The Khalas Tv Blog Punjab ਗਾਇਕ ਰਣਜੀਤ ਬਾਵਾ ਵੱਲੋਂ MP ਚਰਨਜੀਤ ਸਿੰਘ ਚੰਨੀ ਨੂੰ ਲੈ ਕੀਤੀ ਭਵਿੱਖਬਾਣੀ ਬਣੀ ਚਰਚਾ ਦਾ ਵਿਸ਼ਾ
Punjab

ਗਾਇਕ ਰਣਜੀਤ ਬਾਵਾ ਵੱਲੋਂ MP ਚਰਨਜੀਤ ਸਿੰਘ ਚੰਨੀ ਨੂੰ ਲੈ ਕੀਤੀ ਭਵਿੱਖਬਾਣੀ ਬਣੀ ਚਰਚਾ ਦਾ ਵਿਸ਼ਾ

ਪੰਜਾਬੀ ਗਾਇਕ ਰਣਜੀਤ ਬਾਵਾ ਇਨ੍ਹਾਂ ਦਿਨੀਂ ਆਪਣੀ ਇੱਕ ਰਾਜਨੀਤਿਕ ਭਵਿੱਖਬਾਣੀ ਕਾਰਨ ਸੁਰਖੀਆਂ ਵਿੱਚ ਹਨ। 4 ਦਸੰਬਰ 2025 ਨੂੰ ਮੋਰਿੰਡਾ (ਰੋਪੜ) ਵਿੱਚ ਇੱਕ ਵਿਆਹ ਸਮਾਰੋਹ ਵਿੱਚ ਰਣਜੀਤ ਬਾਵਾ ਪ੍ਰੋਗਰਾਮ ਕਰਨ ਪਹੁੰਚੇ ਸਨ। ਉਥੇ ਮਹਿਮਾਨ ਵਜੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਕਾਂਗਰਸੀ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵੀ ਮੌਜੂਦ ਸਨ।

ਜਦੋਂ ਚੰਨੀ ਸਟੇਜ ਵੱਲ ਆਏ ਤਾਂ ਰਣਜੀਤ ਬਾਵਾ ਨੇ ਉਨ੍ਹਾਂ ਨੂੰ ਸਟੇਜ ’ਤੇ ਸੱਦਿਆ ਅਤੇ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ। ਬਾਵਾ ਨੇ ਕਿਹਾ, “ਚੰਨੀ ਸਾਹਿਬ, ਤੁਹਾਨੂੰ ਲੋਕਾਂ ਵੱਲੋਂ ਇੰਨਾ ਬੇਹਿਸਾਬ ਪਿਆਰ ਤੇ ਸਤਿਕਾਰ ਮਿਲਿਆ ਹੈ ਜੋ ਬਹੁਤ ਘੱਟ ਲੋਕਾਂ ਨੂੰ ਮਿਲਦਾ ਹੈ। ਪਰਮਾਤਮਾ ਤੁਹਾਡੀ ਵਾਰੀ ਦੁਬਾਰਾ ਜ਼ਰੂਰ ਦੇਵੇਗਾ… ਇਹ ਵਾਰੀ ਆਵੇਗੀ।” ਇਹ “ਵਾਰੀ ਦੁਬਾਰਾ ਆਵੇਗੀ” ਵਾਲੇ ਬੋਲ ਨੂੰ ਸਿੱਧਾ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਤੇ ਚਰਨਜੀਤ ਚੰਨੀ ਦੇ ਮੁੜ ਮੁੱਖ ਮੰਤਰੀ ਬਣਨ ਦੀ ਭਵਿੱਖਬਾਣੀ ਵਜੋਂ ਦੇਖਿਆ ਜਾ ਰਿਹਾ ਹੈ।

ਇਸ ਤੋਂ ਬਾਅਦ ਚੰਨੀ ਨੇ ਰਣਜੀਤ ਬਾਵਾ ਦੇ ਗੀਤਾਂ ’ਤੇ ਸਟੇਜ ’ਤੇ ਭੰਗੜਾ ਪਾਇਆ। ਰਣਜੀਤ ਬਾਵਾ ਨੇ ਚੰਨੀ ਨੂੰ ਗਲੇ ਲਾਇਆ ਤੇ ਦੋਵੇਂ ਇੱਕਠੇ ਨੱਚਦੇ ਨਜ਼ਰ ਆਏ। ਵਿਆਹ ਵਾਲੇ ਪਰਿਵਾਰ ਨੇ ਚੰਨੀ ’ਤੇ ਨੋਟਾਂ ਦੀ ਵਰਖਾ ਕੀਤੀ। ਰਣਜੀਤ ਬਾਵਾ ਨੇ ਇਸ ਪੂਰੇ ਪਲ ਦਾ ਵੀਡੀਓ ਆਪਣੇ ਸੋਸ਼ਲ ਮੀਡੀਆ ’ਤੇ ਪੋਸਟ ਕੀਤਾ, ਜੋ ਹੁਣ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਚੰਨੀ ਦੀ ਮੀਡੀਆ ਟੀਮ ਵੀ ਇਸ ਵੀਡੀਓ ਨੂੰ ਜ਼ੋਰ-ਸ਼ੋਰ ਨਾਲ ਪ੍ਰਮੋਟ ਕਰ ਰਹੀ ਹੈ। ਰਣਜੀਤ ਬਾਵਾ ਦੇ ਪ੍ਰਸ਼ੰਸਕਾਂ ਨੇ ਕਮੈਂਟਾਂ ਵਿੱਚ “ਚੰਨੀ ਸਾਹਿਬ ਫਿਰ ਮੁੱਖ ਮੰਤਰੀ ਬਣਨੇ ਚਾਹੀਦੇ” ਵਰਗੀਆਂ ਮੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।

ਦਿਲਚਸਪ ਗੱਲ ਇਹ ਹੈ ਕਿ ਅੱਠ ਮਹੀਨੇ ਪਹਿਲਾਂ ਰਣਜੀਤ ਬਾਵਾ ਨੂੰ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਸਟੇਜ ’ਤੇ ਨੱਚਦਿਆਂ ਦੇਖਿਆ ਗਿਆ ਸੀ। ਹੁਣ ਚੰਨੀ ਨਾਲ ਉਨ੍ਹਾਂ ਦਾ ਇਹ ਨਜ਼ਾਰਾ ਰਾਜਨੀਤਿਕ ਗਲਿਆਰਿਆਂ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਕਈ ਲੋਕ ਇਸ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਚੰਨੀ ਦੀ ਵਾਪਸੀ ਦਾ ਸੰਕੇਤ ਮੰਨ ਰਹੇ ਹਨ।

 

 

 

Exit mobile version