The Khalas Tv Blog Punjab ਸ਼ੋਅ ਤੋਂ ਪਹਿਲਾਂ ਜੈਸਮੀਨ ਸੈਂਡਲਸ ਨੂੰ ਲੈਕੇ ਆਈ ਵੱਡੀ ਖਬਰ !
Punjab

ਸ਼ੋਅ ਤੋਂ ਪਹਿਲਾਂ ਜੈਸਮੀਨ ਸੈਂਡਲਸ ਨੂੰ ਲੈਕੇ ਆਈ ਵੱਡੀ ਖਬਰ !

ਬਿਉਰੋ ਰਿਪੋਰਟ : ਮਸ਼ਹੂਰ ਪੰਜਾਬੀ ਗਾਇਕਾ ਜੈਸਮੀਨ ਸੈਂਡਲਸ ਨੂੰ ਜਾਨੋ ਮਾਰਨ ਦੀ ਧਮਕੀ ਮਿਲੀ ਹੈ । ਜਿਵੇ ਹੀ ਉਹ ਦਿੱਲੀ ਏਅਰਪੋਰਟ ‘ਤੇ ਉਤਰੀ ਉਨ੍ਹਾਂ ਨੂੰ ਲਾਰੈਂਸ ਬਿਸ਼ਨੋਈ ਗੈਂਗ ਦੇ ਕਿਸੇ ਮੈਂਬਰ ਦਾ ਧਮਕੀ ਭਰਿਆ ਫੋਨ ਆਇਆ । ਹੁਣ ਤੱਕ ਇਹ ਨਹੀਂ ਪਤਾ ਚੱਲਿਆ ਕਿ ਗੈਂਗ ਦੇ ਮੈਂਬਰ ਨੇ ਉਨ੍ਹਾਂ ਨੂੰ ਕੀ ਕਿਹਾ ਹੈ । ਪਰ ਜੈਸਮੀਨ ਵੱਲੋਂ ਦਿੱਲੀ ਪੁਲਿਸ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਸਪੈਸ਼ਲ ਸੈੱਲ ਨੇ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਹੈ। ਦਿੱਲੀ ਦੇ ਨਹਿਰੂ ਸਟੇਡੀਅਮ ਵਿੱਚ ਜੈਸਮੀਨ ਦਾ ਸ਼ੋਅ ਹੈ ਉੱਥੇ ਵੀ ਸੁਰੱਖਿਆ ਵਧਾਈ ਗਈ ਹੈ ਅਤੇ 5 ਸਟਾਰ ਹੋਟਲ ਜਿੱਥੇ ਜੈਸਮੀਨ ਰੁਕੀ ਹੈ ਉੱਥੇ ਵੀ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ। ਜੈਸਮੀਨ ਅਮਰੀਕਾ ਰਹਿੰਦੀ ਹੈ ਅਤੇ ਪੂਰੀ ਦੁਨੀਆ ਵਿੱਚ ਸ਼ੋਅ ਕਰਦੀ ਹੈ । ਪੰਜਾਬੀ ਗਾਇਕੀ ਵਿੱਚ ਜੈਸਮੀਨ ਸੈਂਡਲਸ ਦਾ ਵੱਡਾ ਨਾਂ ਹੈ।

ਹਨੀ ਸਿੰਘ ਨੂੰ ਵੀ ਮਿਲੀ ਸੀ ਧਮਕੀ

21 ਜੁਲਾਈ ਨੂੰ ਰੈਪਰ ਹਨੀ ਸਿੰਘ ਨੇ ਵੀ ਦਿੱਲੀ ਪੁਲਿਸ ਨੂੰ ਧਮਕੀ ਮਿਲਣ ਦੀ ਸ਼ਿਕਾਇਤ ਕੀਤੀ । ਜਿਸ ਤੋਂ ਬਾਅਦ ਪੁਲਿਸ ਨੇ ਹਨੀ ਸਿੰਘ ਦੀ ਸੁਰੱਖਿਆ ਵਧਾਈ ਸੀ । ਲਾਰੈਂਸ ਗੈਂਗ ਦਾ ਕੈਨੇਡਾ ਵਿੱਚ ਬੈਠਾ ਗੈਂਗਸਟਰ ਗੋਲਡੀ ਬਰਾੜ ਨੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ। ਇਹ ਧਮਕੀ ਵਾਇਸ ਮੈਸੇਜ ਦੇ ਜ਼ਰੀਏ ਭੇਜੀ ਗਈ ਹੈ । ਹਨੀ ਸਿੰਘ ਨੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਮਿਲਕੇ ਇਸ ਧਮਕੀ ਬਾਰੇ ਜਾਣਕਾਰੀ ਦਿੱਤੀ ਸੀ। ਹਨੀ ਨੇ ਕਿਹਾ ਸੀ ‘ਮੈਨੂੰ ਬਹੁਤ ਡਰ ਲੱਗ ਰਿਹਾ ਹੈ ਮੇਰਾ ਪਰਿਵਾਰ ਪੂਰੀ ਤਰ੍ਹਾਂ ਨਾਲ ਡਰਿਆ ਹੋਇਆ ਹੈ। ਮੈਂ ਪਹਿਲਾਂ ਕਦੇ ਇਨ੍ਹਾਂ ਨਹੀਂ ਡਰਿਆ ਹਾਂ ਮੈਨੂੰ ਸਿਰਫ਼ ਮੌਤ ਤੋਂ ਡਰ ਲੱਗ ਦਾ ਹੈ । ਮੈਨੂੰ ਹਮੇਸ਼ਾ ਲੋਕਾਂ ਦਾ ਪਿਆਰ ਮਿਲਿਆ ਹੈ’।

ਸਿੱਧੂ ਮੂਸੇਵਾਲਾ ਦੇ ਪਿਤਾ ਵੀ ਕੀਤਾ ਸੀ ਖੁਲਾਸਾ

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੀ ਖੁਲਾਸਾ ਕੀਤਾ ਸੀ ਕਿ ਪੰਜਾਬੀ ਮਿਉਜ਼ਿਕ ਸਨਅਤ ਗੈਂਗਸਟਰਾਂ ਦੇ ਕਬਜ਼ੇ ਵਿੱਚ ਹੈ । ਉਹ ਗਾਇਕਾਂ ਨੂੰ ਧਮਕੀ ਦਿੰਦੇ ਹਨ ਅਤੇ ਫਿਰ ਫ੍ਰੀ ਵਿੱਚ ਗਾਣੇ ਕਰਵਾਉਂਦੇ ਹਨ । ਉਨ੍ਹਾਂ ਨੇ ਕਿਹਾ ਸੀ ਕਿ ਸਿੱਧੂ ਉਨ੍ਹਾਂ ਦੀ ਧਮਕੀ ਵਿੱਚ ਨਹੀਂ ਆਇਆ ਤਾਂ ਲਾਰੈਂਸ ਅਤੇ ਗੋਲਡੀ ਨੇ ਉਸ ਨੂੰ ਮਾਰ ਦਿੱਤਾ । ਪਿਤਾ ਬਲਕੌਰ ਸਿੰਘ ਦੇ ਇਸ ਖੁਲਾਸੇ ਤੋਂ ਬਾਅਦ NIA ਨੇ ਵੀ ਕਈ ਗਾਇਕਾਂ ਤੋਂ ਪੁੱਛ-ਗਿੱਛ ਕੀਤੀ ਸੀ । ਬਠਿੰਡਾ ਪੁਲਿਸ ਨੇ ਮਨਕੀਰਤ ਔਲਖ ਅਤੇ ਬੱਬੂ ਮਾਨ ਨੂੰ ਵੀ ਇਸ ਮਾਮਲੇ ਪੁੱਛ-ਗਿੱਛ ਲਈ ਬੁਲਾਇਆ ਸੀ।

ਗੋਲਡੀ ਬਰਾੜ ਤੇ ਲਾਰੈਂਸ ਨੇ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਸੀ

ਕੈਨੇਡਾ ਵਿੱਚ ਬੈਠੇ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਦੀ ਚੰਗੀ ਦੋਸਤੀ ਹੈ, ਦੋਵੇ ਹੀ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮਾਸਟਰ ਮਾਇੰਡ ਸਨ । ਦੋਵਾਂ ਨੇ ਫੋਨ ਅਤੇ ਟੀਵੀ ਇੰਟਰਵਿਊ ਵਿੱਚ ਕਈ ਵਾਰ ਇਸ ਗੱਲ ਨੂੰ ਕਬੂਲਿਆ ਵੀ ਹੈ । ਪੰਜਾਬ ਪੁਲਿਸ ਦੀ ਚਾਰਜਸ਼ੀਟ ਵਿੱਚ ਵੀ ਦੋਵਾਂ ਦਾ ਨਾਂ ਹੈ । ਇਸ ਤੋਂ ਪਹਿਲਾਂ ਵੀ ਦੋਵੇ ਕਈ ਗਾਇਕਾਂ ਨੂੰ ਧਮਕੀ ਦੇ ਚੁੱਕੇ ਹਨ । ਇਸ ਤੋਂ ਇਲਾਵਾ ਕਈ ਸਨਅਤਕਾਰਾਂ ਅਤੇ ਹੋਟਲ ਮਾਲਿਕਾਂ ਨੂੰ ਧਮਕੀ ਦੇ ਕੇ ਪੈਸੇ ਇਕੱਠਾ ਕਰ ਚੁੱਕੇ ਹਨ । NIA ਵੀ ਗੋਲਡੀ ਅਤੇ ਲਾਰੈਂਸ ਬਿਸ਼ਨੋਈ ਦੀ ਜਾਂਚ ਕਰ ਰਹੀ ਹੈ,ਦੋਵਾਂ ਦੇ ਸਬੰਧ ਦਹਿਸ਼ਤਗਰਦੀ ਜਥੇਬੰਦੀਆਂ ਦੇ ਨਾਲ ਵੀ ਸਾਹਮਣੇ ਆ ਚੁੱਕੇ ਹਨ । ਗੋਲਡੀ ਅਤੇ ਲਾਰੈਂਸ ਦਾ ਦਬਦਬਾ ਜੇਲ੍ਹਾਂ ਵਿੱਚ ਵੀ ਕਾਫੀ ਹੈ,ਕੁਝ ਮਹੀਨੇ ਪਹਿਲਾਂ ਉਸ ਨੇ ਗੋਇੰਦਵਾਲ ਜੇਲ੍ਹ ਵਿੱਚ ਆਪਣੇ ਵਿਰੋਧੀ ਗੈਂਗ ਦੇ ਮੈਂਬਰਾਂ ਨੂੰ ਜੇਲ੍ਹ ਵਿੱਚ ਮਰਵਾ ਦਿੱਤਾ ਸੀ। ਜਦਕਿ ਦਿੱਲੀ ਵਿੱਚ ਏਸ਼ੀਆ ਦੀ ਸਭ ਤੋਂ ਵੱਡੀ ਤਿਹਾੜ ਜੇਲ੍ਹ ਵਿੱਚ ਵੀ ਖੂਨੀ ਜੰਗ ਹੋਈ ਸੀ ਜਿਸ ਵਿੱਚ ਲਾਰੈਂਸ ਅਤੇ ਉਸ ਦੇ ਵਿਰੋਧੀ ਗੈਂਗ ਦੇ ਮੈਂਬਰਾਂ ਦਾ ਕਤਲ ਹੋਇਆ ਸੀ ।

Exit mobile version