‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਐੱਸਪੀਐੱਸ ਪਰਮਾਰ ਦੀ ਅਗਵਾਈ ਹੇਠ ਅੱਜ ਸਵੇਰੇ ਰਾਜਪੁਰਾ ਤੋਂ ਚਾਰ ਮੈਂਬਰੀ ਐੱਸਆਈਟੀ ਡੇਰਾ ਸਿਰਸਾ ਮੁਖੀ ਰਾਮ ਰਹੀਮ ਤੋਂ ਪੁੱਛਗਿੱਛ ਕਰਨ ਲਈ ਸੁਨਾਰੀਆ ਜੇਲ੍ਹ ਪਹੁੰਚੀ ਹੋਈ ਹੈ। ਐੱਸਆਈਟੀ ਵੱਲੋਂ ਰਾਮ ਰਹੀਮ ਤੋਂ ਪੁੱਛਗਿੱਛ ਸ਼ੁਰੂ ਕੀਤੀ ਗਈ ਹੈ। ਚਾਰ ਮੈਂਬਰੀ ਟੀਮ ਵੱਲੋਂ ਰਾਮ ਰਹੀਮ ਨੂੰ ਤਿੱਖੇ ਸਵਾਲ ਕੀਤੇ ਜਾ ਰਹੇ ਹਨ। SIT ਵਿੱਚ ਹੋਰ ਮੈਂਬਰ ਐਸ.ਐਸ.ਪੀ. ਬਟਾਲਾ ਮੁਖਵਿੰਦਰ ਸਿੰਘ ਭੁੱਲਰ, ਡੀ.ਐਸ.ਪੀ. ਲਖਵੀਰ ਸਿੰਘ, ਇੰਸਪੈਕਟਰ ਦਲਬੀਰ ਸਿੰਘ ਸ਼ਾਮਲ ਹਨ। ਇਸ ਤੋਂ ਇਲਾਵਾ ਟੀਮ ਦੀ ਸਹਾਇਤਾ ਲਈ ਥਾਣਾ ਬਾਜਾਖਾਨਾ ਦੇ ਐਸ.ਐਚ.ਓ. ਇਕਬਾਲ ਹੁਸੈਨ, ਐਸ.ਆਈ. ਹਰਪ੍ਰੀਤ ਸਿੰਘ ਤੇ ਐਸ.ਆਈ. ਰਾਜੇਸ਼ ਕਿੰਗ ਵੀ ਸ਼ਾਮਲ ਸਨ।
ਪਰਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਵਾਲਾਂ ਦੀ ਲਿਸਟ ਤਾਂ ਅਸੀਂ ਤਿਆਰ ਕੀਤੀ ਹੈ ਪਰ ਕਈ ਵਾਰ ਜਵਾਬਾਂ ਵਿੱਚੋਂ ਹੀ ਸਵਾਲ ਨਿਕਲ ਆਉਂਦੇ ਹਨ। ਇਹ ਜਵਾਬ ‘ਤੇ ਨਿਰਭਰ ਕਰਦਾ ਹੈ ਕਿ ਸਾਡੇ ਪਹਿਲੇ ਸਵਾਲ ਦੇ ਜਵਾਬ ਵਿੱਚ ਜਵਾਬ ਕੀ ਆਉਂਦਾ ਹੈ। ਇਹ ਪਹਿਲੀ ਵਾਰ ਹੋਵੇਗਾ ਕਿ ਬੇ ਅਦਬੀ ਦੇ ਮਾਮਲੇ ਵਿੱਚ ਮੁੱਖ ਦੋਸ਼ੀ ਪੁੱਛ ਪੜਤਾਲ ਵਿੱਚ ਸ਼ਾਮਿਲ ਹੋਵੇਗਾ। ਪੁੱਛਗਿੱਛ ਦੀ ਕੋਈ ਸਮਾਂ ਸੀਮਾ ਨਹੀਂ ਹੈ। ਜਾਣਕਾਰੀ ਮੁਤਾਬਿਕ ਵਿਸ਼ੇਸ਼ ਜਾਂਚ ਟੀਮ ਨੇ ਡੇਰਾ ਮੁਖੀ ਤੋਂ ਪੁੱਛ ਪੜਤਾਲ ਕਰਨ ਲਈ ਆਪਣੀ ਕਾਰਵਾਈ ਮੁਕੰਮਲ ਕਰ ਲਈ ਹੈ ਅਤੇ ਉਸ ਨੇ 200 ਸਵਾਲਾਂ ਦੀ ਸੂਚੀ ਵੀ ਤਿਆਰ ਕੀਤੀ ਹੈ, ਜੋ ਡੇਰਾ ਮੁਖੀ ਤੋਂ ਪੁੱਛੇ ਜਾਣੇ ਹਨ।