‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਬਹੁਤ ਸਮੇਂ ਤੋਂ ਇਹ ਸਸਪੈਂਸ ਬਣਿਆ ਹੋਇਆ ਸੀ ਕਿ ਕੋਰੋਨਾ ਕਾਲ ‘ਚ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਵਾਲੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨਵੀਂ ਸਿਆਸਤ ਦਾ ਚਿਹਰਾ ਬਣਨਗੇ। ਹਾਲਾਂਕਿ ਸਿੱਧੇ ਰੂਪ ਵਿੱਚ ਸੋਨੂੰ ਸੂਦ ਨੇ ਸਿਆਸਤ ਵਿਚ ਐਂਟਰੀ ਤਾਂ ਨਹੀਂ ਕੀਤੀ ਹੈ, ਪਰ ਆਪਣੀ ਭੈਣ ਮਾਲਵਿਕਾ ਦੇ ਜਰੂਰ ਸਪਸ਼ਟ ਸੰਕੇਤ ਦਿੱਤੇ ਹਨ ਕਿ ਉਹ ਪੰਜਾਬ ਦੀ ਸਿਆਸਤ ‘ਚ ਆਉਣਗੇ ਤੇ ਕਿਸੇ ਸਿਆਸੀ ਪਾਰਟੀ ਨਾਲ ਜਲਦੀ ਜੁੜਨਗੇ। ਸੋਨੂੰ ਸੂਦ ਨੇ ਇਹ ਐਲਾਨ ਅੱਜ ਮੋਗਾ ਵਿਖੇ ਕੀਤੀ ਆਪਣੀ ਪਲੇਠੀ ਪ੍ਰੈਸ ਕਾਨਫਰੰਸ ਵਿਚ ਕੀਤਾ।
ਮੀਡੀਆ ਦੇ ਇਕ ਇਕ ਕਰਕੇ ਦਿੱਤੇ ਸਵਾਲਾਂ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀ ਅਹਿਮ ਨਹੀਂ, ਜਰੂਰੀ ਤਾਂ ਇਹ ਕਿ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਹਨ, ਉਹ ਪੂਰੇ ਕੀਤੇ ਜਾਣ। ਸੋਨੂੰ ਨੇ ਕਿਹਾ ਕਿ ਉਨ੍ਹਾਂ ਨੂੰ ਮਾਲਵਿਕਾ ‘ਤੇ ਭਰੋਸਾ ਹੈ ਕਿ ਉਹ ਪੰਜਾਬ ਦੀ ਸੇਵਾ ਨੀਝ ਲਾ ਕੇ ਕਰਨਗੇ ਤੇ ਜਦੋਂ ਵੀ ਸਮਾਂ ਆਵੇਗਾ ਤਾਂ ਜਰੂਰ ਦੱਸਾਂਗੇ ਕਿ ਕਿਹੜੀ ਪਾਰਟੀ ਨਾਲ ਅਸੀਂ ਜੁੜ ਰਹੇ ਹਾਂ।
ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਵੀ ਮੁਲਾਕਾਤ ਹੈ ਤੇ ਉਹ ਬਹੁਤ ਨਿਮਰ ਇਨਸਾਨ ਹਨ। ਸੋਨੂੰ ਸੂਦ ਨੇ ਕਿਹਾ ਕਿ ਸਿਰਫ ਲੋਕ ਹੀ ਹਨ ਜੋ ਪੰਜਾਬ ਦਾ ਭਲਾ ਕਰ ਸਕਦੇ ਹਨ। ਉਨ੍ਹਾਂ ਨੇ ਆਪਣੀ ਭੈਣ ਦੇ ਮੋਗਾ ਤੋਂ ਚੋਣ ਲੜਨ ਦੇ ਸੰਕੇਤ ਵੀ ਦਿੱਤੇ ਹਨ। ਸੋਨੂੰ ਸੂਦ ਨੇ ਕਿਹਾ ਅਸੀਂ ਕਿਸੇ ਵਿਸ਼ਵਾਸ ਨਾਲ ਕਿਸੇ ਨੁਮਾਇੰਦੇ ਨਾਲ ਜੁੜਦੇ ਹਾਂ। ਜੇਕਰ ਉਹ ਫੇਲ ਹੋ ਜਾਂਦਾ ਹੈ ਤਾਂ ਬਹੁਤ ਪਿੱਛੇ ਚਲੇ ਜਾਂਦੇ ਹਾਂ। ਇਸ ਲਈ ਮੈਂ ਕਿਹਾ ਸੀ ਚੋਣ ਮਨੋਰਥ ਪੱਤਰ ਨਾਲ ਐਗਰੀਮੈਂਟ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੈਂ ਤੁਹਾਡੇ ਵਰਗਾ ਹੀ ਹਾਂ, ਤੇ ਤੁਹਾਡੇ ਤੋਂ ਹੀ ਸਿਆਸਤ ਦਾ ਗਿਆਨ ਲੈਣਾ ਹੈ। ਦੂਜੀ ਗੱਲ, ਜੇਕਰ ਅਸੀਂ ਜਮੀਨ ਨਾ ਛੱਡੀਏ ਤਾਂ ਬਹੁਤ ਅੱਗੇ ਜਾ ਸਕਦੇ ਹਾਂ।
ਪੱਤਰਕਾਰਾਂ ਦੇ ਵਾਰ ਵਾਰ ਇਹ ਪੁੱਛਣ ਬਾਰੇ ਕਿ ਤੁਸੀਂ ਕਿਹੜੀ ਪਾਰਟੀ ਤੋਂ ਸ਼ੁਰੂਆਤ ਕਰੋਗੇ ਤਾਂ ਸੋਨੂੰ ਨੇ ਕਿਹਾ ਕਿ ਮੈਂ ਹਾਲੇ ਕਿਸੇ ਰਾਜਨੀਤਿਕ ਪਾਰਟੀ ਵਿੱਚ ਆਪਣੀ ਐਂਟਰੀ ਵਾਰੇ ਨਹੀਂ ਸੋਚਿਆ ਹੈ। ਹਾਲੇ ਮਾਲਵਿਕਾ ਦਾ ਜ਼ਰੂਰੀ ਹੈ, ਕਿਉਂ ਕਿ ਉਹ ਮੇਰੇ ਨਾਲ ਵੱਧ ਸੇਵਾ ਭਾਵਨਾ ਨਾਲ ਜੁੜੇ ਹਨ। ਕੰਗਨਾ ਰਨੌਤ ਦੇ ਵਿਵਾਦਿਤ ਬਿਆਨ ਦੇ ਮਾਮਲੇ ਉੱਤੇ ਉਨ੍ਹਾਂ ਕਿਹਾ ਸੱਚਾਈ ਦਾ ਸਾਥ ਨਹੀਂ ਛੱਡਣਾ ਚਾਹੀਦਾ ਹੈ ਤੇ ਮੈਂ ਸੱਚ ਉੱਤੇ ਖੜ੍ਹਾ ਰਿਹਾ ਹਾਂ, ਤਾਂ ਹੀ ਤੁਹਾਡੇ ਸਾਹਮਣੇ ਹਾਂ। ਇਸੇ ਦੌਰਾਨ ਸੋਨੂੰ ਸੂਦ ਨੇ ਪੰਜਾਬ ਵਿੱਚ ਵਧ ਰਹੇ ਡੇਂਗੂ ਦੇ ਮਾਮਲਿਆਂ ਉੱਤੇ ਵੀ ਚਿੰਤਾ ਜਾਹਿਰ ਕੀਤੀ ਤੇ ਐਲਾਨ ਕੀਤਾ ਕਿ ਡੇਂਗੂ ਦੇ ਕਿਸੇ ਵੀ ਮਰੀਜ ਨੂੰ ਉਨ੍ਹਾਂ ਵੱਲੋਂ 5 ਹਜ਼ਾਰ ਰੁਪਏ ਦੀ ਰਕਮ ਦਿੱਤੀ ਜਾਵੇਗੀ ਤਾਂ ਜੋ ਕੋਈ ਵੀ ਇਲਾਜ ਖੁਣੋ ਨਾ ਰਹੇ।
ਇਹ ਗੱਲ ਤਾਂ ਪੱਕੀ ਹੈ ਕਿ ਸੋਨੂੰ ਸੂਦ ਦੀ ਆਪਣੀ ਭੈਣ ਮਾਲਵਿਕਾ ਰਾਹੀਂ ਸਿਆਸਤ ਵਿੱਚ ਐਂਟਰੀ ਹੋ ਗਈ ਹੈ, ਕਿਉਂ ਕਿ ਮੀਡੀਆ ਦੇ ਸਾਰੇ ਸਵਾਲਾਂ ਦੇ ਜਵਾਬ ਤਕਰੀਬਨ ਸੋਨੂੰ ਸੂਦ ਨੇ ਦਿੱਤੇ ਹਨ। ਸੋਨੂੰ ਦਾ ਏਜੰਡਾ ਵੀ ਸਪਸ਼ਟ ਹੈ ਕਿ ਉਹ ਸਿਸਟਮ ਦੇ ਬਦਲਾਅ ਵਿੱਚ ਰੂਚੀ ਰਖਦੇ ਹਨ ਤੇ ਆਪਣੇ ਆਪ ਨੂੰ ਇਸਦੇ ਪ੍ਰਤੀ ਜਵਾਬਦੇਹ ਮੰਨਦੇ ਹਨ।
ਸੋਨੂੰ ਦਾ ਇਹ ਵੀ ਕਹਿਣਾ ਹੈ ਕਿ ਬਿਨਾਂ ਰਾਜਨੀਤੀ ਤੋਂ ਵੀ ਲੋਕਾਂ ਦੇ ਕੰਮ ਸੰਵਾਰੇ ਜਾ ਸਕਦੇ ਹਨ। ਕਿਉਂਕਿ ਸਿਸਟਮ ਬਦਲਣਾ ਚਾਹੀਦਾ ਹੈ ਤਾਂ ਹੀ ਲੋਕਾਂ ਦੀਆਂ ਤਕਦੀਰਾਂ ਬਦਲ ਸਕਦੀਆਂ ਹਨ। ਭਵਿੱਖ ਵਿਚ ਸੋਨੂੰ ਸੂਦ ਦੀ ਸਿਆਸਤੀ ਪਾਰੀ ਦੀ ਕੀ ਰਣਨੀਤੀ ਹੋਵੇਗੀ, ਇਹ ਦੇਖਣ ਲਈ ਥੋੜ੍ਹਾ ਇੰਤਜਾਰ ਕਰਨਾ ਪਵੇਗਾ।