ਛੱਤੀਸਗੜ੍ਹ ਵਿੱਚ ਮਾਓਵਾਦੀਆਂ ਦੇ ਹਮਲੇ ਦੌਰਾਨ ਜ਼ਖਮੀ ਸਿੱਖ ਨੌਜਵਾਨ ਨੇ ਕੀਤੀ ਮਿਸਾਲ ਕਾਇਮ
‘ਦ ਖ਼ਾਲਸ ਟੀਵੀ (ਜਗਜੀਵਨ ਮੀਤ):- ਆਪਣੇ ਜ਼ਖਮਾਂ ਨੂੰ ਸਹਿ ਕੇ ਦੂਜਿਆਂ ਦੀਆਂ ਤਕਲੀਫਾਂ ਨੂੰ ਘੱਟ ਕਰਨ ਦੀਆਂ ਕੋਸ਼ਿਸਾਂ ਵਿਰਲਿਆਂ ਦੇ ਹਿੱਸੇ ਆਉਂਦੀਆਂ ਹਨ। ਇੱਕ ਸਿੱਖ ਜਵਾਨ ਨੇ ਛੱਤੀਸਗੜ੍ਹ ਵਿੱਚ ਸ਼ਨੀਵਾਰ ਨੂੰ ਵਾਪਰੇ ਮਾਓਵਾਦੀਆਂ ਦੇ ਹਮਲੇ ਵਿੱਚ ਜੋ ਕਰਕੇ ਦਿਖਾਇਆ ਹੈ, ਉਸ ਨਾਲ ਇੱਕ ਵਾਰ ਫਿਰ ਪੱਗਾਂ ਦਾ ਮਾਣ ਦੁੱਗਣਾ ਹੋਇਆ ਹੈ। ਜਾਣਕਾਰੀ ਅਨੁਸਾਰ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਦੇ ਬਸਤਰ ਕਬਾਇਲੀ ਖੇਤਰ ਵਿੱਚ ਸ਼ਨੀਵਾਰ ਨੂੰ ਮਾਓਵਾਦੀਆਂ ਵੱਲੋਂ ਕੀਤੇ ਹਮਲੇ ਵਿੱਚ ਖੁੱਦ ਨੂੰ ਗੋਲੀ ਲੱਗਣ ਦੇ ਬਾਵਜੂਦ ਇੱਕ ਸਿੱਖ ਜਵਾਨ ਨੇ ਆਪਣੇ ਜ਼ਖ਼ਮੀ ਸਾਥੀ ਦੇ ਜ਼ਖਮਾਂ ‘ਤੇ ਆਪਣੀ ਪੱਗ ਲਾਹ ਕੇ ਬੰਨ੍ਹ ਦਿੱਤੀ।
ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ, ਇਹ ਜਾਣਕਾਰੀ ਸੋਮਵਾਰ ਨੂੰ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਿੱਤੀ ਹੈ। ਇਸ ਜਵਾਨ ਦਾ ਨਾਂ ਬਲਰਾਜ ਸਿੰਘ ਹੈ ਅਤੇ ਉਹ ਸੀਆਰਪੀਐੱਫ਼ ਦੀ ਕਮਾਂਡੋ ਬਟਾਲੀਅਨ ਵਿੱਚ ਤੈਨਾਤ ਹੈ। ਗੋਲੀ ਲੱਗਣ ਕਾਰਨ ਜ਼ਖਮੀ ਹੋਇਆ ਇਹ ਜਵਾਨ ਹਸਪਤਾਲ ਵਿੱਚ ਜ਼ੇਰੇ ਇਲਾਜ਼ ਹੈ। ਖੁਦ ਬਚਾਉਣ ਦੀ ਜੱਦੋਜਹਿਦ ਵਿੱਚ ਸਾਥੀ ਜਵਾਨ ਦੀ ਪੀੜ ਨੂੰ ਪੱਗ ਨਾਲ ਹੱਲ ਕਰਨ ਵਾਲੇ ਇਸ ਜਵਾਨ ਨੇ ਹਰ ਤਰ੍ਹਾਂ ਦੇ ਹਾਲਾਤ ਵਿੱਚ ਹੌਸਲਾ ਬਰਕਰਾਰ ਰੱਖਣ ਦੀ ਮਿਸਾਲ ਪੇਸ਼ ਕੀਤੀ ਹੈ।
ਖਾਲੀ ਹੋ ਗਿਆ ਸੀ ਫਸਟ ਏਡ ਬਾਕਸ
ਮੀਡੀਆ ਰਿਪੋਰਟਾਂ ਅਨੁਸਾਰ ਬਲਰਾਜ ਸਿੰਘ ਨੇ ਦੱਸਿਆ ਹੈ ਕਿ ਜਦੋਂ ਮਾਓਵਾਦੀ ਨੇ ਹਮਲਾ ਕੀਤਾ ਤਾਂ ਉਸਦੇ ਸਾਥੀਆਂ ਨੇ ਵੀ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਇਸ ਫਾਇਰਿੰਗ ਵਿੱਚ ਉਸਦਾ ਸਾਥੀ ਸਬ ਇੰਸਪੈਕਟਰ ਅਭਿਸ਼ੇਕ ਪਾਂਡੇ ਗੰਭੀਰ ਜ਼ਖ਼ਮੀ ਹੋ ਗਿਆ।
ਬਲਰਾਜ ਸਿੰਘ ਨੇ ਦੱਸਿਆ ਕਿ ਉਸਦਾ ਸਾਥੀ ਉਸਦੇ ਸੱਜੇ ਪਾਸੇ ਸੀ ਅਤੇ ਉਸ ਦੀ ਲੱਤ ਵਿਚੋਂ ਬਹੁਤ ਖੂਨ ਵਹਿ ਰਿਹਾ ਸੀ। ਫਸਟ ਏਡ ਬਾਕਸ ਦੇਖਿਆ ਤਾਂ ਉਹ ਖਾਲੀ ਹੋ ਚੁੱਕਾ ਸੀ। ਜਦੋਂ ਕੋਈ ਰਾਹ ਨਾ ਅਹੁੱੜਿਆ ਤਾਂ ਉਸਨੇ ਪੱਟੀ ਦੀ ਥਾਂ ਆਪਣੀ ਪੱਗ ਲਾਹ ਕੇ ਸਾਥੀ ਜਵਾਨ ਦੇ ਫੱਟਾਂ ਉੱਤੇ ਬੰਨ੍ਹ ਦਿੱਤੀ। ਇਸ ਤੋਂ ਬਾਅਦ ਉਹ ਫਿਰ ਤੋਂ ਜਵਾਬੀ ਕਾਰਵਾਈ ਲਈ ਤਿਆਰ ਹੋ ਗਿਆ। 1988 ਬੈਚ ਦੇ ਆਈਪੀਐੱਸ ਅਧਿਕਾਰੀ ਆਰ.ਕੇ. ਵਿੱਜ ਨੇ ਬਲਰਾਜ ਸਿੰਘ ਦੇ ਜਜ਼ਬੇ ਦੀ ਸ਼ਲਾਘਾ ਕੀਤੀ ਹੈ। ਜਾਣਕਾਰੀ ਅਨੁਸਾਰ ਸਿੱਖ ਜਵਾਨ ਅਤੇ ਉਸ ਦਾ ਸਾਥੀ ਖਤਰੇ ਤੋਂ ਬਾਹਰ ਹਨ।