ ਕੇ ਆਲੋਚਨਾ ਕਰ ਚੁੱਕੇ ਹਨ।

