The Khalas Tv Blog Khetibadi ਸਮਾਰਟ ਮੀਟਰ ਵਿਰੋਧ, ਕਿਸਾਨ ਆਗੂਆਂ ਨੇ ਚਿੱਪ ਨਾਲ ਲੈਸ ਬਿਜਲੀ ਮੀਟਰ ਹਟਾਏ
Khetibadi Punjab

ਸਮਾਰਟ ਮੀਟਰ ਵਿਰੋਧ, ਕਿਸਾਨ ਆਗੂਆਂ ਨੇ ਚਿੱਪ ਨਾਲ ਲੈਸ ਬਿਜਲੀ ਮੀਟਰ ਹਟਾਏ

ਲੁਧਿਆਣਾ ਸਸੁਰਾਲੀ ਪਿੰਡ ਵਿੱਚ ਕੇਐਮਐਮ (ਕਿਸਾਨ ਮਜ਼ਦੂਰ ਮੋਰਚਾ) ਆਗੂ ਦਿਲਬਾਗ ਸਿੰਘ ਦੀ ਅਗਵਾਈ ਹੇਠ ਸਾਬਕਾ ਸਰਪੰਚ ਚਰਨਜੀਤ ਸਿੰਘ ਦੇ ਘਰ ਲਗਾਇਆ ਗਿਆ ਚਿੱਪ ਵਾਲਾ ਸਮਾਰਟ ਮੀਟਰ ਹਟਾ ਦਿੱਤਾ ਗਿਆ। ਚਰਨਜੀਤ ਸਿੰਘ ਨੇ ਦੱਸਿਆ ਕਿ ਪਾਵਰਕਾਮ ਨੇ ਜ਼ਬਰਦਸਤੀ ਮੀਟਰ ਲਗਾਇਆ ਸੀ, ਇਸ ਲਈ ਉਨ੍ਹਾਂ ਨੇ ਕਿਸਾਨ ਯੂਨੀਅਨ ਤੇ ਕੇਐਮਐਮ ਨੂੰ ਅਪੀਲ ਕੀਤੀ ਸੀ ਕਿ ਉਨ੍ਹਾਂ ਦਾ ਮੀਟਰ ਵੀ ਹਟਾਇਆ ਜਾਵੇ।

ਇਹ ਮਾਮਲਾ ਪੰਜਾਬ ਦੇ ਬਿਜਲੀ ਮੰਤਰੀ ਸੰਜੀਵ ਅਰੋੜਾ ਦੇ ਗ੍ਰਹਿ ਜ਼ਿਲ੍ਹੇ ਲੁਧਿਆਣਾ ਵਿੱਚ ਵਾਪਰਿਆ ਹੈ। ਕੇਐਮਐਮ ਨੇ ਹੁਣ ਤੱਕ ਇੱਥੇ 10 ਤੋਂ 12 ਸਮਾਰਟ ਮੀਟਰ ਹਟਾ ਦਿੱਤੇ ਹਨ ਅਤੇ ਲੋਕਾਂ ਵੱਲੋਂ ਸੰਪਰਕ ਕਰਨ ‘ਤੇ ਮੀਟਰ ਹਟਾਉਣ ਦੀ ਮੁਹਿੰਮ ਜਾਰੀ ਰਹੇਗੀ।ਦਿਲਬਾਗ ਸਿੰਘ ਨੇ ਕਿਹਾ ਕਿ ਸਰਕਾਰ ਸਮਾਰਟ ਮੀਟਰਾਂ ਰਾਹੀਂ ਬਿਜਲੀ ਦਾ ਨਿੱਜੀਕਰਨ ਕਰਨਾ ਚਾਹੁੰਦੀ ਹੈ। ਸਾਰੇ ਹਟਾਏ ਮੀਟਰ ਪਾਵਰਕਾਮ ਦਫ਼ਤਰ ਵਿੱਚ ਜਮ੍ਹਾਂ ਕਰਵਾਏ ਜਾਣਗੇ।

ਉਨ੍ਹਾਂ ਪੰਜਾਬ ਸਰਕਾਰ ਤੇ ਪਾਵਰਕਾਮ ਨੂੰ ਸਪੱਸ਼ਟ ਚੇਤਾਵਨੀ ਦਿੱਤੀ ਕਿ ਖਪਤਕਾਰਾਂ ਖ਼ਿਲਾਫ਼ ਕੋਈ ਕਾਰਵਾਈ ਨਾ ਕੀਤੀ ਜਾਵੇ, ਜੇ ਕੋਈ ਜੁਰਮਾਨਾ ਜਾਂ ਕੇਸ ਬਣਾਉਣਾ ਹੈ ਤਾਂ ਸਿਰਫ਼ ਦਿਲਬਾਗ ਸਿੰਘ ਖ਼ਿਲਾਫ਼ ਕੀਤਾ ਜਾਵੇ।

ਇਕ ਖਪਤਕਾਰ ਜਸਵੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਪੁਰਾਣਾ ਮੀਟਰ ਸੜ ਗਿਆ ਸੀ, ਉਸ ਤੋਂ ਬਾਅਦ ਪਾਵਰਕਾਮ ਨੇ ਜ਼ਬਰਦਸਤੀ ਚਿੱਪ ਵਾਲਾ ਮੀਟਰ ਲਗਾ ਦਿੱਤਾ। ਹੁਣ ਨਾ ਬਿੱਲ ਆ ਰਿਹਾ ਹੈ ਤੇ ਨਾ ਹੀ ਯੂਨਿਟਾਂ ਦਾ ਪਤਾ ਲੱਗਦਾ ਹੈ, ਸਿਰਫ਼ ਮੋਬਾਈਲ ‘ਤੇ SMS ਆਉਂਦਾ ਹੈ। ਇਸ ਲਈ ਉਨ੍ਹਾਂ ਨੇ ਵੀ ਕੇਐਮਐਮ ਨਾਲ ਸੰਪਰਕ ਕਰਕੇ ਮੀਟਰ ਹਟਵਾਇਆ।

 

 

Exit mobile version