ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ੁਰੂ ਹੋਏ ਵਿਵਾਦ ਦੇ ਸਬੰਧ ਵਿੱਚ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੁਖਬੀਰ ਬਾਦਲ ਅਤੇ 2007 ਤੋਂ 2017 ਤੱਕ ਦੇ ਮੰਤਰੀਆਂ ਨੂੰ ਸਜ਼ਾ ਸੁਣਾਈ ਜਾ ਸਕਦੀ ਹੈ। ਪਰ ਇਸ ਤੋਂ ਚਾਰ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਇੱਕ ਗੀਤ ਰਿਲੀਜ਼ ਹੋਇਆ ਹੈ, ਜਿਸ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਇੱਕ ਸਾਜ਼ਿਸ਼ ਦਾ ਸ਼ਿਕਾਰ ਦੱਸਿਆ ਗਿਆ ਹੈ।
ਇਹ ਗੀਤ ਰੌਕੀ ਮਿੱਤਲ ਨੇ ਸੁਖਬੀਰ ਬਾਦਲ ਦੇ ਹੱਕ ਵਿੱਚ ਗਾਇਆ ਹੈ। ਰੌਕੀ ਮਿੱਤਲ ਨੇ ਇਸ ਗੀਤ ‘ਚ ਸੁਖਬੀਰ ਬਾਦਲ ਦੇ ਹੱਕ ‘ਚ ਬੋਲਦਿਆਂ ਬਾਗੀ ਧੜੇ ‘ਤੇ ਜ਼ਮੀਰ ਦਾ ਕਤਲ ਕਰਨ ਦਾ ਦੋਸ਼ ਲਾਇਆ ਹੈ। ਇੰਨਾ ਹੀ ਨਹੀਂ ਗੀਤ ‘ਚ ਕੇਂਦਰ ‘ਤੇ ਵੀ ਨਿਸ਼ਾਨਾ ਸਾਧਿਆ ਗਿਆ ਹੈ। ਇਸ ਗੀਤ ‘ਚ ਰੌਕੀ ਮਿੱਤਲ ਨੇ ਸੁਖਬੀਰ ਬਾਦਲ ਨੂੰ ਦਿੱਲੀ ਦੀ ਧੱਕੇਸ਼ਾਹੀ ਤੋਂ ਬਚਾਉਣ ਵਾਲਾ ਨੇਤਾ ਦੱਸਿਆ ਹੈ।
ਗੀਤ ‘ਚ ਰੌਕੀ ਮਿੱਤਲ ਨੇ ਅਕਾਲੀ ਦਲ ਨੂੰ ਦਿੱਲੀ ਦੀ ਗੁਲਾਮੀ ਬਰਦਾਸ਼ਤ ਨਾ ਕਰਨ ਵਾਲਾ ਕਹਿ ਕੇ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਿਆ ਹੈ। ਇਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਪੈਰ ਛੂਹਦੇ ਦਿਖਾਇਆ ਗਿਆ ਹੈ।
ਕੇਂਦਰੀ ਏਜੰਸੀਆਂ ‘ਤੇ ਵੀ ਸਵਾਲ ਉਠਾਏ ਗਏ
ਗੀਤ ‘ਚ ਸੁਖਬੀਰ ਬਾਦਲ ਦੀ ਤਾਰੀਫ ਕਰਨ ਦੇ ਨਾਲ-ਨਾਲ ਵਿਰੋਧੀ ਧਿਰ ਅਤੇ ਕੇਂਦਰ ‘ਤੇ ਨਿਸ਼ਾਨਾ ਸਾਧਦੇ ਹੋਏ ਸੁਰੱਖਿਆ ਏਜੰਸੀਆਂ ‘ਤੇ ਵੀ ਸਵਾਲ ਚੁੱਕੇ ਗਏ ਹਨ। ਰੌਕੀ ਮਿੱਤਲ ਨੇ ਗੀਤ ਵਿੱਚ ਦੋਸ਼ ਲਾਇਆ ਹੈ ਕਿ ਸੁਖਬੀਰ ਬਾਦਲ ਨੂੰ ਫਸਾਉਣ ਵਿੱਚ ਕੇਂਦਰੀ ਏਜੰਸੀਆਂ ਦਾ ਹੱਥ ਹੈ।