ਖਾਲਸ ਬਿਊਰੋ:ਪੰਜਾਬ ਦੇ ਸੰਗਰੂਰ ਹਲਕੇ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਆਪਣੇ ਦਿੱਤੇ ਗਏ ਬਿਆਨ ਕਰਕੇ ਵਿਵਾਦਾਂ ਵਿੱਚ ਘਿਰ ਗਏ ਹਨ।ਉਹਨਾਂ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਸ਼ਹੀਦ ਭਗਤ ਸਿੰਘ ਇੱਕ ਅੱਤਵਾਦੀ ਹੈ ਕਿਉਂਕਿ ਉਸ ਨੇ ਨਿਰਦੋਸ਼ ਲੋਕਾਂ ਨੂੰ ਮਾਰਿਆ ਸੀ ਤੇ ਅਸੈਂਬਲੀ ਵਿੱਚ ਬੰਬ ਸੁੱਟਿਆ ਸੀ।ਇਸ ਤੋਂ ਇਲਾਵਾ ਉਹਨਾਂ ਇਹ ਵੀ ਕਿਹਾ ਸੀ ਕਿ ਹਰਿਆਣੇ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਹਨਾਂ ਨੇ ਇੱਕ ਪੰਜਾਬੀ ਲਾਲੇ ਨੂੰ ਸੂਬੇ ਦਾ ਮੁੱਖ ਮੰਤਰੀ ਬਣਾ ਦਿੱਤਾ ਹੈ।ਇਸ ਬਿਆਨ ਤੇ ਕਾਫੀ ਤਿੱਖੇ ਪ੍ਰਤੀਕਰਮ ਸਾਹਮਣੇ ਆ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ-ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਵੱਲੋਂ ਭਗਤ ਸਿੰਘ ਨੂੰ ਅੱਤਵਾਦੀ ਦੱਸਣ ਦੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਸਖਤ ਨਿਖੇਧੀ ਕੀਤੀ ਹੈ। ਇੱਕ ਪ੍ਰੈੱਸ ਕਾਨਫਰੰਸ ਦੌਰਾਨ ਵੜਿੰਗ ਨੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਤੇ ਕਿਹਾ ਕਿ ਮਾਨ ਵੱਲੋਂ ਅਜਿਹਾ ਬਿਆਨ ਆਉਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿਉਂਕਿ ਉਹ ਗਿਆਨੀ ਅਰੂੜ ਸਿੰਘ ਦਾ ਪੋਤਾ ਹੈ, ਜਿਸ ਨੇ ਜਲ੍ਹਿਆਂਵਾਲਾ ਬਾਗ ਦੇ ਕਾਤਲ ਜਨਰਲ ਮਾਈਕਲ ਓਡਵਾਇਰ ਨੂੰ ਸਿਰੋਪਾਓ ਭੇਟ ਕੀਤਾ ਸੀ। ਮਾਨ ਨੇ ਨਾ ਸਿਰਫ ਭਗਤ ਸਿੰਘ ਨੂੰ ਅੱਤਵਾਦੀ ਕਿਹਾ ਹੈ ਸਗੋਂ ਆਪਣੇ ਬਿਆਨ ਨੂੰ ਜਾਇਜ਼ ਠਹਿਰਾਇਆ ਹੈ । ਉਹ ਸ਼ਾਇਦ ਇਹ ਸਮਝ ਨਹੀਂ ਪਾ ਰਹੇ ਕਿ ਉਹ ਕਹਿ ਕੀ ਰਹੇ ਹਨ ਜਾਂ ਉਹ ਵਿਵਾਦਪੂਰਨ ਬਿਆਨ ਦੇ ਕੇ ਦੋ ਮਿੰਟ ਦਾ ਪ੍ਰਚਾਰ ਚਾਹੁੰਦੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਨੇ ਵੀ ਮਾਨ ਦੇ ਬਿਆਨ ਨੂੰ ਮੰਦਭਾਗਾ ਦੱਸਿਆ ਹੈ।ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਦੀ ਇਹ ਬਿਆਨ ਪਹਿਲੀ ਵਾਰ ਨਹੀਂ ਆਇਆ ਹੈ,ਉਹਨਾਂ ਪਹਿਲਾਂ ਵੀ ਇਹ ਗੱਲ ਕਈ ਜਗਾ ਦੁਹਰਾਈ ਹੈ।ਸਾਰੇ ਭਾਰਤ ਦੇ ਲੋਕਾਂ ਨੂੰ ਭਗਤ ਸਿੰਘ ‘ਤੇ ਮਾਣ ਹੈ।ਜੇਕਰ ਕੋਈ ਬਾਹਰਲਾ ਦੇਸ਼ ਇਸ ਤਰਾਂ ਦੀ ਗੱਲ ਕਰੇ ਤਾਂ ਮੰਨਿਆ ਜਾ ਸਕਦਾ ਹੈ ਪਰ ਕੋਈ ਆਪਣੇ ਦੇਸ਼ ਦਾ ਬੰਦਾ ਇਹ ਗੱਲ ਕਰੇ ਤਾਂ ਦੁੱਖ ਦੀ ਗੱਲ ਹੈ।
ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਵੀ ਸਿਮਰਨਜੀਤ ਸਿੰਘ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਤੇ ਹਰਿਆਣਾ ਵਾਲਿਆਂ ਨੂੰ ਪੰਜਾਬੀ ਮੁੱਖ ਮੰਤਰੀ ਬਣਾਏ ਜਾਣ ‘ਤੇ ਸ਼ਰਮ ਕਰਨ ਦੇ ਬਿਆਨ ਦੇਣ ‘ਤੇ ਰੋਸ ਜ਼ਾਹਿਰ ਕੀਤਾ ਹੈ।ਉਹਨਾਂ ਮਾਨ ਨੂੰ ਬੇਨਤੀ ਕੀਤੀ ਹੈ ਕਿ ਇਹ ਪੰਜਾਬੀ ਵੀ ਸਾਡੇ ਭਰਾ ਹਨ।ਅਸੀਂ ਤਾਂ ਬਿਹਾਰ ਤੋਂ ਆਏ ਪ੍ਰਵਾਸੀਆਂ ਨੂੰ ਵੀ ਗਲੇ ਲਗਾਈਦਾ ਹੈ।ਸਾਡੇ ਗੁਰੂਆਂ ਨੇ ਹਮੇਸ਼ਾ ਏਕੇ ਦਾ ਸੰਦੇਸ਼ ਦਿੱਤਾ ਹੈ।ਇੱਕ ਅੰਮ੍ਰਿਤਧਾਰੀ ਸਿੱਖ ਹੋਣ ਦੇ ਨਾਤੇ ਮਾਨ ਸਾਹਿਬ ਨੂੰ ਅਜਿਹੇ ਸ਼ਬਦਾਂ ਦੀ ਵਰਤੋਂ ਸ਼ੋਭਾ ਨਹੀਂ ਦਿੰਦੀ।
ਪੰਜਾਬ ਦੇ ਕੈਬਨਿਟ ਮੰਤਰੀ ਮੀਤ ਹੇਅਰ ਨੇ ਵੀ ਇੱਕ ਟਵੀਟ ਕਰ ਕੇ ਮਾਨ ਦੇ ਇਸ ਬਿਆਨ ਦੀ ਨਿੰਦਾ ਕੀਤੀ ਹੈ।ਉਹਨਾਂ ਲਿਖਿਆ ਹੈ ਕਿ ਸ਼ਹੀਦ -ਏ-ਆਜ਼ਮ ਸਰਦਾਰ ਭਗਤ ਸਿੰਘ ਸਾਡੇ ਨੌਜਵਾਨਾਂ ਦੇ ਰੋਲ ਮਾਡਲ ਹਨ । ਉਹਨਾਂ ਦੀ ਕੁਰਬਾਨੀ ਬੇਮਿਸਾਲ ਹੈ । ਸਾਨੂੰ ਸਭ ਨੂੰ ਉਹਨਾਂ ‘ਤੇ ਫ਼ਖਰ ਹੈ। ਸ਼ਹੀਦ ਭਗਤ ਸਿੰਘ ਨੂੰ ਦਹਿਸ਼ਤਗਰਦ ਕਹਿਣਾ ਸ਼ਰਮਨਾਕ ਅਤੇ ਕਰੋੜਾਂ ਭਾਰਤੀਆਂ ‘ਤੇ ਪੰਜਾਬੀਆਂ ਦੀਆਂ ਭਾਵਨਾਂਵਾਂ ਨੂੰ ਸੱਟ ਮਾਰਨਾ ਹੈ ।
ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਇਸ ਬਿਆਨ ਤੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ ।ਉਹਨਾਂ ਟਵੀਟ ਕੀਤਾ ਹੈ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਪੰਜਾਬ ਦੇ ਹਰ ਨੌਜਵਾਨ ਦੇ ਆਦਰਸ਼ ਹਨ। ਅਸੀਂ ਸਾਰੇ ਆਪਣੀਆਂ ਕਿਤਾਬਾਂ ਵਿੱਚ ਉਸਦੀ ਫੋਟੋ ਰੱਖ ਕੇ ਅਤੇ ਉਸਦੇ ਪੋਸਟਰ ਆਪਣੇ ਕਮਰਿਆਂ ਵਿੱਚ ਲਗਾ ਕੇ ਵੱਡੇ ਹੋਏ ਹਾਂ। ਸਰਕਾਰੀ ਦਫਤਰ ਵਿੱਚ ਸ਼ਹੀਦ ਭਗਤ ਸਿੰਘ ਜੀ ਦੀ ਫੋਟੋ ਦੇਖ ਕੇ ਹਰ ਪੰਜਾਬੀ ਮਾਣ ਮਹਿਸੂਸ ਕਰਦਾ ਹੈ। ਉਹ ਸਿਮਰਜੀਤ ਸਿੰਘ ਮਾਨ ਜੀ ਦੇ ਬਿਆਨ ਅਤੇ ਮਾਨਸਿਕਤਾ ਤੋਂ ਹੈਰਾਨ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਾਂ ਮਾਨ ਦੀ ਬੋਲਾਂ ਦੀ ਤੁਲਨਾ ਇੰਦਰਾਂ ਗਾਂਧੀ ਨਾਲ ਕੀਤੀ ਹੈ।ਆਪਣੇ ਟਵੀਟ ਵਿੱਚ ਸੁਖਬੀਰ ਸਿੰਘ ਬਾਦਲ ਨੇ ਹੈਰਾਨੀ ਪ੍ਰਗਟ ਕੀਤੀ ਹੈ ਕਿ ਸਿਮਰਨਜੀਤ ਸਿੰਘ ਮਾਨ ਇੰਦਰਾ ਗਾਂਧੀ ਦੀ ਭਾਸ਼ਾ ਬੋਲ ਰਿਹਾ ਹੈ,ਜਿਸ ਨੇ ਸਾਡੇ ਨਾਇਕਾਂ ਨੂੰ ਅੱਤਵਾਦੀ ਕਹਿ ਕੇ ਸਿੱਖਾਂ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ।
ਆਪਣੇ ਅਗਲੇ ਟਵੀਟ ਵਿੱਚ ਬਾਦਲ ਨੇ ਸਿਮਰਨਜੀਤ ਸਿੰਘ ਮਾਨ ‘ਤੇ ਇਲਜ਼ਾਮ ਲਗਾਇਆ ਕਿ ਉਹਨਾਂ ਪੰਜਾਬੀਆਂ ਦੇ ਸਵੈਮਾਣ ਨੂੰ ਢਾਹ ਲਾਉਣ ਅਤੇ ਦੁਨੀਆ ਭਰ ਵਿੱਚ ਸਿੱਖਾਂ ਦੇ ਅਕਸ ਨੂੰ ਨੀਵਾਂ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਹਰ ਸਿੱਖ, ਹਰ ਪੰਜਾਬੀ ਅਤੇ ਹਰ ਭਾਰਤੀ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ‘ਤੇ ਮਾਣ ਮਹਿਸੂਸ ਕਰਦਾ ਹੈ। ਹਰ ਸਿੱਖ ਉਸ ਨੂੰ ਆਜ਼ਾਦੀ ਦੀ ਲੜਾਈ ਵਿਚ ਸਾਡੇ ਕੌਮ ਦੇ ਬੇਮਿਸਾਲ ਯੋਗਦਾਨ ਦਾ ਪ੍ਰਤੀਕ ਮੰਨਦਾ ਹੈ।
ਭਾਜਪਾ ਆਗੂ ਹਰਜੀਤ ਗਰੇਵਾਲ ਨੇ ਵੀ ਮਾਨ ਦੇ ਇਸ ਬਿਆਨ ਤੇ ਦੁੱਖ ਪ੍ਰਗਟ ਕੀਤਾ ਹੈ ਤੇ ਕਿਹਾ ਹੈ ਕਿ ਇਸ ਤਰਾਂ ਦੇ ਬਿਆਨ ਦੇਸ਼ ਨੂੰ ਤੋੜਨ ਦੀ ਕੋਸ਼ਿਸ਼ ਹਨ।ਮਾਨ ਨੂੰ ਆਪਣੇ ਇਸ ਬਿਆਨ ‘ਤੇ ਮੁਆਫੀ ਮੰਗਣੀ ਚਾਹਿਦੀ ਹੈ।