ਇਥੋਪੀਆ ਦੇ ਗੋਫਾ ਦੇ ਪਹਾੜੀ ਖੇਤਰ ਵਿੱਚ ਭਾਰੀ ਮੀਂਹ ਤੋਂ ਬਾਅਦ ਐਤਵਾਰ ਸ਼ਾਮ ਅਤੇ ਸੋਮਵਾਰ ਸਵੇਰੇ ਜ਼ਮੀਨ ਖਿਸਕਣ ਦੀਆਂ ਦੋ ਘਟਨਾਵਾਂ ਵਾਪਰੀਆਂ। ਇੱਕ ਸਥਾਨਕ ਅਧਿਕਾਰੀ ਨੇ ਦੱਸਿਆ ਕਿ ਬਚਾਅ ਟੀਮਾਂ ਨੇ ਹੁਣ ਤੱਕ ਦੱਖਣੀ ਇਥੋਪੀਆ ਵਿੱਚ ਦੋ ਜ਼ਮੀਨ ਖਿਸਕਣ ਕਾਰਨ ਮਾਰੇ ਗਏ 229 ਲੋਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਹੈ।
ਗੋਫਾ ਖੇਤਰ ਦੇ ਪ੍ਰਸ਼ਾਸਕ ਦਾਗਮਾਵੀ ਆਇਲੇ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਬਾਲਗ ਅਤੇ ਬੱਚੇ ਦੋਵੇਂ ਸ਼ਾਮਲ ਹਨ ਅਤੇ 10 ਬਚੇ ਹੋਏ ਲੋਕਾਂ ਦਾ ਹਸਪਤਾਲ ਵਿੱਚ ਇਲਾਜ ਕੀਤਾ ਜਾ ਰਿਹਾ ਹੈ।
ਦਾਗਮਾਵੀ ਨੇ ਦੱਸਿਆ ਕਿ ਐਤਵਾਰ ਨੂੰ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਸੋਮਵਾਰ ਨੂੰ ਜਦੋਂ ਪੁਲਸ ਅਧਿਕਾਰੀ ਅਤੇ ਆਸ-ਪਾਸ ਦੇ ਲੋਕ ਤਲਾਸ਼ੀ ਅਤੇ ਬਚਾਅ ਕਾਰਜ ‘ਚ ਲੱਗੇ ਹੋਏ ਸਨ ਤਾਂ ਇਕ ਵਾਰ ਫਿਰ ਢਿੱਗਾਂ ਡਿੱਗ ਗਈਆਂ, ਜਿਸ ਕਾਰਨ ਉਹ ਵੀ ਮਿੱਟੀ ‘ਚ ਦੱਬ ਗਏ।
ਗੋਫਾ ਆਫ਼ਤ ਪ੍ਰਬੰਧਨ ਦੇ ਮੁਖੀ ਮਾਰਕੋਸ ਮੋਲਾਸੇ ਨੇ ਕਿਹਾ ਕਿ ਹੁਣ ਤੱਕ 229 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਸਥਾਨਕ ਪ੍ਰਸ਼ਾਸਨ ਨੇ ਕਿਹਾ ਕਿ ਬਚੇ ਲੋਕਾਂ ਦੀ ਭਾਲ ਤੇਜ਼ੀ ਨਾਲ ਜਾਰੀ ਹੈ ਪਰ ਮ੍ਰਿਤਕਾਂ ਦੀ ਗਿਣਤੀ ਅਜੇ ਵਧ ਸਕਦੀ ਹੈ। ਫੁਟੇਜ ‘ਚ ਸੈਂਕੜੇ ਲੋਕ ਮੌਕੇ ‘ਤੇ ਇਕੱਠੇ ਹੁੰਦੇ ਅਤੇ ਹੇਠਾਂ ਫਸੇ ਲੋਕਾਂ ਦੀ ਭਾਲ ‘ਚ ਮਿੱਟੀ ਪੁੱਟਦੇ ਦੇਖਿਆ ਜਾ ਸਕਦਾ ਹੈ। ਗੋਫਾ ਦੱਖਣੀ ਇਥੋਪੀਆ ਰਾਜ ਦਾ ਹਿੱਸਾ ਹੈ। ਇਹ ਰਾਜਧਾਨੀ ਅਦੀਸ ਅਬਾਬਾ ਤੋਂ ਲਗਭਗ 320 ਕਿਲੋਮੀਟਰ ਦੱਖਣ-ਪੱਛਮ ਵਿੱਚ ਸਥਿਤ ਹੈ।