‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅੱਜ ਬੀਜੇਪੀ ਵਿੱਚ ਸ਼ਾਮਿਲ ਹੋ ਗਏ ਹਨ। ਸਿਰਸਾ ਦੋ ਕੇਂਦਰੀ ਮੰਤਰੀਆਂ ਤੇ ਭਾਜਪਾ ਦੇ ਪੰਜਾਬ ਇੰਚਾਰਜ ਦੀ ਹਾਜ਼ਰੀ ਵਿਚ ਭਾਜਪਾ ਵਿਚ ਸ਼ਾਮਲ ਹੋਏ ਹਨ। ਕੇਂਦਰ ਸਰਕਾਰ ਦੇ ਮੰਤਰੀ ਤੇ ਭਾਜਪਾ ਦੇ ਪੰਜਾਬ ਦੇ ਇੰਚਾਰਜ ਗਰੇਂਜਰ ਸ਼ੇਖਾਵਤ ਤੇ ਧਰਮੇਂਦਰ ਪ੍ਰਧਾਨ ਤੇ ਦੁਸ਼ਯੰਤ ਗੌਤਮ ਵੀ ਮੌਜੂਦ ਸਨ।
ਸਿਰਸਾ ਨੇ ਕਿਹਾ ਕਿ DSGMC ਜ਼ਰੀਏ ਪੰਥ ਅਤੇ ਦੇਸ਼ ਦੀ ਸੇਵਾ ਕੀਤੀ। ਮੈਂ ਬੀਜੇਪੀ ਵਿੱਚ ਇਸ ਲਈ ਸ਼ਾਮਿਲ ਹੋਇਆ ਹਾਂ ਕਿਉਂਕਿ ਬੀਜੇਪੀ ਨੇ ਹਮੇਸ਼ਾ ਹੀ ਸਿੱਖ ਮੁੱਦਿਆਂ ਉੱਤੇ ਆਪਣੀ ਆਵਾਜ਼ ਨੂੰ ਬੁਲੰਦ ਰੱਖਿਆ ਹੈ। ਸਿਰਸਾ ਨੇ ਕਿਹਾ ਕਿ ਮੈਂ ਜਦੋਂ ਗ੍ਰਹਿ ਮੰਤਰੀ ਨਾਲ ਸਿੱਖਾਂ ਦੇ ਮੁੱਦਿਆਂ ‘ਤੇ ਗੱਲ਼ਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਅਸੀਂ ਸਾਰੇ ਮਸਲੇ ਹੱਲ ਕਰਵਾਉਣਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਦੇਸ਼ ਦੀ ਗੌਰਵਮਈ ਕੌਮ ਸਿੱਖ ਕੌਮ ਦਾ ਹਰ ਮਸਲਾ ਹੱਲ ਕੀਤਾ ਜਾਵੇ। ਮੈਂ ਆਪਣੀ ਕੌਮ ਦੀ ਗੱਲ਼ ਕਰਨ ਵਾਸਤੇ ਬੀਜੇਪੀ ਵਿੱਚ ਸ਼ਾਮਿਲ ਹੋ ਰਿਹਾ ਹਾਂ। ਸਿਰਸਾ ਨੇ ਕਿਹਾ ਕਿ ਮੈਂ ਸਿੱਖ ਕੌਮ ਨਾਲ ਜੁੜੇ 70 ਸਾਲਾਂ ਤੋਂ ਜੋ ਮਸਲੇ ਹਨ, ਉਹ ਬਹੁਤ ਜਲਦੀ ਆਉਣ ਵਾਲੇ ਕੁੱਝ ਦਿਨਾਂ ਵਿੱਚ ਹੱਲ ਹੋਣਗੇ। ਪਹਿਲਾਂ ਵੀ ਸਿੱਖਾਂ ਦੇ ਮਸਲੇ ਚੁੱਕੇ ਹਨ ਅਤੇ ਹੁਣ ਵੀ ਚੁੱਕਾਂਗੇ। ਸਿਰਸਾ ਨੇ ਕਿਹਾ ਕਿ ਕਿਸਾਨਾਂ ਦਾ ਹਰ ਮਸਲਾ ਹੱਲ ਹੋਣਾ ਚਾਹੀਦਾ ਹੈ।