The Khalas Tv Blog India ਜਿੱਤ ਮਗਰੋਂ ਵਿਵਾਦਾਂ ‘ਚ ਸਿਰਸਾ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਵਿੱਚੇ ਹੀ
India Punjab Religion

ਜਿੱਤ ਮਗਰੋਂ ਵਿਵਾਦਾਂ ‘ਚ ਸਿਰਸਾ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਵਿੱਚੇ ਹੀ

ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਦੇ ਰਾਜੌਰੀ ਗਾਰਡਨ ਤੋਂ ਜਿੱਤ ਹਾਸਿਲ ਕੀਤੀ ਹੈ ਤਾਂ ਨਾਲ ਹੀ ਵਿਵਾਦ ਵੀ ਛਿੜ ਚੁੱਕੇ ਹਨ।  ਲੰਘੇ ਕੱਲ੍ਹ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਤੋਂ ਕੁਝ ਫੋਟੋਆਂ ਸਾਂਝੀਆਂ ਕੀਤੀਆਂ ਜਿਥੇ ਜਾਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਿਰਸਾ ਨੂੰ ਸਿਰੋਪਾ ਭੇਟ ਕਰ ਰਹੇ ਹਨ। ਇਸੇ ਨੂੰ ਲੈ ਕੇ ਮਸਲਾ ਖੜ੍ਹਾ ਹੋ ਗਿਆ ਹੈ। ਦਰਅਸਲ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਇੱਕ ਬਿਆਨ ਜਾਰੀ ਕੀਤਾ ਹੈ।

ਜਿਸ ਵਿਚ ਉਹਨਾਂ ਗੁਰਬਾਣੀ ਦੀਆਂ ਪੰਕਤੀਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਦੋਂ ਗਿਆਨੀ ਹਰਪ੍ਰੀਤ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਨ ਤਾਂ ਉਹਨਾਂ ਮਨਜਿੰਦਰ ਸਿੰਘ ਸਿਰਸਾ ਨੂੰ ਦਾੜ੍ਹੀ ਨਾ ਰੰਗਣ ਦਾ ਆਦੇਸ਼ ਦਿੱਤਾ ਸੀ ਪਰ ਮਨਜਿੰਦਰ ਸਿੰਘ ਸਿਰਸਾ ਨੇ ਇਸ ਆਦੇਸ਼ ਨੂੰ ਟਿੱਚ ਜਾਣਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉਲਟ ਜਾਂਦੇ ਹੋਏ ਦਾੜ੍ਹੀ ਰੰਗਣੀ ਅੱਜ ਤੱਕ ਜਾਰੀ ਰੱਖੀ ਹੋਈ ਹੈ। ਜਦੋਂ ਦੋ ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਕਾਲੀ ਸਰਕਾਰਾਂ ਦੌਰਾਨ ਕੈਬਨਿਟ ਰੈਂਕ ਤੇ ਰਹੇ ਸਾਰੇ ਆਗੂਆਂ ਨੂੰ ਤਲਬ ਕੀਤਾ ਗਿਆ ਤਾਂ ਮਨਜਿੰਦਰ ਸਿਰਸਾ ਨੂੰ ਦਾੜ੍ਹੀ ਰੰਗਣ ਕਾਰਨ ਉੱਥੋਂ ਬਾਹਰ ਕੱਢ ਦਿੱਤਾ ਗਿਆ ਕਿ ਕੁਰਹਿਤੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਨਹੀ ਆ ਸਕਦਾ ਉਸਦੇ ਬਾਰੇ ਬਾਅਦ ਵਿੱਚ ਫੈਸਲਾ ਹੋਵੇਗਾ।

ਉਸ ਵੇਲੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ਸੀਲ ਤੇ ਗਿਆਨੀ ਹਰਪ੍ਰੀਤ ਸਿੰਘ ਹਾਜ਼ਰ ਸਨ ਪਰ ਉਹ ਫੈਸਲਾ ਅੱਜ ਤੱਕ ਕੌਮ ਨੂੰ ਪਤਾ ਨਹੀਂ ਲੱਗਿਆ ਕਿ ਸਿਰਸੇ ਨੂੰ ਕੀ ਸਜ਼ਾ ਲਗਾਈ ਗਈ ਪਰ ਹੁਣ ਮਨਜਿੰਦਰ ਸਿਰਸੇ ਦੀਆਂ ਗਿਆਨੀ ਹਰਪ੍ਰੀਤ ਸਿੰਘ ਨਾਲ ਜੋ ਤਸਵੀਰਾਂ ਨਸ਼ਰ ਹੋਈਆਂ ਹਨ ਜਿਸ ਵਿੱਚ ਇਹ ਸਿਰਸੇ ਨੂੰ ਸਿਰਪਾਓ ਦੇ ਕੇ ਪਿੱਠ ਥਾਪੜ ਰਹੇ ਹਨ। ਇਸ ਲਈ ਸਵਾਲ ਉੱਠਦਾ ਹੈ ਕਿ ਇੱਕ ਕੁਰਹਿਤੀਏ ਦੀ ਪਿੱਠ ਥਾਪੜ ਕੇ ਤੇ ਸਿਰਪਾਓ ਦੇ ਕੇ ਗਿਆਨੀ ਹਰਪ੍ਰੀਤ ਸਿੰਘ ਕੀ ਸਾਬਤ ਕਰਨਾ ਚਾਹੁੰਦੇ ਹਨ ?

 

ਸਰਨਾ ਨੇ ਕਿਹਾ ਕਿ ਜਦੋਂ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਕੁਰਹਿਤੀਆ ਦੀ ਪਿੱਠ ਥਾਪੜਨਗੇ ਫੇਰ ਕੌਮ ਦੀ ਨਵੀਂ ਪੀੜ੍ਹੀ ਤੇ ਇਸਦਾ ਕੀ ਅਸਰ ਪਵੇਗਾ ? ਕੀ ਇਹ ਮਨਮਤਾਂ ਤੇ ਕੁਰਹਿਤਾਂ ਨੂੰ ਉਤਸ਼ਾਹਿਤ ਕਰਨ ਵਾਲੀ ਗੱਲ ਨਹੀਂ ? ਜਾਂ ਫਿਰ ਜੋ ਗਿਆਨੀ ਹਰਪ੍ਰੀਤ ਸਿੰਘ ਨੇ ਜੋ ਪਹਿਲਾਂ ਬਿਆਨ ਦਿੱਤਾ ਸੀ ਕਿ ‘ਸਾਡੀ ਦਿੱਲੀ ਨਾਲ ਯਾਰੀ ਹੈ’ ਹੁਣ ਉਹ ਆਪਣੀ ਦਿੱਲੀ ਨਾਲ ਯਾਰੀ ਪੁਗਾ ਰਹੇ ਹਨ ? ਜੋ ਕਿ ਸਿੱਖ ਕੌਮ ਲਈ ਬਹੁਤ ਹੀ ਨਮੋਸ਼ੀ ਵਾਲੀ ਗੱਲ ਹੈ। ਅੱਜ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਹਨ ਜੋ ਦਾੜ੍ਹੀ ਰੰਗਣ ਵਾਲਿਆਂ ਨੂੰ  ਸਿੱਖ ਸੰਸਥਾਵਾਂ ਨੂੰ ਬਰਬਾਦ ਕਰਨ ਵਾਲੇ ਨੂੰ ਸਿਰਪਾਓ ਤੇ ਥਾਪੜੇ ਦੇ ਕੇ ਕੌਮ ਨੂੰ ਨਮੋਸ਼ੀ ਦਵਾ ਰਹੇ ਹਨ ਤੇ ਤਖਤ ਸਾਹਿਬਨਾ ਦੇ ਜਥੇਦਾਰਾਂ ਦੇ ਰੁਤਬੇ ਨੂੰ ਢਾਹ ਲਗਾ ਰਹੇ ਹਨ। ਖੈਰ ਖਬਰ ਲਿਖੇ ਜਾਣ ਤੱਕ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਾਂ ਖੁਦ ਮਨਜਿੰਦਰ ਸਿੰਘ ਸਿਰਸਾ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ।

ਇਸ ਦੇ ਨਾਲ ਹੀ ਸਾਬਕਾ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਜੋ ਬਾਅਦ ਦੇ ਵਿੱਚੋਂ ਉਹਨਾਂ ਨੇ ਆਪਣੇ ਖਾਤੇ ਤੋਂ ਹਟਾ ਦਿੱਤੀ। ਉਸ ਪੋਸਟ ‘ਚ ਉਹਨਾਂ ਨੇ ਮਨਜਿੰਦਰ ਸਿੰਘ ਸਿਰਸਾ ਅਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਉਹੀ ਫੋਟੋ ਸਾਂਝੀ ਕਰਦੇ ਹੋਏ ਕਿਹਾ ਕਿ ਇਹ ਮੇਰਾ ਛੋਟਾ ਵੀਰ ਮਨਜਿੰਦਰ ਸਿੰਘ ਸਿਰਸਾ ਹੈ ਜੋ ਰਾਜੌਰੀ ਗਾਰਡਨ ਤੋਂ ਵਿਧਾਨ ਸਭਾ ਚੋਣ ਜਿੱਤੇ ਨੇ ਤੇ ਇਹਨਾਂ ਨੂੰ ਚੋਣ ਜਿੱਤਣ ਦੀ ਵਧਾਈਆਂ।

ਨਾਲ ਉਹਨਾਂ ਨੇ ਲਿਖਿਆ ਕਿ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਾਹਿਬਾਨਾਂ ਵੱਲੋਂ ਕੀਤੀ ਗਈ ਕਾਰਵਾਈ ਤੇ ਸੁਣਾਏ ਗਏ ਆਦੇਸ਼ ਚ ਮਨਜਿੰਦਰ ਸਿੰਘ ਸਿਰਸਾ, ਬਲਵੰਤ ਸਿੰਘ ਰਾਮੂਵਾਲੀਆ ਤੇ ਮਨਪ੍ਰੀਤ ਸਿੰਘ ਨੂੰ ਵੀ ਦੋਸ਼ੀ ਕਰਾਰ ਦਿੱਤਾ ਗਿਆ ਸੀ। ਪਰ ਸਿੰਘ ਸਾਹਿਬਾਨ ਵੱਲੋਂ ਕਿਹਾ ਗਿਆ ਸੀ ਕਿ ਮਰਿਆਦਾ ਕਾਰਨ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਇਹਨਾਂ ਤੇ ਕਾਰਵਾਈ ਨਹੀਂ ਹੋ ਸਕਦੀ। ਪਰ ਵੱਖਰੇ ਤੌਰ ਤੇ ਆਦੇਸ਼ ਜਾਰੀ ਕੀਤਾ ਜਾਏਗਾ।

ਉਹਨਾਂ ਅੱਗੇ ਲਿਖਿਆ ਕਿ ਵੱਖਰਾ ਆਦੇਸ਼ ਤਾਂ ਭਾਵੇਂ ਅੱਜ ਤੱਕ ਜਾਰੀ ਨਹੀਂ ਕੀਤਾ ਗਿਆ ਪਰ ਮਨਜਿੰਦਰ ਸਿਰਸਾ ਨੂੰ ਦੋਸ਼ ਮੁਕਤ ਵੀ ਨਹੀਂ ਕੀਤਾ ਗਿਆ। ਨਾਲ ਉਹਨਾਂ ਲਿਖਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਗਿਆਨੀ ਹਰਪ੍ਰੀਤ ਸਿੰਘ ਤੇ ਬਾਕੀ ਸਿੰਘ ਸਾਹਿਬਾਨ ਵੱਲੋਂ ਦੋਸ਼ੀ ਕਰਾਰ ਦਿੱਤੇ ਗਏ ਸਿੱਖ ਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਜਾਤੀ ਤੌਰ ਤੇ ਮਿਲਣਾ, ਸਰੋਪਾ ਤੇ ਲੋਈ ਪਾ ਕੇ ਸਨਮਾਨਿਤ ਕਰਨਾ, ਕੀ ਮਰਿਆਦਾ ਦੀ ਉਲੰਘਣਾ ਨਹੀਂ ਹੈ? ਤੇ ਜੇ ਉਲੰਘਣਾ ਹੈ ਤਾਂ ਮਰਿਆਦਾ ਅਨੁਸਾਰ ਕਾਰਵਾਈ ਕੌਣ ਕਰੇਗਾ? ਗੰਭੀਰ ਸਵਾਲ ਹੈ ਪਰ ਕੌਮ ਨੂੰ ਜਵਾਬ ਚਾਹੀਦਾ ਹੈ।

Exit mobile version