ਬਿਊਰੋ ਰਿਪੋਰਟ : 6 ਸਾਲ ਦੇ ਰੌਲੇ ਤੋਂ ਬਾਅਦ ਹਾਈਕੋਰਟ ਵੱਲੋਂ ਡਰੱਗ ਮਾਮਲੇ ਵਿੱਚ ਖੋਲੀ ਗਈ 3 SIT ਦੀ ਰਿਪੋਰਟ ਵਿੱਚ ਕੁਝ ਖਾਸ ਨਹੀਂ ਨਿਕਲਿਆ ਹੈ,ਸਿਰਫ਼ ਕੁਝ ਅਧਿਕਾਰੀਆਂ ਦੇ ਨਾਂ ਲੈਕੇ ਉਨ੍ਹਾਂ ਦੀ ਜਾਇਦਾਦ ਦੀ ਜਾਂਚ ਦੀ ਸਿਫਾਰਿਸ਼ ਕੀਤੀ ਗਈ ਹੈ। SIT ਨੇ ਡਰੱਗ ਮਾਮਲੇ ਵਿੱਚ ਬਰਖਾਸਤ ਇੰਸਪੈਕਟਰ ਇੰਦਰਜੀਤ ਸਿੰਘ ਅਤੇ ਮੋਗਾ ਦੇ ਸਾਬਕਾ ਐੱਸਐੱਸੀਪ ਰਾਜਜੀਤ ਦੇ ਸਬੰਧਾਂ ਦੀ ਜਾਂਚ ਕੀਤੀ । ਇਸ ਵਿੱਚ ਦੱਸਿਆ ਗਿਆ ਹੈ ਕਿ ਐੱਸਐੱਸਪੀ ਰਾਜਜੀਤ ਦੇ ਸਬੰਧ ਸਮੱਗਲਰਾਂ ਦੇ ਨਾਲ ਨਹੀਂ ਹਨ। ਜਲੰਧਰ ਦੇ ਮੰਨੇ–ਪਰਮੰਨੇ ਬਿਜਨੈਸਮੈਨ ਨੂੰ ਵੀ ਕਲੀਨ ਚਿੱਟ ਦਿੱਤੀ ਗਈ ਹੈ। SIT ਦੇ ਕਹਿਣ ‘ਤੇ ਇਨਕਮ ਟੈਕਸ ਵਿਭਾਗ ਨੇ ਵੀ ਜਾਂਚ ਕੀਤੀ ਸੀ । SIT ਦੀ ਰਿਪੋਰਟ ਵਿੱਚ ਪੁਲਿਸ ਅਧਿਕਾਰੀਆਂ ਦੇ ਨਾਲ ਪੈਸੇ ਅਤੇ ਜਾਇਦਾਦ ਦੇ ਲੈਣ-ਦੇਣ ਦੇ ਕੋਈ ਸਬੂਤ ਨਹੀਂ ਮਿਲੇ ਹਨ। ਇਸ ਤੋਂ ਇਲਾਵਾ ਜਾਂਚ ਰਿਪੋਰਟ ਵਿੱਚ ਕਿਸੇ ਵੀ ਵੱਡੇ ਸਮੱਗਲਰ ਦਾ ਨਾਂ ਨਹੀਂ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2012 ਦੇ ਬਾਅਦ ਸਾਬਕਾ SSP ਦੀ ਜਾਇਦਾਦ ਵਧੀ ਹੈ ਅਤੇ ਜਾਂਚ ਦੇ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਹ ਪ੍ਰਾਪਰਟੀ ਉਨ੍ਹਾਂ ਨੂੰ ਪਰਿਵਾਰ ਦੇ ਮੈਂਬਰਾਂ ਵੱਲੋਂ ਗਿਫਟ ਕੀਤੀ ਗਈ ਹੈ। SIT ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਜਾਇਦਾਦ ਨੂੰ ਲੈਕੇ ਅੱਗੇ ਦੀ ਜਾਂਚ ਹੋ ਸਕਦੀ ਹੈ । ਪਰ ਹੈਰਾਨੀ ਦੀ ਗੱਲ ਇਹ ਹੈ ਕਿ SIT ਸਿਰਫ਼ 1 ਪੁਆਇੰਟ ਤੇ ਹੀ ਜਾਂਚ ਕਰਦੀ ਰਹੀ ਜਦਕਿ 3 ਹੋਰ ਵਿਸ਼ੇ ਤੇ ਕੋਈ ਜਵਾਬ ਨਹੀਂ ਦਿੱਤਾ ।
2 ਹੋਰ ਪੁਆਇੰਟ ਤੇ ਚੁੱਪ SIT
ਹਾਈਕੋਰਟ ਨੇ ਰਾਜਦੀਪ ਅਤੇ ਇੰਦਰਜੀਤ ਦੇ ਸਬੰਧਾਂ ਬਾਰੇ ਜਾਂਚ ਕਰਨ ਨੂੰ ਕਿਹਾ ਸੀ ਪਰ ਨਾਲ ਇਸ ਗੱਲ ਦੀ ਜਾਂਚ ਕਰਨ ਨੂੰ ਕਿਹਾ ਸੀ ਕਿ ਪਾਕਿਸਤਾਨ ਤੋਂ ਆ ਰਿਹਾ ਡਰੱਗ ਕਿੱਥੇ ਪਲਾਂਟ ਹੋ ਰਿਹਾ ਹੈ,ਫਾਰੈਂਸਿਕ ਲੈੱਬ ਵਿੱਚ ਡਰੱਗ ਦੇ ਸੈਂਪਲ ਕਿਵੇਂ ਫੇਲ੍ਹ ਹੋ ਰਹੇ ਹਨ । ਕਿਉਂਕਿ ਇੰਸਪੈਕਟਰ ਇੰਦਰਜੀਤ ਜਿਹੜੇ ਡਰੱਗ ਸਮੱਗਲਰਾਂ ਨੂੰ ਫੜ ਦਾ ਸੀ ਉਨ੍ਹਾਂ ਦੇ ਸੈਂਪਲ ਫੇਲ੍ਹ ਹੋ ਜਾਂਦੇ ਸਨ ਅਤੇ ਉਹ ਛੁੱਟ ਜਾਂਦੇ ਸਨ। SIT ਨੇ ਆਪਣੀ ਰਿਪੋਰਟ ਵਿੱਚ ਇਸ ਬਾਰੇ ਕੋਈ ਜ਼ਿਕਰ ਹੀ ਨਹੀਂ ਕੀਤਾ ।
ਇੰਸਪੈਕਟਰ ਇੰਦਰਜੀਤ ‘ਤੇ ਅਫਸਰ ਮੇਹਰਬਾਨ ਰਹੇ
ਜਾਂਚ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇੰਸਪੈਕਟਰ ਇੰਦਰਜੀਤ ਸਿੰਘ 1993 ਤੋਂ ਲੈਕੇ 2017 ਤੱਕ CIA ਸਟਾਫ ਇੰਚਾਰਜ ਤੋਂ ਇਲਾਵਾ ਜ਼ਿਲ੍ਹੇ ਵਿੱਚ SHO ਤੱਕ ਤਾਇਨਾਤ ਰਿਹਾ, ਉਸ ਦੀ ਪ੍ਰਮੋਸ਼ਨ ਨੂੰ ਲੈਕੇ ਆਲਾ ਅਫਸਰਾਂ ਦੀ ਮੇਹਰਬਾਨੀ ਦਾ ਜ਼ਿਕਰ ਕੀਤਾ ਗਿਆ ਹੈ, ਜਾਂਚ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਸ ਦੀ ਪੋਸਟਿੰਗ ਅਤੇ ਸਮੇਂ-ਸਮੇਂ ‘ਤੇ ਹੁੰਦੀ ਰਹੀ ਹੈ ਅਤੇ ਆਉਟ ਆਫ ਟਰਨ ਪ੍ਰਮੋਸ਼ਨ ਦੀ ਵੀ ਜਾਂਚ ਹੋਣੀ ਚਾਹੀਦੀ ਹੈ । 30 ਪੇਜਾਂ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਡਿਸਮਿਸ ਇੰਸਪੈਕਟਰ ਇੰਦਰਜੀਤ ਦੀ ਜਾਇਦਾਦ ਦੀ ਜਾਂਚ ਹੋਣੀ ਚਾਹੀਦੀ ਹੈ।
ਚਟੋਉਪਾਦਿਆਏ ਦੀ ਅਗਵਾਈ ਵਿੱਚ ਬਣੀ ਸੀ SIT
ਡਰੱਗ ਰੈਕਟ ਵਿੱਚ ਫਸੇ ਪੁਲਿਸ ਅਧਿਕਾਰੀਆਂ ਦੇ ਖਿਲਾਫ਼ ਹਾਈਕੋਰਟ ਨੇ 15 ਦਸੰਬਰ 2017 ਨੂੰ ਤਿੰਨ ਮੈਂਬਰੀ SIT ਦਾ ਗਠਨ ਕੀਤਾ ਸੀ ।ਇਸ ਵਿੱਚ ਤਤਕਾਲੀ ਡੀਜੀਪੀ (HRD) ਸਿਧਾਰਥ ਚਟੋਉਪਾਦਿਆਏ,ADGP ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਪ੍ਰਬੋਧ ਕੁਮਾਰ,IG STF ਕੁੰਵਰ ਵਿਜੇ ਪ੍ਰਤਾਪ ਸ਼ਾਮਲ ਸਨ । SIT ਨੇ ਆਪਣੀ ਰਿਪੋਰਟ ਸਿੱਧੇ ਹਾਈਕੋਰਟ ਨੂੰ ਸੌਂਪੀ, ਇਹ ਰਿਪੋਰਟ 1 ਫਰਵਰੀ 2018,15 ਮਾਰਚ 2018, 8 ਮਈ 2018 ਨੂੰ ਸੀਲਬੰਦ ਲਿਫਾਫੇ ਵਿੱਚ ਸੌਂਪੀ ਗਈ । ਇਸ ਤੋਂ ਇਲਾਵਾ ਸਿਧਾਰਥ ਚਟੋਉਪਾਦਿਆਏ ਨੇ ਵਖਰੀ ਰਿਪੋਰਟ ਵੀ ਸਿੱਧੇ ਹਾਈਕੋਰਟ ਨੂੰ ਸੌਂਪੀ ਸੀ ਉਸ ਵਿੱਚ ਐੱਸਆਈਟੀ ਦੇ 2 ਮੈਂਬਰਾਂ ਦੇ ਹਸਤਾਖਰ ਨਹੀਂ ਸਨ । ਚੌਥੀ ਰਿਪੋਰਟ ਹਾਈਕੋਰਟ ਨੇ ਸਾਬਕਾ ਡੀਜੀਪੀ ਸੁਰੇਸ਼ ਅਰੋੜਾ ਦੇ ਇਤਰਾਜ਼ ਦੀ ਵਜ੍ਹਾ ਕਰਕੇ ਖੋਲੀ ਨਹੀਂ ਹੈ । ਸੁਰੇਸ਼ ਅਰੋੜਾ ਨੇ ਕਿਹਾ ਸੀ ਇਸ ਰਿਪੋਰਟ ਵਿੱਚ ਚਟੋਉਪਾਦਿਆਏ ਨੇ ਉਨ੍ਹਾਂ ਦਾ ਅਤੇ ਡੀਜੀਪੀ ਦਿਨਕਰ ਗੁਪਤਾ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ । ਇਸੇ ਲਈ ਅਦਾਲਤ ਨੇ ਦਿਨਕਰ ਗੁਪਤਾ ਅਤੇ ਚਟੋਉਪਾਦਿਆਏ ਦੋਵਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਸੀ ।
ਕੀ ਹੈ ਪੂਰਾ ਮਾਮਲਾ
ਇਹ ਮਾਮਲਾ ਇੰਸਪੈਕਟਰ ਇੰਦਰਜੀਤ ਨਾਲ ਜੁੜਿਆ ਹੈ ਜੂਨ 2017 ਵਿੱਚ 4 ਕਿਲੋ ਹੈਰੋਈਨ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ ਉਨ੍ਹਾਂ ਦੇ ਘਰ ਦੀ ਤਲਾਸ਼ੀ ਦੌਰਾਨ ਪੁਲਿਸ ਨੂੰ AK- 47, ਇੱਕ ਇਟਾਲੀਅਨ ਪਿਸਟਲ ਅਤੇ 16 ਲੱਖ ਕੈਸ਼ ਬ੍ਰਿਟਿਸ਼ ਕਰੰਸੀ ਮਿਲੀ ਸੀ ਅਤੇ ਕਰੋੜਾਂ ਦੀ ਜਾਇਦਾਦ ਦੇ ਪੇਪਰ ਵੀ ਮਿਲੇ ਸਨ । ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਇੰਸਪੈਕਟਰ ਇੰਦਰਜੀਤ ਦੇ ਡਰੱਗ ਸਮੱਗਲਰਾਂ ਦੇ ਨਾਲ ਸਬੰਧ ਹਨ । ਇੰਸਪੈਕਟ ਇੰਦਰਜੀਤ ਪ੍ਰਾਪਰਟੀ ਇਹ ਕਹਿਕੇ ਕਬਜ਼ਾ ਕਰ ਲੈਂਦਾ ਸੀ ਕਿ ਡਰੱਗ ਦੇ ਪੈਸੇ ਨਾਲ ਬਣੀ ਹੈ । ਪ੍ਰਾਪਰਟੀ ਨੂੰ ਸਮੱਗਲਰਾਂ ਦੇ ਰਿਸ਼ਤੇਦਾਰਾਂ ਦੇ ਨਾਂ ‘ਤੇ ਟਰਾਂਸਫਰ ਕਰਕੇ ਫਿਰ ਵੇਚ ਦਿੰਦਾ ਸੀ। STF ਨੇ ਜਾਂਚ ਦਾ ਦਾਇਰਾ ਵਧਾਇਆ ਤਾਂ ਇੰਸਪੈਕਟਰ ਇੰਦਰਜੀਤ ਦੇ ਕਈ ਸਮੱਗਲਰਾਂ ਦੇ ਨਾਲ ਸਬੰਧ ਸਾਹਮਣੇ ਆਏ ।