ਬਿਉਰੋ ਰਿਪੋਰਟ – ਜਗਰਾਓਂ ਦੇ ਡੇਰੇ ਗੁਰਦੁਆਰਾ ਚਰਨ ਘਾਟ ਦੇ ਮੁਖੀ ਬਲਜਿੰਦਰ ਸਿੰਘ (BABA BALJINDER SINGH) ’ਤੇ ਲੱਗੇ ਜ਼ਬਰਜਨਾਹ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ। ਇਸ ਪੂਰੇ ਕਾਂਡ ਨੂੰ ਉਜਾਗਰ ਕਰਨ ਵਾਲੇ ਨਿਹੰਗ (NIHANG) ਸਮਾਜ ਸੇਵੀ ਨੌਜਵਾਨ ਅੰਮ੍ਰਿਤਪਾਲ ਸਿੰਘ ਮੇਹਿਰੋਂ ਪ੍ਰੈਸਕਾਂਫਰੰਸ ਕਰਕੇ ਫੁੱਟ-ਫੁੱਟ ਕੇ ਰੋਏ ਅਤੇ ਮੁਲਜ਼ਮ ਬਲਜਿੰਦਰ ਸਿੰਘ ਦੇ ਹਮਾਇਤੀਆਂ ਵੱਲੋਂ ਵਿਦੇਸ਼ੀ ਨੰਬਰ ’ਤੇ ਧਮਕੀਆਂ ਮਿਲਣ ਦੇ ਗੰਭੀਰ ਇਲਜ਼ਾਮ ਲਗਾਏ ਹਨ।
ਨਿਹੰਗ ਮੇਹਿਰੋਂ ਦਾਅਵਾ ਕੀਤਾ ਕਿ ਪੁਲਿਸ ਦੀ ਮਿਲੀ ਭੁਗਤ ਦੇ ਨਾਲ ਪੀੜਤ ਕੁੜੀ ’ਤੇ ਦਬਾਅ ਪਾਇਆ ਗਿਆ ਅਤੇ ਉਸ ਕੋਲੋਂ ਬਿਆਨ ਵਾਪਸ ਲਏ ਗਏ। ਸਿਰਫ ਇਨਾਂ ਹੀ ਨਹੀਂ, ਅੰਮ੍ਰਿਤਪਾਲ ਸਿੰਘ ਨੇ ਇਹ ਵੀ ਇਲਜ਼ਾਮ ਲਾਇਆ ਹੈ ਕਿ ਪੀੜਤ ਕੁੜੀ 15 ਦਿਨ ਤੋਂ ਗਾਇਬ ਹੈ ਅਤੇ ਉਸ ਦੀ ਕਿਡਨੈਪਿੰਗ ਦੇ ਇਲਜ਼ਾਮ ਵਿੱਚ ਉਸ ਨੂੰ ਫਸਾਉਣ ਦੀ ਧਮਕੀ ਦਿੱਤੀ ਜਾ ਰਹੀ ਹੈ।
ਅੰਮ੍ਰਿਤਪਾਲ ਸਿੰਘ ਨੇ ਇਲਜ਼ਾਮ ਲਗਾਇਆ ਕਿ DSP ਜਸਜੋਤ ਸਿੰਘ ਉਨ੍ਹਾਂ ਨੂੰ ਧਮਕੀ ਦੇ ਰਿਹਾ ਹੈ ਕਿ ਮੁਲਜ਼ਮ ਬਲਜਿੰਦਰ ਸਿੰਘ ਅਤੇ ਪੀੜਤ ਨੇ ਮੇਰੇ ਖ਼ਿਲਾਫ਼ ਕਿਡਨੈਪਿੰਗ ਅਤੇ ਜ਼ਬਰਨ ਬਿਆਨ ਦਿਵਾਏ ਦਾ ਇਲਜ਼ਾਮ ਲਗਾਇਆ ਹੈ। ਅੰਮ੍ਰਿਤਪਾਲ ਸਿੰਘ ਮੇਹਿਰੋਂ ਨੇ ਕਿਹਾ DSP ਦੱਸੇ ਕਿ ਪੀੜਤ ਕੁੜੀ ਆਖਿਰ ਕਿੱਥੇ ਗਾਇਬ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਅਸੀਂ ਪੀੜਤ ਦੇ ਹੱਕ ਵਿੱਚ ਧਰਨਾ ਲਗਾਇਆ ਅਤੇ ਪੂਰੇ ਸਬੂਤ ਵੀ ਪੁਲਿਸ ਨੂੰ ਦਿੱਤੇ ਇਸ ਦੇ ਬਾਵਜੂਦ ਮੈਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਅੰਮ੍ਰਿਤਪਾਲ ਸਿੰਘ ਨੇ ਕਿਹਾ ਮੈਨੂੰ ਯੂਰੋਪ ਤੋਂ ਫੋਨ ਆ ਰਹੇ ਹਨ ਕਿ ਜੇ ਤੂੰ ਬਾਬੇ ਦੇ ਖਿਲਾਫ ਕੁਝ ਵੀ ਬੋਲਿਆ ਦਾ ਮੇਰੇ ਪਰਿਵਾਰ ਨੂੰ ਨੁਕਸਾਨ ਪਹੁੰਚਾਇਆ ਜਾਵੇਗਾ। ਨਿਹੰਗ ਸਿੰਘ ਨੇ ਕਿਹਾ ਪੁਲਿਸ ਪੀੜਤ ਕੁੜੀ ਨੂੰ ਸਾਹਮਣੇ ਪੇਸ਼ ਕਰੇ ਅਸੀਂ ਬਾਬੇ ਦੇ ਖਿਲਾਫ ਪੂਰੇ ਸਬੂਤ ਪੁਲਿਸ ਨੂੰ ਸੌਂਪੇ ਹਨ।