‘ਦ ਖ਼ਾਲਸ ਬਿਊਰੋ :- ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਐੱਸਆਈਟੀ ਨੇ ਹਾਈਕੋਰਟ ਵਿੱਚ ਅਪੀਲ ਕਰਦਿਆਂ ਬਲਾਤ ਕਾਰੀ ਅਤੇ ਕਾ ਤਲ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਹਿਰਾਸਤੀ ਇੰਟੈਰੋਗੇਸ਼ਨ ਦੀ ਇਜਾਜ਼ਤ ਮੰਗੀ ਹੈ ਦਿੱਤੀ ਅਤੇ ਡੇਰਾ ਮੁਖੀ ਵੱਲੋਂ ਪ੍ਰੋਡਕਸ਼ਨ ਵਾਰੰਟ ਰੱਦ ਕਰਨ ਦੀ ਅਰਜ਼ੀ ਖ਼ਾਰਜ ਕਰਨ ਦੀ ਮੰਗ ਕੀਤੀ ਹੈ। ਸੂਤਰਾਂ ਦੀ ਜਾਣਕਾਰੀ ਮੁਤਾਬਕ ਐੱਸਆਈਟੀ ਨੇ ਅੱਜ ਦਾਇਰ ਕੀਤੇ ਆਪਣੇ ਹਲਫ਼ੀਆ ਬਿਆਨ ਵਿੱਚ ਰੋਹਤਕ ਜੇਲ੍ਹ ਵਿੱਚ ਡੇਰਾ ਮੁਖੀ ਦੀ ਪੁੱਛਗਿੱਛ ਦਾ ਵੇਰਵਾ ਦਿੰਦਿਆਂ ਕਿਹਾ ਕਿ ਉਹ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਿਹਾ, ਇਸ ਲਈ ਉਸ ਦੀ ਕਸਟਡੀ ਜ਼ਰੂਰੀ ਹੈ।
ਬਟਾਲਾ ਦੇ ਐੱਸਐੱਸਪੀ ਮੁਖਵਿੰਦਰ ਸਿੰਘ ਭੁੱਲਰ ਰਾਹੀਂ ਦਾਇਰ ਕੀਤੇ ਗਏ ਇਸ ਹਲਫ਼ੀਆ ਬਿਆਨ ਵਿੱਚ ਕਿਹਾ ਗਿਆ ਹੈ ਕਿ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਐੱਸਆਈਟੀ ਨੇ ਜੇਲ੍ਹ ਵਿੱਚ ਡੇਰਾ ਮੁਖੀ ਤੋਂ ਪੁੱਛ-ਗਿੱਛ ਕੀਤੀ ਸੀ। ਰਾਮ ਰਹੀਮ ਨੇ ਸਵਾਲਾਂ ਦੇ ਜਵਾਬ ਤਾਂ ਦਿੱਤੇ ਪਰ ਅਸਲ ਜਾਂਚ ਵਿੱਚ ਉਸ ਨੇ ਸਹਿਯੋਗ ਨਹੀਂ ਦਿੱਤਾ ਕਿਉਂਕਿ ਉਸ ਦੇ ਜਵਾਬ ਅਸਲੀ ਤੱਥਾਂ ਤੋਂ ਟਾਲਾ ਵੱਟਣ ਵਾਲੇ ਸਨ ਅਤੇ ਉਹ ਬੇ ਅਦਬੀ ਦੇ ਜੁਰਮ ਮੌਕੇ ਆਪਣੇ ਆਲੇ-ਦੁਆਲੇ ਅਗਿਆਨਤਾ ਦਾ ਢੌਂਗ ਕਰਦਾ ਰਿਹਾ ਹੈ। ਇਸ ਲਈ ਡੇਰਾ ਮੁਖੀ ਦੀ ਪਟੀਸ਼ਨ ਰੱਦ ਕੀਤੀ ਜਾਵੇ ਕਿਉਂਕਿ 2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ ਅਦਬੀ ਦੇ ਹੋਏ ਜੁਰਮ ਦੀ ਪੂਰੀ ਸਾਜ਼ਿਸ਼ ਬੇਨਕਾਬ ਕਰਨ ਲਈ ਉਸ ਦੀ ਹਿਰਾਸਤੀ ਇੰਟੈਰੋਗੇਸ਼ਨ ਲਾਜ਼ਮੀ ਹੈ। ਐੱਸਆਈਟੀ ਨੇ ਆਪਣੇ ਇਸ ਹਲਫ਼ੀਆ ਬਿਆਨ ਦੇ ਨਾਲ ਡੇਰਾ ਮੁਖੀ ਨੂੰ ਪੁੱਛੇ ਗਏ ਸਵਾਲਾਂ ਅਤੇ ਉਸ ਵੱਲੋਂ ਦਿੱਤੇ ਗਏ ਜਵਾਬਾਂ ਦਾ ਪੂਰਾ ਵੇਰਵਾ ਵੀ ਨੱਥੀ ਕੀਤਾ ਹੈ।