The Khalas Tv Blog India ਹਵਾਈ ਅੱਡਿਆਂ ‘ਤੇ ਕੰਮ ਕਰਦੇ ਸਿੱਖ ਕਰਮਚਾਰੀਆਂ ਨੂੰ ਡਿਉਟੀ ‘ਤੇ ਕਿਰਪਾਨ ਪਹਿਨਣ ‘ਤੇ ਰੋਕ
India Punjab

ਹਵਾਈ ਅੱਡਿਆਂ ‘ਤੇ ਕੰਮ ਕਰਦੇ ਸਿੱਖ ਕਰਮਚਾਰੀਆਂ ਨੂੰ ਡਿਉਟੀ ‘ਤੇ ਕਿਰਪਾਨ ਪਹਿਨਣ ‘ਤੇ ਰੋਕ

ਬਿਉਰੋ ਰਿਪੋਰਟ – ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਤੇ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਸਿੱਖ ਯਾਤਰੀਆਂ ਤੇ ਕਰਮਚਾਰੀਆਂ ਉੱਤੇ ਲਗਾਈ ਕਿਰਪਾਨ ਪਹਿਨਣ ਤੇ ਲਾਈ ਪਾਬੰਦੀ ਨੂੰ ਹਟਾਉਣ ਦੀ ਮੰਗ ਕੀਤੀ ਹੈ। ਦੋਵੇਂ ਸੰਸਥਾਵਾਂ ਨੇ ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਪਰਸਨ ਇਕਬਾਲ ਸਿੰਘ ਲਾਲਪੁਰਾ, ਅਤੇ ਭਾਰਤ ਸਰਕਾਰ ਦੇ ਸਿਵਲ ਏਵੀਏਸ਼ਨ ਮੰਤਰੀ ਸ਼੍ਰੀ ਰਾਮਮੋਹਨ ਨਾਇਡੂ ਨੂੰ ਪੱਤਰ ਲਿਖਿਆ ਹੈ। ਇਹ ਸੰਗਠਨ ਸਿਵਲ ਏਵੀਏਸ਼ਨ ਸੁਰੱਖਿਆ ਬਿਊਰੋ (ਬੀ.ਸੀ.ਏ.ਐਸ) ਦੇ ਹਾਲ ਹੀ ਵਿੱਚ ਜਾਰੀ ਕੀਤੇ ਗਏ ਦਿਸ਼ਾਂ ਨਿਰਦੇਸ਼ ਵਿਚ ਸੁਧਾਰ ਦੀ ਮੰਗ ਕਰ ਰਹੇ ਹਨ, ਜਿਸ ਵਿੱਚ ਹਵਾਈ ਅੱਡਿਆਂ ‘ਤੇ ਕੰਮ ਕਰ ਰਹੇ ਸਿੱਖ ਕਰਮਚਾਰੀਆਂ ਨੂੰ ਡਿਉਟੀ ‘ਤੇ ਕਿਰਪਾਨ ਪਹਿਨਣ ਤੋਂ ਰੋਕਿਆ ਗਿਆ ਹੈ।

ਇਸ ਸਬੰਧੀ ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਅਤੇ ਓਵਰਸੀਜ਼ ਸਕੱਤਰ ਤੇ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਬਿਊਰੋ ਵਲੋਂ ਜਾਰੀ 30 ਅਕਤੂਬਰ, 2024 ਦੇ ਆਦੇਸ਼ ਮੁਤਾਬਕ ਸਿੱਖ ਯਾਤਰੀਆਂ ਨੂੰ ਛੇ ਇੰਚ ਤੱਕ ਦੇ ਬਲੇਡ ਵਾਲੀਆਂ ਕਿਰਪਾਨਾਂ ਨਾਲ ਘਰੇਲੂ ਉਡਾਨਾਂ ‘ਤੇ ਜਾਣ ਦੀ ਆਗਿਆ ਹੈ, ਪਰ ਇਸ ਨੋਟੀਫੀਕੇਸ਼ਨ ‘ਚ ਇਹ ਵੀ ਲਿਖ ਦਿੱਤਾ ਗਿਆ ਹੈ ਕਿ ਸਿੱਖ ਕਰਮਚਾਰੀਆਂ ਨੂੰ ਡਿਊਟੀ ਦੌਰਾਨ ਕਿਰਪਾਨ ਪਹਿਨਣ ਤੋਂ ਸਪੱਸ਼ਟ ਤੌਰ ‘ਤੇ ਰੋਕ ਹੈ। ਇਸ ਪਾਬੰਦੀ ਨਾਲ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ‘ਤੇ ਅੰਮ੍ਰਿਤਧਾਰੀ ਸਿੱਖ ਕਰਮਚਾਰੀਆਂ ਨੂੰ ਸੁਰੱਖਿਆ ਜਾਂਚ ਤੋਂ ਬਾਅਦ ਟਰਮੀਨਲ ਖੇਤਰ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ, ਜਿਸ ਨਾਲ ਉਹਨਾਂ ਵੱਲੋਂ ਡਿਉਟੀ ਦੌਰਾਨ ਜਿੰਮੇਵਾਰੀਆਂ ਪੂਰੀਆਂ ਕਰਨ ਵਿੱਚ ਰੁਕਾਵਟ ਆ ਰਹੀ ਹੈ। ਮੰਚ ਨੇ ਇਸ ਪਾਬੰਦੀ ਵਾਲੀ ਲਾਈਨ ਨੂੰ ਹਟਾਉਣ ਅਤੇ ਸਿੱਖ ਕਰਮਚਾਰੀਆਂ ਨੂੰ ਡਿਊਟੀ ਦੌਰਾਨ ਕਿਰਪਾਨ ਪਹਿਨਣ ਦੀ ਸਪੱਸ਼ਟ ਤੌਰ ‘ਤੇ ਆਗਿਆ ਦੇਣ ਲਈ ਜ਼ੋਰ ਦਿੱਤਾ ਹੈ।

ਗੁਮਟਾਲਾ ਨੇ ਕਿਹਾ ਕਿ “ਯੂਕੇ ਅਤੇ ਕੈਨੇਡਾ ਵਰਗੇ ਦੇਸ਼ਾਂ ਵਿੱਚ ਹਵਾਈ ਅੱਡੇ ਤੇ ਡਿਉਟੀ ਕਰਦੇ ਸਿੱਖ ਕਰਮਚਾਰੀਆਂ ਨੂੰ ਸੁਰੱਖਿਅਤ ਖੇਤਰਾਂ ਵਿੱਚ ਕਿਰਪਾਨ ਪਹਿਨਣ ਦੀ ਆਗਿਆ ਹੈ। ਸਿੱਖਾਂ ਦੀ ਸਭ ਤੋਂ ਵੱਧ ਵਸੋਂ ਵਾਲੇ ਮੁਲਕ ਭਾਰਤ ‘ਚ ਵੀ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਹਿਨਣ ਲਈ ਮੌਜੂਦਾ ਨੀਤੀਆਂ ‘ਚ ਸੋਧ ਕਰਨ ਤੇ ਵਿਚਾਰ ਕਰਨ ਦੀ ਲੋੜ ਹੈ।”

ਆਪਣੇ ਪੱਤਰ ਵਿੱਚ, ਗੁਮਟਾਲਾ ਅਤੇ ਅਣਖੀ ਨੇ ਇਹ ਵੀ ਉਲੇਖ ਕੀਤਾ ਕਿ ਅੰਤਰਰਾਸ਼ਟਰੀ ਉਡਾਨਾਂ ਲਈ ਸੁਰੱਖਿਆ ਜਾਂਚ ਦੌਰਾਨ ਸਿੱਖ ਯਾਤਰੀਆਂ ਨੂੰ ਗਲ ਵਿਚ ਪਾਈਆਂ ਸਿਰਫ ਇੱਕ ਇੰਚ ਵਾਲੀ ਛੋਟੀ ਕਿਰਪਾਨ, ਖੰਡਾ ਅਤੇ ਕੰਗੇ ਵਰਗੀਆਂ ਧਾਰਮਿਕ ਵਸਤਾਂ ਉਤਾਰਣ ਲਈ ਕਿਹਾ ਜਾ ਰਿਹਾ ਹੈ। ਅਮਰੀਕਾ, ਕੈਨੇਡਾ ਅਤੇ ਨੀਦਰਲੈਂਡ ਵਰਗੇ ਵਿਦੇਸ਼ੀ ਹਵਾਈ ਅੱਡਿਆਂ ਤੋਂ ਭਾਰਤ ਆ ਰਹੇ ਸਿੱਖ ਯਾਤਰੀਆਂ ਨੂੰ ਇਹ ਚਿੰਨ੍ਹ ਪਹਿਨਣ ਵਿੱਚ ਕੋਈ ਸਮੱਸਿਆ ਨਹੀਂ ਆਉਂਦੀ, ਪਰ ਵਾਪਸੀ ਵੇਲੇ ਭਾਰਤੀ ਹਵਾਈ ਅੱਡਿਆਂ, ਜਿਵੇਂ ਕਿ ਅੰਮ੍ਰਿਤਸਰ ਅਤੇ ਦਿੱਲੀ ‘ਤੇ, ਉਹਨਾਂ ਨੂੰ ਇਹ ਚਿੰਨ੍ਹ ਉਤਾਰਣ ਲਈ ਮਜ਼ਬੂਰ ਕੀਤਾ ਜਾਂਦਾ ਹੈ।

ਇਹਨਾਂ ਆਗੂਆਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸਿੱਖ ਯਾਤਰੀਆਂ ਅਤੇ ਕਰਮਚਾਰੀਆਂ ਦੇ ਧਾਰਮਿਕ ਅਧਿਕਾਰਾਂ ਦੀ ਰੱਖਿਆ ਕਰਨ ਲਈ ਸਹਿਯੋਗ ਦਿੰਦਿਆਂ ਭਾਰਤ ਸਰਕਾਰ ਅੱਗੇ ਇਹ ਮੁੱਦਾ ਉਠਾਉਣ ਵਿਚ ਅਪਣਾ ਯੋਗਦਾਨ ਪਾਉਣ।

ਇਸ ਤੋਂ ਇਲਾਵਾ ਮੰਚ ਨੇ ਹਵਾਬਾਜ਼ੀ ਮੰਤਰੀ ਨਾਇਡੂ ਨੂੰ ਇਸ ਵਿਚ ਦਖਲ ਦੇਣ ਦੀ ਅਪੀਲ ਕੀਤੀ ਹੈ, ਕਿਉਂਕਿ ਬੀਸੀਏਐਸ ਦਾ ਮਹਿਕਮਾ ਸਿਵਲ ਏਵੀਏਸ਼ਨ ਮੰਤਰਾਲੇ ਅਧੀਨ ਕੰਮ ਕਰਦਾ ਹੈ। ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਸਿੱਖ ਧਾਰਮਿਕ ਚਿੰਨ੍ਹਾਂ ਨੂੰ ਸੰਭਾਲਣ ਵਿੱਚ ਇਕਸਾਰਤਾ ਨੂੰ ਯਕੀਨੀ ਬਣਾਉਣ ਲਈ ਇਹਨਾਂ ਨੀਤੀਆਂ ਦੀ ਸਮੀਖਿਆ ਕਰਨ। ਮੰਚ ਨੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਪਰਸਨ ਸ. ਲਾਲਪੁਰਾ ਜੀ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਕਿਰਪਾਨ ਦੀ ਮਹੱਤਤਾ ਬਾਰੇ ਮਹਿਕਮੇ ਨਾਲ ਗੱਲਬਾਤ ਕਰਕੇ ਇਸ ਸੰਬੰਧੀ ਦਿਸ਼ਾ ਨਿਰਦੇਸ਼ਾਂ ਵਿੱਚ ਸੋਧ ਕਰਾਉਣ।

ਇਹ ਵੀ ਪੜ੍ਹੋ –  ਸੁਪਰੀਮ ਕੋਰਟ ਦਾ ਇਤਿਹਾਸਕ ਫੈਸਲਾ, ਸਰਕਾਰ ਹਰ ਨਿੱਜੀ ਜਾਇਦਾਦ ‘ਤੇ ਕਬਜ਼ਾ ਨਹੀਂ ਕਰ ਸਕਦੀ

 

Exit mobile version