‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਰੂਸ ਵੱਲੋਂ ਯੂਕਰੇਨ ‘ਤੇ ਹਮਲਾ ਕਰਨ ਤੋਂ ਬਾਅਦ ਪੱਛਮੀ ਦੇਸ਼ਾਂ ਵੱਲੋਂ ਰੂਸ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ। ਹੁਣ ਸੋਸ਼ਲ ਮੀਡੀਆ ਪਲੈਟਫਾਰਮ ਵੀ ਰੂਸ ਅਤੇ ਇਸਦੇ ਮੀਡੀਆ ਖ਼ਿਲਾਫ਼ ਅੱਗੇ ਆ ਰਹੇ ਹਨ। ਯੂਟਿਊਬ ਦੀ ਕੰਪਨੀ ਐਲਫਾਬੈੱਟ ਨੇ ਕਿਹਾ ਕਿ ਰੂਸੀ ਮੀਡੀਆ ਦੇ ਸਰਕਾਰੀ ਚੈਨਲ ਰਸ਼ੀਆ ਟੁਡੇ ਅਤੇ ਹੋਰ ਚੈਨਲ ਹੁਣ ਯੂਟਿਊਬ ਅਤੇ ਇਸ ਦੀਆਂ ਐਪਸ ਰਾਹੀਂ ਮਸ਼ਹੂਰੀ ਨਹੀਂ ਕਰ ਸਕਣਗੇ। ਗੂਗਲ ਨੇ ਵੀ ਰੂਸ ‘ਤੇ ਮਸ਼ਹੂਰੀ ਉੱਪਰ ਪਾਬੰਦੀ ਲਗਾ ਦਿੱਤੀ ਹੈ। ਦਰਅਸਲ, ਯੂਕਰੇਨ ਦੇ ਡਿਜੀਟਲ ਮੰਤਰੀ ਨੇ ਯੂਟਿਊਬ ਨੂੰ ਰੂਸ ਦੇ ਪ੍ਰਾਪੇਗੰਡਾ ਨੂੰ ਰੋਕਣ ਦੀ ਅਪੀਲ ਕੀਤੀ ਸੀ। ਰੂਸ ਦਾ ਮੀਡੀਆ ਖ਼ਾਸ ਕਰਕੇ ਰਸ਼ੀਆ ਟੂਡੇ ਹਰ ਸਾਲ ਯੂਟਿਊਬ ਅਤੇ ਗੂਗਲ ਰਾਹੀਂ ਲੱਖਾਂ ਡਾਲਰ ਦੀ ਕਮਾਈ ਕਰਦਾ ਹੈ। ਯੂਟਿਊਬ ਤੋਂ ਪਹਿਲਾਂ ਫੇਸਬੁੱਕ ਅਤੇ ਟਵਿੱਟਰ ਨੇ ਰੂਸ ਤੋਂ ਮਿਲਣ ਵਾਲੀ ਮਸ਼ਹੂਰੀ ਨੂੰ ਬੰਦ ਕਰ ਦਿੱਤਾ ਹੈ। ਇਨ੍ਹਾਂ ਦੋਹਾਂ ਉੱਪਰ ਰੂਸ ਵਿੱਚ ਰੋਕ ਵੀ ਲੱਗ ਚੁੱਕੀ ਹੈ।
ਰੂਸ-ਯੂਕਰੇਨ ਵਿਚਕਾਰ ਜ਼ਮੀਨ ਦੇ ਨਾਲ-ਨਾਲ ਇੰਟਰਨੈੱਟ ‘ਤੇ ਵੀ ਜੰਗ ਛਿੜ ਗਈ ਹੈ। ਹੈਕਰਸ ਦੇ ਇੱਕ ਗਰੁੱਪ ”Anonymous” ਨੇ ਚੇਚੇਨਿਆ ਦੀ ਸਰਕਾਰੀ ਵੈੱਬਸਾਈਟ ਨੂੰ ਹੈਕ ਕਰਨ ਦਾ ਦਾਅਵਾ ਕੀਤਾ ਹੈ। ਫਿਲਹਾਲ ਵੈੱਬਸਾਈਟ ਓਪਨ ਨਹੀਂ ਰਹੀ ਅਤੇ ”404 Host Not Found” ਐਰਰ ਪੇਜ ਦਿਖ ਰਿਹਾ ਹੈ। ਇਹ ਹੈਕਿੰਗ ਅਜਿਹੇ ਸਮੇਂ ਹੋਈ ਹੈ ਜਦੋਂ ਕੁੱਝ ਘੰਟੇ ਪਹਿਲਾਂ ਹੀ ਚੇਚੇਨਿਆ ਦੇ ਲੀਡਰ ਰਮਜ਼ਾਨ ਕਾਦਿਰੋਵ ਨੇ ਕਿਹਾ ਸੀ ਕਿ ਯੂਕਰੇਨ ਦੇ ਖ਼ਿਲਾਫ਼ ਰੂਸ ਦੇ ਸਮਰਥਨ ਵਿੱਚ ਚੇਚੇਨ ਲੜਾਕੇ ਤਾਇਨਾਤ ਕਰ ਦਿੱਤੇ ਗਏ ਹਨ। ਕਾਦਿਰੋਵ ਨੇ ਇੱਕ ਆਨਲਾਈਨ ਵੀਡੀਓ ਵਿੱਚ ਕਿਹਾ ਕਿ ਚੇਚੇਨ ਲੜਾਕਿਆਂ ਨੇ ਇੱਕ ਯੂਕਰੇਨੀ ਫ਼ੌਜੀ ਅੱਡੇ ‘ਤੇ ਅਸਾਨੀ ਨਾਲ ਕਬਜ਼ਾ ਕਰ ਲਿਆ ਹੈ।
”Anonymous” ਨੇ ਸ਼ੁੱਕਰਵਾਰ ਨੂੰ ਰੂਸ ਦੇ ਖ਼ਿਲਾਫ਼ ਸਾਈਬਰ ਵਾਰ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਰੂਸ ਦੀਆਂ ਕਈ ਸਰਕਾਰੀ ਵੈੱਬਸਾਈਟਜ਼ ‘ਤੇ ਸਾਈਬਰ ਅਟੈਕ ਹੋਏ ਸਨ। ਰੂਸ ਦੇ ਰੱਖਿਆ ਮੰਤਰਾਲੇ ਦੀ ਵੈੱਬਸਾਈਟ ਵੀ ਕੁੱਝ ਘੰਟਿਆਂ ਦੇ ਲਈ ਬੰਦ ਪਈ ਸੀ। ਕੀਵ ਇੰਡੀਪੈਂਡੈਂਟ ਦੀ ਕੱਲ ਦੀ ਇੱਕ ਰਿਪੋਰਟ ਮੁਤਾਬਕ ਰੂਸ ਦੀਆਂ ਛੇ ਸਰਕਾਰੀ ਵੈੱਬਸਾਈਟਾਂ ਡਾਊਨ ਸੀ। ਕੁੱਝ ਸਰਕਾਰੀ ਚੈਨਲਾਂ ਨੂੰ ਹੈਕ ਕਰਨ ਦੀ ਵੀ ਰਿਪੋਰਟ ਸੀ। ਰੂਸ ਦੇ ਸਰਕਾਰੀ ਮੀਡੀਆ ਆਊਟਲੈੱਟ ਰਸ਼ੀਅਨ ਟੂਡੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਸਦੀ ਸ਼ੁੱਕਰਵਾਰ ਨੂੰ ਵੈੱਬਸਾਈਟ ਵੀ ਅਟੈਕ ਤੋਂ ਬਾਅਦ ਹੌਲੀ ਚੱਲ ਰਹੀ ਸੀ।