‘ਦ ਖ਼ਾਲਸ ਬਿਊਰੋ :- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਐੱਸਆਈਟੀ 8 ਨਵੰਬਰ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਬਲਾਤ ਕਾਰੀ ਅਤੇ ਕਾ ਤਲ ਡੇਰਾ ਸਿਰਸਾ ਮੁਖੀ ਰਾਮ ਰਹੀਮ ਤੋਂ ਪੁੱਛ ਪੜਤਾਲ ਕਰੇਗੀ। ਸੂਤਰਾਂ ਅਨੁਸਾਰ ਟੀਮ ਵੱਲੋਂ ਰਾਮ ਰਹੀਮ ਕੋਲੋਂ ਪੁੱਛੇ ਜਾਣ ਵਾਲੇ ਸਵਾਲਾਂ ਦੀ ਸੂਚੀ ਤਿਆਰ ਕਰ ਲਈ ਗਈ ਹੈ। ਰਾਮ ਰਹੀਮ ਤਿੰਨ ਵੱਖ-ਵੱਖ ਕੇਸਾਂ ਵਿੱਚ ਸਜ਼ਾ ਕੱਟ ਰਹੇ ਹਨ। ਚੇਤੇ ਕਰਾਇਆ ਜਾਂਦਾ ਹੈ ਕਿ ਇਸ ਤੋਂ ਪਹਿਲਾਂ ਵੀ ਰਾਮ ਰਹੀਮ ਕੋਲੋਂ ਐੱਸਆਈਟੀ ਪੁੱਛ ਪੜਤਾਲ ਕਰਨ ਲਈ ਗਈ ਸੀ ਪਰ ਜੇਲ੍ਹ ਅਧਿਕਾਰੀਆਂ ਨੇ ਵਾਪਸ ਮੋੜ ਦਿੱਤਾ। ਇਹ ਵੀ ਦੱਸਣਯੋਗ ਹੈ ਕਿ ਫਰੀਦਕੋਟ ਦੀ ਇੱਕ ਅਦਾਲਤ ਨੇ ਰਾਮ ਰਹੀਮ ਨੂੰ ਹਰਿਆਣਾ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਪੰਜਾਬ ਲਿਆਉਣ ਦੇ ਹੁਕਮ ਦਿੱਤੇ ਸਨ, ਜਿਸ ‘ਤੇ ਮੁਲਜ਼ਮ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਸਟੇਅ ਲੈ ਲਈ ਸੀ। ਇਸ ਵਾਰ ਟੀਮ ਨੂੰ ਜੇਲ੍ਹ ਅਧਿਕਾਰੀ ਰਾਮ ਰਹੀਮ ਤੋਂ ਪੁੱਛ ਪੜਤਾਲ ਕਰਨ ਦੀ ਇਜ਼ਾਜ਼ਤ ਦਿੰਦੇ ਹਨ ਜਾਂ ਨਹੀਂ, ਹਾਲ ਦੀ ਘੜੀ ਸਵਾਲ ਖੜਾ ਹੈ।