The Khalas Tv Blog Punjab ਪਟਿਆਲਾ ਜ਼ਬਰਨ ਧਰਨਾ ਚੁਕਵਾਉਣ ਤੋਂ ਬਾਅਦ ਕਿਸਾਨ ਆਰ-ਪਾਰ ਦੇ ਮੂਡ ‘ਚ ! ਮੈਡੀਕਲ ਸੁਵਿਧਾ ਲੈਣ ਤੋਂ ਇਨਕਾਰ
Punjab

ਪਟਿਆਲਾ ਜ਼ਬਰਨ ਧਰਨਾ ਚੁਕਵਾਉਣ ਤੋਂ ਬਾਅਦ ਕਿਸਾਨ ਆਰ-ਪਾਰ ਦੇ ਮੂਡ ‘ਚ ! ਮੈਡੀਕਲ ਸੁਵਿਧਾ ਲੈਣ ਤੋਂ ਇਨਕਾਰ

ਪਟਿਆਲਾ : ਪੰਜਾਬ ਪੁਲਿਸ ਵੱਲੋਂ SKM ਗੈਰ ਰਾਜਨੀਤਿਕ ਦਾ ਧਰਨਾ ਜ਼ਬਰਨ ਚੁਕਵਾਉਣ ਦੇ ਬਾਅਦ ਹੁਣ ਕਿਸਾਨ ਜਥੇਬੰਦੀਆਂ ਨੇ ਨਵੀਂ ਰਣਨੀਤੀ ਤਿਆਰ ਕੀਤੀ ਹੈ । ਭੁੱਖ ਹੜਤਾਲ ‘ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਸਮੇਤ ਹੋਰ ਆਗੂਆਂ ਨੇ ਮੈਡੀਕਲ ਸੁਵਿਧਾ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ ਅਤੇ ਐਲਾਨ ਕਰ ਦਿੱਤਾ ਹੈ ਕਿ ਜੇਲ੍ਹ ਵਿੱਚ ਵੀ ਉਨ੍ਹਾਂ ਦੀ ਭੁੱਖ ਹੜਤਾਲ ਜਾਰੀ ਰਹੇਗੀ । ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਗਿਰਫਤਾਰ ਕੀਤੇ ਆਗੂਆਂ ਅਤੇ ਕਿਸਾਨ ਬੀਬੀਆਂ,ਕਿਸਾਨਾਂ ਨੂੰ ਤੁਰੰਤ ਰਿਹਾਅ ਨਹੀਂ ਕੀਤਾ ਅਤੇ ਤੁਰੰਤ ਮੰਗਾਂ ਨੂੰ ਲਾਗੂ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ। SKM ਨੇ ਮੁੱਖ ਮੰਤਰੀ ਨੂੰ ਕਿਹਾ ਕਿ ਇਹ ਉਹ ਮੰਗਾਂ ਹਨ ਜੋ ਤੁਹਾਡੇ ਵੱਲੋ ਮੰਨੀਆਂ ਵੀ ਜਾ ਚੁੱਕੀਆਂ ਹਨ। ਪਰ ਅੱਜ ਤੁਹਾਡੇ ਵੱਲੋ ਦਮਨਕਾਰੀ ਨੀਤੀ ਅਪਣਾ ਕੇ ਕੀਤੇ ਤਸ਼ੱਦਦ ਨੇ ਇੱਕ ਗੱਲ ਸਿੱਧ ਕਰ ਦਿੱਤੀ ਕੁਰਸੀ ਉੱਪਰ ਬੈਠਾ ਮੁੱਖ ਮੰਤਰੀ ਇੱਕ ਤਾਨਾਸ਼ਾਹ ਹੈ ਕਿਸਾਨ ਦਾ ਪੁੱਤ ਨਹੀ ਹੈ।

ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋ ਜਬਰੀ ਧਰਨਾ ਚੁਕਵਾਉਣ ਅਤੇ ਕਿਸਾਨ ਆਗੂਆਂ ਦੇ ਧਾਰਮਿਕ ਕਕਾਰਾ ਦੀ ਬੇਅਦਬੀ ਕਰਕੇ ਪੁਲਿਸ ਵੱਲੋ ਜਬਰੀ ਗਿਰਫਤਾਰ ਕਰਨ ਦੀ ਕਾਰਵਾਈ ਦੇ ਰੋਸ ਵੱਜੋਂ ਸਾਰੇ ਪੰਜਾਬ ਵਿੱਚ ਲੋਕ ਸੜਕਾਂ ਉੱਪਰ ਆਏ ਅਤੇ ਉਹਨਾਂ ਵੱਲੋ ਰੋਡ ਜਾਮ ਕੀਤੇ ਗਏ । ਪੰਜਾਬ ਪੁਲਿਸ ਨੇ ਸਰਕਾਰੀ ਹੁਕਮਾਂ ਤੇ ਨਾਜੀਵਾਦੀ ਪੁਲਿਸ ਦਾ ਰੂਪ ਦਿਖਾਉਂਦੇ ਹੋਏ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਅਤੇ ਜਬਰੀ ਲੋਕਾਂ ਨੂੰ ਚੁੱਕ ਕੇ ਥਾਣਿਆਂ ਵਿੱਚ ਬੰਦ ਕੀਤਾ । ਕਿਸਾਨ ਆਗੂਆਂ ਨੇ ਕਿਹਾ ਕਿ ਧਰਨਿਆਂ ਵਿੱਚੋਂ ਨਿਕਲੀ ਪਾਰਟੀ ਅੱਜ ਆਪਣੇ ਹੱਕਾਂ ਲਈ ਧਰਨਾ ਦੇ ਰਹੇ ਧਰਨਾਕਾਰੀਆਂ ਨੂੰ ਹੀ ਕੁਚਲਣ ਲੱਗੀ ਹੋਈ ਹੈ ।

ਕਿਸਾਨਾਂ ਦੀਆਂ ਮੰਗਾਂ

1. ਲੰਮੇਂ ਸਮੇਂ ਤੋਂ ਬੰਦ ਪਏ ਕਨੈਕਸ਼ਨ ਜਾਰੀ ਕੀਤੇ ਜਾਣ ਦੀ ਮੰਗ,ਵੀ.ਡੀ.ਐਸ (VDS) ਸਕੀਮ ਹਰ ਸਮੇਂ ਖੁੱਲੀ ਰੱਖਣ, ਫੀਸ ਲੈਣੀ ਬੰਦ ਕਰਨ ਅਤੇ ਖੇਤੀ ਦੇ ਸਹਾਇਕ ਧੰਦਿਆ ਦੇ ਕੁਨੈਕਸ਼ਨਾ ਤੇ ਲੱਗ ਰਿਹਾ ਕਮਰਸ਼ੀਅਲ ਚਾਰਜ ਲਗਾਉਣਾ ਬੰਦ ਕਰਨ ਦੀ ਮੰਗ ।

2. ਬਿਜਲੀ ਸੋਧ ਬਿੱਲ 2020 ਨੂੰ ਪੰਜਾਬ ਸਰਕਾਰ ਵੱਲੋ (ਸਮਾਰਟ) ਚਿੱਪ ਵਾਲੇ ਮੀਟਰ ਲਗਾ ਕੇ ਲਾਗੂ ਕਰਨ ਦੀ ਕਵਾਇਦ ਨੂੰ ਰੋਕਣ ਦੀ ਮੰਗ । ਮਜਬੂਰੀ ਵਸ ਬਿੱਲ ਨਾ ਭਰ ਸਕਣ ਵਾਲੇ ਮਜ਼ਦੂਰਾਂ ਅਤੇ ਕਿਸਾਨਾਂ ਦੇ ਕੁਨੈਕਸ਼ਨ ਕੱਟਣ ਦੀ ਕਵਾਇਦ ਨੂੰ ਤੁਰੰਤ ਬੰਦ ਕਰਨ ਦੀ ਮੰਗ ।

3. ਕਿਸਾਨਾਂ ਤੋਂ ਕੁਨੈਕਸ਼ਨ ਦੇਣ ਦੇ ਨਾਂ ਥੱਲੇ ਭਰਵਾਏ ਗਏ ਪੈਸੇ ਕਿਸਾਨਾਂ ਨੂੰ ਤੁਰੰਤ ਸਮੇਤ ਵਿਆਜ਼ ਵਾਪਸ ਕੀਤੇ ਜਾਣ ਦੀ ਮੰਗ,ਕੁਨੈਕਸ਼ਨ ਲੈਣਾ ਚਾਹੁੰਣ ਵਾਲੇ ਕਿਸਾਨਾਂ ਨੂੰ ਤੁਰੰਤ ਕੁਨੈਕਸ਼ਨ ਜਾਰੀ ਕਰਨ ਦੀ ਮੰਗ ।

4. ਜ਼ਮੀਨ ਖਰੀਦਣ ਵਾਲੇ ਅਤੇ ਭਰਾਵੀ ਵੰਡ ਕਾਰਨ ਕੁਨੈਕਸ਼ਨ ਦੀ ਨਾਮ ਤਬਦੀਲ ਪ੍ਰਕ੍ਰਿਆ ਨੂੰ ਅਸਾਨ ਬਣਾਉਣ ਦੀ ਮੰਗ,ਕਿਸਾਨ ਨੂੰ ਆਪਣੇ ਖਰਚ ਉੱਪਰ ਆਪਣੇ ਖੇਤ ਵਿੱਚ ਜਿੱਥੇ ਮਰਜੀ ਟਿਊਬਵੈੱਲ ਕੁਨੈਕਸ਼ਨ ਸ਼ਿਫਟ ਕਰਨ ਦੀ ਖੁੱਲ੍ਹ ਦੇਣ ਦੀ ਮੰਗ ।

5. ਮੋਟਰਾਂ ਦੇ ਲੋਡ ਵਧਾ ਚੁੱਕੇ ਕਿਸਾਨਾਂ ਦੇ ਟਰਾਸਫਾਰਮ ਵੱਡੇ ਕਰਨ ਦੀ ਮੰਗ,ਐਲ.ਟੀ (L.T) ਲਾਈਨਾ ਰਾਹੀਂ ਮੋਟਰਾਂ ਉੱਪਰ ਵੋਲਟੇਜ ਪੂਰੀ ਕਰਨ ਅਤੇ ਉਹਨਾਂ ਲਾਈਨਾ ਦੀ ਮੁਰੰਮਤ ਕਰਨ ਦੀ ਮੰਗ,ਬਾਦਲ ਸਰਕਾਰ ਸਮੇਂ ਦੇ ਲੱਗੇ ਕੁਨੈਕਸ਼ਨਾਂ ਦੇ ਰਹਿੰਦੇ ਟਰਾਂਸਫਾਰਮਰ ਪਾਵਰਕਾਮ ਦੇ ਅਧਿਕਾਰ ਖੇਤਰ ਵਿੱਚ ਲੈਣ ਦੀ ਮੰਗ ।

6. ਸਰਹਿੰਦ ਫੀਡਰ ਉੱਪਰ ਲੱਗੇ ਲਿਫਟ ਪੰਪਾ ਨੂੰ ਫਰੀ ਬਿਜਲੀ ਮੁਹੱਈਆ ਕਰਵਾਉਣ ਦੀ ਮੰਗ,ਸੜਨ ਵਾਲੇ ਟਰਾਂਸਫਾਰਮਰ 24 ਘੰਟੇ ਦੇ ਅੰਦਰ-ਅੰਦਰ ਤਬਦੀਲ ਕਰਨ ਅਤੇ ਟਰਾਂਸਫਾਰਮਰ ਸਿੰਗਲ ਪੋਲ ਦੀ ਬਜਾਏ ਡਬਲ ਪੋਲ ਉੱਪਰ ਲਗਾਏ ਜਾਣ ਦੀ ਮੰਗ

7. ਕੰਡਿਆਲੀ ਤਾਰ ਤੋਂ ਪਾਰ ਦੇ ਕਿਸਾਨਾਂ ਨੂੰ ਖੇਤੀ ਲਈ ਮੁਫ਼ਤ ਅਤੇ ਤੁਰੰਤ ਪਹਿਲ ਦੇ ਆਧਾਰ ਤੇ AP ਬਿਜਲੀ ਕੁਨੈਕਸ਼ਨ ਦੇਣ ਅਤੇ ਜਮੀਨ ਦੀ ਮਾਲਕੀ ਕਿਸਾਨ ਦੇ ਨਾਮ ਹੋਣ ਦੀ ਸ਼ਰਤ ਹਟਾਉਣ ਦੀ ਮੰਗ,ਕੰਡਿਆਲੀ ਤਾਰ ਤੋਂ ਪਾਰ ਦੇ ਕਿਸਾਨਾਂ ਲਈ 11 ਕੇ ਵੀ ਲਾਇਨਾਂ ਵੱਖਰੀਆਂ ਕੱਢਣ ਦੀ ਮੰਗ ।

8. ਪਿਤਾ ਦੀ ਮੌਤ ਕਾਰਨ ਜ਼ਮੀਨ ਵੰਡਣ ਉਪਰੰਤ ਬਾਕੀ ਪਰਿਵਾਰਕ ਮੈਂਬਰਾਂ ਨੂੰ ਬਿਜਲੀ ਕੁਨੈਕਸ਼ਨ ਦੇਣ ਦੀ ਮੰਗ ।

9. ਅਬਾਦੀ ਵਾਲੀਆਂ ਥਾਵਾਂ ਉੱਪਰ ਦੀ ਲੰਘਦੀਆਂ ਹਾਈ ਵੋਲਟੇਜ ਤਾਰਾਂ ਨੂੰ ਇੱਕ ਪਾਸੇ ਕਰਨ ਦੀ ਕਾਰਵਾਈ ਸੁਖਾਲੀ ਕਰਨ ਅਤੇ ਮਾਲਕਾਂ ਤੋਂ ਪਾਸੇ ਕਰਨ ਲਈ ਪੈਸੇ ਵਸੂਲਣੇ ਬੰਦ ਕਰਨ ਦੀ ਮੰਗ,ਕੁਨੈਕਸ਼ਨ ਦੇਣ ਦੇ ਨਾਮ ਤੇ ਪ੍ਰਾਈਵੇਟ ਦਲਾਲਾਂ ਨਾਲ ਮਿਲ ਕੇ ਕਿਸਾਨਾਂ ਨਾਲ ਧੋਖਾ ਕਰਨ ਵਾਲਿਆਂ ਉੱਪਰ ਤੁਰੰਤ ਕਾਰਵਾਈ ਕਰਨ ਅਤੇ ਕਿਸਾਨਾਂ ਦੇ ਲੱਗੇ ਹੋਏ ਕੁਨੈਕਸ਼ਨਾ ਨੂੰ ਪੱਕਾ ਕਰਨ ਦੀ ਮੰਗ ।

10. ਅਨਸੀਲਡ ਟਰਾਂਸਫਾਰਮਰ ਤੁਰੰਤ ਕੁਨੈਕਸ਼ਨ ਰੈਗੂਲਰ ਕਰਨ ਦੀ ਮੰਗ,ਖੇਤ ਵਿੱਚੋ ਲੰਘਦੀਆਂ ਪੁਰਾਣੀਆਂ ਵੱਡੀਆਂ ਛੋਟੀਆਂ ਲਾਈਨਾਂ ਪਾਵਰ ਕੌਮ ਦੇ ਖਰਚ ਉੱਪਰ ਖੇਤ ਵਿੱਚੋ ਬਾਹਰ ਕੱਢਣ ਦੀ ਦੀ ਮੰਗ,ਖੇਤਾਂ ਦੇ ਵਿਚਕਾਰ ਲੱਗੇ ਟਰਾਂਸਫਾਰਮਰਾਂ ਪਾਵਰ ਕੌਮ ਦੇ ਖ਼ਰਚੇ ਉੱਪਰ ਖੇਤਾਂ ਵਿੱਚੋਂ ਬਾਹਰ ਕੱਢਣ ਦੀ ਮੰਗ ।

11. ਝੋਨੇ ਦੇ ਸੀਜ਼ਨ ਲਈ 10 ਘੰਟੇ ਰੋਜ਼ਾਨਾ ਬਿਜਲੀ ਦੇਣ ਅਤੇ ਉਸ ਨੂੰ ਕਣਕ ਦੀ ਬਿਜਾਈ ਤੱਕ ਜਾਰੀ ਰੱਖਣ ਦੀ ਮੰਗ,ਸੋਲਰ ਸਿਸਟਮ ਲਗਾਉਣ ਵਾਲੇ ਘਰੇਲੂ ਖੱਪਤਕਾਰਾਂ ਨੂੰ ਵੀ 600 ਯੂਨਿਟ ਵਾਲੀ ਸਕੀਮ ਤਹਿਤ ਲਾਭ ਦੇਣ ਦੀ ਮੰਗ ।

Exit mobile version