‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਵਿੱਚ ਅੱਜ ਪੂਰੇ ਐਕਟਿਵ ਦਿਸੇ। ਉਨ੍ਹਾਂ ਨੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਕੇਂਦਰੀ ਮੰਤਰੀਆਂ ਦੇ ਨਾਲ ਮੀਟਿੰਗ ਕੀਤੀ। ਉਨ੍ਹਾਂ ਦੀ ਕਾਂਗਰਸੀ ਸੁਪਰੀਮੋ ਸੋਨੀਆ ਗਾਂਧੀ ਨਾਲ ਵੀ ਮੀਟਿੰਗ ਤੈਅ ਹੈ। ਦੂਜੇ ਪਾਸੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਚੰਡੀਗੜ੍ਹ ਵਿੱਚ ਸਰਗਰਮ ਦਿਸੇ। ਉਨ੍ਹਾਂ ਨੇ ਪੱਛੜੀਆਂ ਸ਼੍ਰੇਣੀਆਂ ਦੇ ਨੇਤਾਵਾਂ ਨਾਲ ਮੀਟਿੰਗ ਕੀਤੀ ਅਤੇ ਪਾਰਟੀ ਦੇ ਕਈ ਮੰਤਰੀਆਂ ਅਤੇ ਵਿਧਾਇਕਾਂ ਨੂੰ ਵੀ ਮਿਲੇ।
ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਨਿਤਨ ਗਡਕਰੀ ਨਾਲ ਮਿਲ ਕੇ ਪੰਜਾਬ ਵਿੱਚ ਜ਼ਮੀਨ ਐਕੁਆਇਰ ਕਰਨ ਲਈ ਕਿਸਾਨਾਂ ਨੂੰ ਵੱਧ ਰੇਟ ਦੇਣ ਦਾ ਮਸਲਾ ਉਠਾਇਆ। ਕੇਂਦਰੀ ਗ੍ਰਹਿ ਮੰਤਰੀ ਨਾਲ ਉਨ੍ਹਾਂ ਨੇ ਸਰਹੱਦੀ ਸੂਬੇ ਪੰਜਾਬ ਦੇਅਮਨ-ਕਾਨੂੰਨ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ। ਕਾਂਗਰਸ ਸੁਪਰੀਮੋ ਸੋਨੀਆ ਗਾਂਧੀ ਨਾਲ ਮਿਲ ਕੇ ਪੰਜਾਬ ਵਜ਼ਾਰਤ ਵਿੱਚ ਰੱਦੋਬਦਲ ਬਾਰੇ ਵਿਚਾਰ ਕਰਨਗੇ। ਸਮਝਿਆ ਜਾ ਰਿਹਾ ਹੈ ਕਿ ਪੰਜਾਬ ਵਜ਼ਾਰਤ ਵਿੱਚ ਫੇਰਬਦਲ ਪਾਰਟੀ ਦੇ ਏਜੰਡੇ ‘ਤੇ ਹੈ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਮੰਤਰੀ ਮੰਡਲ ਵਿੱਚ ਸ਼ਾਮਿਲ ਕੁੱਝ ਮੰਤਰੀਆਂ ਹੱਥੋਂ ਝੰਡੀ ਵਾਲੀ ਕਾਰ ਜਾ ਸਕਦੀ ਹੈ ਜਦਕਿ ਹੋਰਾਂ ਦੇ ਵਿਭਾਗ ਵੀ ਬਦਲੇ ਜਾ ਸਕਦੇ ਹਨ। ਅਸਲ ਗੱਲ ਤਾਂ ਉਦੋਂ ਹੀ ਸਾਹਮਣੇ ਆਵੇਗੀ ਜਦੋਂ ਕੈਪਟਨ ਸੰਭਾਵਿਤ ਮੰਤਰੀਆਂ ਦੀ ਸੂਚੀ ਦਿੱਲੀ ਤੋਂ ਲੈ ਕੇ ਆਉਣਗੇ।
ਦੂਜੇ ਪਾਸੇ ਸਿੱਧੂ ਨੇ ਪੰਜਾਬ ਕਾਂਗਰਸ ਭਵਨ (ਚੰਡੀਗੜ੍ਹ) ਵਿਖੇ ਕਾਰਜਕਾਰੀ ਪ੍ਰਧਾਨ ਸੰਗਤ ਸਿੰਘ ਗਿਲਜ਼ੀਆਂ ਅਤੇ ਪੰਜਾਬ ਕਾਂਗਰਸ ਦੇ ਪੱਛੜੀਆਂ ਸ਼੍ਰੇਣੀਆਂ ਦੇ ਲੀਡਰਾਂ ਨਾਲ ਮੁਲਾਕਾਤ ਕੀਤੀ। ਇਸ ਵਿਚਾਰ ਚਰਚਾ ਅਤੇ ਸਲਾਹ-ਮਸ਼ਵਰੇ ਦੌਰਾਨ ਜ਼ਮੀਨੀ ਪੱਧਰ ਉੱਪਰ ਭਾਈਚਾਰੇ ਦਰਪੇਸ਼ ਹਰ ਸਮੱਸਿਆ ਅਤੇ ਪੰਜਾਬ ਦੇ ਪੱਛੜੀਆਂ ਜਾਤੀਆਂ ਭਾਈਚਾਰੇ ਦੇ ਵਿਕਾਸ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਗੰਭੀਰਤਾ ਨਾਲ ਸਮਝਿਆ ਗਿਆ। ਕੁੱਝ ਆਗੂਆਂ ਨੇ ਪੰਜਾਬ ਸਰਕਾਰ ਵਿੱਚ ਪੱਛੜੀਆਂ ਜਾਤਾਂ ਦੀ ਨੁਮਾਇੰਦਗੀ ਦੀ ਘਾਟ ਦਾ ਮੁੱਦਾ ਉਠਾਇਆ। ਇਸ ਤੋਂ ਇਲਾਵਾ ਬਹੁਤ ਸਾਰੇ ਆਗੂਆਂ ਨੇ ਰਾਖਵੇਂਕਰਨ ਅਤੇ ਮਜ਼ਦੂਰ ਭਲਾਈ ਨਾਲ ਸੰਬੰਧਤ ਮਸਲਿਆਂ ਉੱਤੇ ਵੀ ਜ਼ੋਰ ਦਿੱਤਾ।