ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ ਦੇ ਅਸ਼ਾਂਤ ਕਬਾਇਲੀ ਜ਼ਿਲ੍ਹੇ ‘ਚ ਐਤਵਾਰ ਨੂੰ ਇਕ ਕੱਟੜਪੰਥੀ ਇਸਲਾਮਿਕ ਸਿਆਸੀ ਪਾਰਟੀ ਦੇ ਸੰਮੇਲਨ ‘ਚ ਆਤਮਘਾਤੀ ਹਮਲਾਵਰ ਨੇ ਧਮਾਕਾ ਕਰ ਦਿੱਤਾ। ਇਸ ਧਮਾਕੇ ‘ਚ ਘੱਟੋ-ਘੱਟ 44 ਲੋਕਾਂ ਦੀ ਮੌਤ ਹੋ ਗਈ, ਜਦਕਿ 150 ਤੋਂ ਵੱਧ ਜ਼ਖ਼ਮੀ ਦੱਸੇ ਜਾ ਰਹੇ ਹਨ। ਹੁਣ ਇਸ ਧਮਾਕੇ ਨਾਲ ਜੁੜੀ ਵੀਡੀਓ (ਪਾਕਿਸਤਾਨ ਬਲਾਸਟ ਵੀਡੀਓ) ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਜਮੀਅਤ ਉਲੇਮਾ-ਏ-ਇਸਲਾਮ-ਫ਼ਜ਼ਲ (ਜੇਯੂਆਈ-ਐੱਫ਼) ਦੀ ਵਰਕਰ ਕਾਨਫ਼ਰੰਸ ਬਾਜੌਰ ਕਬਾਇਲੀ ਜ਼ਿਲ੍ਹੇ ਦੇ ਖ਼ਾਰ ਵਿੱਚ ਚੱਲ ਰਹੀ ਸੀ। ਸ਼ਾਮ 4 ਵਜੇ ਦੇ ਕਰੀਬ ਲੋਕ ਆਪਣੀਆਂ ਕੁਰਸੀਆਂ ‘ਤੇ ਖੜ੍ਹੇ ਹੋ ਕੇ ਨਾਅਰੇਬਾਜ਼ੀ ਕਰ ਰਹੇ ਸਨ ਕਿ ਧਮਾਕੇ ਦੀ ਆਵਾਜ਼ ਆਈ ਤਾਂ ਚਾਰੇ ਪਾਸੇ ਹਫ਼ੜਾ-ਦਫ਼ੜੀ ਮੱਚ ਗਈ।
ਵਾਇਰਲ ਵੀਡੀਓ ‘ਚ ਧਮਾਕੇ ਤੋਂ ਬਾਅਦ ਲੋਕ ਘਬਰਾ ਕੇ ਭੱਜਦੇ ਹੋਏ ਦਿਖਾਈ ਦੇ ਰਹੇ ਹਨ। ਬਾਜੌਰ ਖੇਤਰ ਦੇ ਜ਼ਿਲ੍ਹਾ ਐਮਰਜੈਂਸੀ ਅਧਿਕਾਰੀ ਸਾਦ ਖ਼ਾਨ ਨੇ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਧਮਾਕੇ ਵਿੱਚ ਸਥਾਨਕ ਜੇਯੂਆਈ-ਐੱਫ਼ ਆਗੂ ਮੌਲਾਨਾ ਜ਼ਿਆਉੱਲਾ ਜਾਨ ਦੀ ਵੀ ਮੌਤ ਹੋ ਗਈ ਹੈ।
https://twitter.com/PressSyndicated/status/1685707129359847425?s=20
ਇਸ ਧਮਾਕੇ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਵੀਡੀਓਜ਼ ‘ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਧਮਾਕੇ ਤੋਂ ਬਾਅਦ ਇਕ ਐਂਬੂਲੈਂਸ ਜ਼ਖ਼ਮੀਆਂ ਨੂੰ ਹਸਪਤਾਲਾਂ ‘ਚ ਪਹੁੰਚਾਉਣ ਲਈ ਮੌਕੇ ‘ਤੇ ਆ ਰਹੀ ਹੈ। ਉਨ੍ਹਾਂ ਨੂੰ ਲਿਜਾਣ ਲਈ ਐਂਬੂਲੈਂਸਾਂ ਵੀ ਮੌਕੇ ’ਤੇ ਆਉਂਦੀਆਂ ਦੇਖੀਆਂ ਗਈਆਂ। ਧਮਾਕੇ ਦੇ ਸਮੇਂ ਕਾਨਫ਼ਰੰਸ ਵਾਲੀ ਥਾਂ ‘ਤੇ 500 ਤੋਂ ਵੱਧ ਲੋਕ ਮੌਜੂਦ ਸਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਧਮਾਕੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।
https://twitter.com/Reuters/status/1685753379853840384?s=20
ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਧਮਾਕੇ ਤੋਂ ਬਾਅਦ ਹਲਚਲ ਮੱਚ ਗਈ। ਲੋਕ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜਣ ਲੱਗੇ। ਜਦੋਂ ਅਚਾਨਕ ਧਮਾਕਾ ਹੋਇਆ ਤਾਂ ਕੁਝ ਸਕਿੰਟਾਂ ਲਈ ਲੋਕ ਸਮਝ ਨਹੀਂ ਸਕੇ ਕਿ ਕੀ ਹੋਇਆ ਹੈ। ਹਰ ਪਾਸੇ ਧੂੜ ਅਤੇ ਧੂੰਆਂ ਸੀ। ਜਦੋਂ ਕੁਝ ਸਕਿੰਟਾਂ ਬਾਅਦ ਧੂੜ ਅਤੇ ਧੂੰਆਂ ਘੱਟ ਗਿਆ ਤਾਂ ਚਾਰੇ ਪਾਸੇ ਡਰਾਉਣਾ ਨਜ਼ਾਰਾ ਛਾ ਗਿਆ। ਚਾਰੇ ਪਾਸੇ ਲਾਸ਼ਾਂ ਪਈਆਂ ਸਨ। ਇਸ ਦੇ ਨਾਲ ਹੀ ਅਧਿਕਾਰੀ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਪੇਸ਼ਾਵਰ ਅਤੇ ਤਿਮਾਰਗੇਰਾ ਦੇ ਹਸਪਤਾਲਾਂ ‘ਚ ਲਿਜਾਇਆ ਗਿਆ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਜੇਯੂਆਈ-ਐੱਫ਼ ਕਾਨਫ਼ਰੰਸ ਵਿੱਚ ਧਮਾਕੇ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਤਵਾਦੀਆਂ ਨੇ ਇਸਲਾਮ, ਪਵਿੱਤਰ ਕੁਰਾਨ ਅਤੇ ਪਾਕਿਸਤਾਨ ਦੇ ਪੈਰੋਕਾਰਾਂ ਨੂੰ ਨਿਸ਼ਾਨਾ ਬਣਾਇਆ।
ਉਨ੍ਹਾਂ ਕਿਹਾ ਕਿ ਅੱਤਵਾਦੀ ਪਾਕਿਸਤਾਨ ਦੇ ਦੁਸ਼ਮਣ ਹਨ ਅਤੇ ਉਨ੍ਹਾਂ ਦਾ ਖ਼ਾਤਮਾ ਕੀਤਾ ਜਾਵੇਗਾ। ਘਟਨਾ ਵਿੱਚ ਸ਼ਾਮਲ ਅਨਸਰਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਅਤੇ ਖ਼ੈਬਰ ਪਖਤੂਨਖਵਾ ਸਰਕਾਰ ਤੋਂ ਘਟਨਾ ਦੀ ਰਿਪੋਰਟ ਵੀ ਮੰਗੀ ਹੈ।