‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਿੰਘੂ ਬਾਰਡਰ ‘ਤੇ ਬੀਤੇ ਦਿਨੀ ਵਾਪਰੀ ਘਟਨਾ ਦੇ ਮਾਮਲੇ ਵਿੱਚ ਪੁਲਿਸ ਨੇ ਅੱਜ ਨਰਾਇਣ ਸਿੰਘ, ਭਗਵੰਤ ਸਿੰਘ ਅਤੇ ਗੋਵਿੰਦ ਸਿੰਘ ਨੂੰ ਸੋਨੀਪਤ ਕੋਰਟ ਵਿੱਚ ਪੇਸ਼ ਕੀਤਾ। ਸੋਨੀਪਤ ਕੋਰਟ ਨੇ ਨਰਾਇਣ ਸਿੰਘ, ਭਗਵੰਤ ਸਿੰਘ ਅਤੇ ਗੋਵਿੰਦ ਪ੍ਰੀਤ ਸਿੰਘ ਨੂੰ 6 ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਗੌਰਤਲਬ ਹੈ ਕਿ ਹੁਣ ਤੱਕ ਇਸ ਮਾਮਲੇ ਵਿੱਚ ਚਾਰ ਨਿਹੰਗ ਸਿੰਘ ਆਤਮ ਸਮਰਪਣ ਕਰ ਚੁੱਕੇ ਹਨ। ਸਰਬਜੀਤ ਸਿੰਘ ਨੂੰ ਪਹਿਲਾਂ ਹੀ ਪੁਲਿਸ 7 ਦਿਨ ਦੇ ਰਿਮਾਂਡ ‘ਤੇ ਲੈ ਚੁੱਕੀ ਹੈ।
ਸਿੰਘੂ ਬਾਰਡਰ ‘ਤੇ ਤਰਨਤਾਰਨ ਦੇ ਚੀਮਾ ਪਿੰਡ ਦੇ ਵਸਨੀਕ ਲਖਬੀਰ ਸਿੰਘ ਦੇ ਕਤਲ ਦੇ ਸਬੰਧ ਵਿੱਚ ਚਾਰ ਨਿਹੰਗਾਂ ਨੇ ਆਤਮ ਸਮਰਪਣ ਕੀਤਾ ਹੈ। ਸ਼ਨੀਵਾਰ ਸ਼ਾਮ ਨੂੰ ਭਗਵੰਤ ਸਿੰਘ ਅਤੇ ਗੋਬਿੰਦ ਸਿੰਘ ਨਾਂ ਦੇ ਦੋ ਨਿਹੰਗਾਂ ਨੇ ਕੁੰਡਲੀ ਬਾਰਡਰ ‘ਤੇ ਪੁਲਿਸ ਦੇ ਸਾਹਮਣੇ ਆਤਮ ਸਮਰਪਣ ਕੀਤਾ। ਨਾਰਾਇਣ ਸਿੰਘ ਨੂੰ ਆਤਮ ਸਮਰਪਣ ਕਰਨ ਤੋਂ ਬਾਅਦ ਅੰਮ੍ਰਿਤਸਰ ਦੇ ਦੇਵੀਦਾਸ ਪੁਰਾ ਗੁਰਦੁਆਰੇ ਦੇ ਬਾਹਰੋਂ ਹਿਰਾਸਤ ਵਿੱਚ ਲੈ ਲਿਆ ਗਿਆ ਸੀ।
ਬੀਤੇ ਦਿਨ ਆਤਮ ਸਮਰਪਣ ਦੌਰਾਨ ਇਸ ਮਾਮਲੇ ਵਿੱਚ ਨਿਹੰਗ ਨਰਾਇਣ ਸਿੰਘ ਨੇ ਕਿਹਾ, ‘ਲਖਬੀਰ ਸਿੰਘ ਨੇ ਗੁਰੂ ਜੀ ਦਾ ਅਪਮਾਨ ਕੀਤਾ ਸੀ, ਇਸ ਲਈ ਉਨ੍ਹਾਂ ਨੇ ਜੋ ਕੀਤਾ, ਸਹੀ ਕੀਤਾ। ਜੇ ਸਰਬਜੀਤ ਸਿੰਘ ਦੋਸ਼ੀ ਹੈ ਤਾਂ ਮੈਂ ਵੀ ਦੋਸ਼ੀ ਹਾਂ। ਮੈਂ ਵੀ ਸਰਬਜੀਤ ਸਿੰਘ ਦਾ ਬਰਾਬਰ ਸਹਿਯੋਗ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਲ 2014 ਤੋਂ ਗੁਰੂ ਸਾਹਿਬ ਦਾ ਅਪਮਾਨ ਹੋ ਰਿਹਾ ਹੈ। ਨਿਹੰਗ ਨਰਾਇਣ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨ ਦੀਆਂ ਕਿੰਨੀਆਂ ਘਟਨਾਵਾਂ ਸਾਹਮਣੇ ਆਈਆਂ ਪਰ ਪੁਲਿਸ ਨੇ ਸਹਿਯੋਗ ਨਹੀਂ ਕੀਤਾ। ਕਿਸੇ ਵੀ ਦੋਸ਼ੀ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਘਟਨਾ ਵਿੱਚ ਦੋਸ਼ੀ ਸ਼ਰੇਆਮ ਫੜ੍ਹਿਆ ਗਿਆ ਅਤੇ ਨਿਹੰਗ ਜਥੇਬੰਦੀਆਂ ਨੇ ਉਹੀ ਕੀਤਾ ਜੋ ਉਨ੍ਹਾਂ ਨੂੰ ਉਸ ਸਮੇਂ ਸਹੀ ਲੱਗਿਆ ਸੀ। ਅਜਿਹੀ ਸਥਿਤੀ ਵਿੱਚ ਮੈਂ ਸਰਬਜੀਤ ਦੇ ਬਰਾਬਰ ਦਾ ਦੋਸ਼ੀ ਹਾਂ।